ਫਿਰੋਜ਼ਪੁਰ : ਮੰਗਲਵਾਰ ਸਵੇਰੇ 11 ਵਜੇ ਜਨਤਾ ਪ੍ਰੀਤ ਨਗਰ ਤੋਂ ਲਾਪਤਾ ਪੰਜ ਸਾਲਾ ਬੱਚੇ ਦੀ ਲਾਸ਼ ਦੇਰ ਸ਼ਾਮ ਨਾਲ ਦੀ ਗਲੀ 'ਚ ਖੜੀ ਕਾਰ 'ਚੋਂ ਬਰਾਮਦ ਹੋਣ ਨਾਲ ਚੁਫੇਰੇ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਤੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਤਲ ਦੀ ਵਾਰਦਾਤ ਹੈ ਜਾਂ ਦਰਦਨਾਕ ਹਾਦਸਾ। ਪੁਲਿਸ ਅਧਿਕਾਰੀ ਮੁਤਾਬਿਕ ਇਸ ਸਬੰਧੀ ਤਾਂ ਪੋਸਟਮਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ।ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਉਰਫ ਨਿਕੋ ਆਪਣੇ 5 ਸਾਲ ਬੱਚੇ ਸਮਰ ਨੂੰ ਲੈ ਕੇ ਪਿੰਡ ਗਿੱਲ ਤੋਂ ਆਪਣੀ ਵੱਡੀ ਭੈਣ ਗੀਤਾ ਦੇ ਘਰ ਆਈ ਸੀ। ਸਵੇਰੇ ਉਹ ਆਪਣੇ ਬੱਚੇ ਨੂੰ ਤੂੜੀ ਬਾਜ਼ਾਰ ਸਥਿਤ ਐੱਸਡੀ ਸਕੂਲ ਵਿਚ ਛੱਡ ਕੇ ਆਪਣੇ ਕੰਮ 'ਤੇ ਚਲੀ ਗਈ।
ਸੰਬੰਧਿਤ ਖ਼ਬਰਾਂ
ਦੁਪਹਿਰ 11 ਵਜੇ ਸਕੂਲ ਵਿਚੋਂ ਆਪਣੇ ਲੜਕੇ ਨੂੰ ਘਰ ਲੈ ਕੇ ਆਈ। ਗਰਮੀ ਕਰਕੇ ਬੱਚੇ ਲਈ ਪਾਣੀ ਲੈਣ ਲਈ ਅੰਦਰ ਗਈ ਤਾਂ ਇਸ ਦੌਰਾਨ ਸਮਰ ਘਰ ਦੇ ਬਾਹਰ ਗਲੀ ਵਿਚ ਚਲਾ ਗਿਆ। ਜਦੋਂ ਪਾਣੀ ਲੈ ਕੇ ਬਾਹਰ ਆਈ ਤਾਂ ਬੱਚਾ ਗਲੀ ਵਿਚੋਂ ਗਾਇਬ ਸੀ। ਅਚਾਨਕ ਬੱਚੇ ਦੇ ਗਾਇਬ ਹੋਣ 'ਤੇ ਉਸ ਨੇ ਰੌਲਾ ਪਾਇਆ ਤਾਂ ਆਸ ਪਾਸ ਲੋਕ ਇਕੱਠੇ ਹੋ ਗਏ ਤੇ ਬੱਚੇ ਨੂੰ ਲੱਭਣ ਲਈ ਭੱਜ ਦੌੜ ਕਰਨ ਲੱਗੇ। ਇਸ ਦੌਰਾਨ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਸ਼ਾਮ ਕਰੀਬ ਸੱਤ ਵਜੇ ਨਾਲ ਦੀ ਗਲੀ ਤੋਂ ਇਕ ਔਰਤ ਗੀਤਾ ਦੇ ਘਰ ਪਹੁੰਚੀ ਤੇ ਉਸ ਨੇ ਦੱਸਿਆ ਕਿ ਉਸ ਦਾ ਲੜਕਾ ਸਮਰ ਉਨ੍ਹਾਂ ਦੀ ਕਾਰ ਦੀ ਡਿੱਕੀ ਵਿਚ ਪਿਆ ਹੈ। ਬੱਚੇ ਦੀ ਸੂਚਨਾ ਮਿਲਣ ਦੇ ਬਾਅਦ ਮਾਪੇ ਮੌਕੇ ' ਤੇ ਪਹੁੰਚੇ ਅਤੇ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਣ ਦਿੱਤਾ।



