ਜਲੰਧਰ : ਦਿੱਲੀ ਦੀ ਇਕ ਸਿਆਸੀ ਧਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤਕ ਸਜਾਏ ਜਾ ਰਹੇ ਨਗਰ ਕੀਰਤਨ ਪ੍ਰਤੀ ਪੰਥ ਤੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਵਿਚ ਦੁਵਿਧਾ ਪੈਦਾ ਕਰ ਰਹੀ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਗੋਲਕ ਦੀ ਚੋਰੀ ਦੇ ਦੋਸ਼ਾਂ ਕਾਰਨ ਸੰਗਤ ਨੇ ਕਮੇਟੀ ਤੋਂ ਹਟਾਇਆ ਹੈ ਪਰ ਹੁਣ ਇਹ ਆਪਣੇ ਕੱਟੜ ਵਿਰੋਧੀ ਨਾਲ ਗਲਵੱਕੜੀ ਪਾ ਕੇ ਪੰਥ ਨੂੰ ਗੁੰਮਰਾਹ ਕਰ ਰਹੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਚੁਣੀ ਹੋਈ ਸੰਵਿਧਾਨਕ ਸੰਸਥਾ ਹੈ, ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤਕ ਸਜਾ ਰਹੀ ਹੈ ਪਰ ਕੁਝ ਸਿਆਸੀ ਲੋਕ ਵੱਖਰਾ ਨਗਰ ਕੀਰਤਨ ਸਜਾ ਕੇ ਸਿੱਖ ਕੌਮ ਤੇ ਸੰਗਤ ਵਿਚ ਦੁਵਿਧਾ ਪੈਦਾ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਨੇ ਸਰਕਾਰ ਕੋਲੋਂ ਨਗਰ ਕੀਰਤਨ ਦੀ ਮਨਜ਼ੂਰੀ ਲਈ ਹੋਈ ਹੈ, ਜਦੋਂਕਿ ਉਨ੍ਹਾਂ ਕੋਲ ਸਿਰਫ਼ ਪਾਕਿਸਤਾਨ ਵਿਚਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੱਦਾ ਪੱਤਰ ਹੈ। ਨਗਰ ਕੀਰਤਨ ਕੱਢਣਾ ਸਿਆਸੀ ਪਾਰਟੀਆਂ ਦਾ ਕੰਮ ਨਹੀਂ ਬਲਕਿ ਪਰੋਟੋਕੋਲ ਅਨੁਸਾਰ ਚੁਣੀਆਂ ਹੋਈਆਂ ਧਾਰਮਿਕ ਸੰਸਥਾਵਾਂ ਹੀ ਇਹ ਕੰਮ ਕਰ ਸਕਦੀਆਂ ਹਨ।ਅਸਲੀਅਤ ਇਹ ਹੈ ਕਿ ਡੀਐੱਸਜੀਪੀਸੀ ਵੱਲੋਂ ਨਗਰ ਕੀਰਤਨ ਦੀ ਮਨਜ਼ੂਰੀ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਦੇ ਚੀਫ਼ ਸਕੱਤਰ ਨੂੰ ਅਰਜ਼ੀ ਦਿੱਤੀ ਗਈ ਸੀ, ਜਿਸ 'ਤੇ ਮਨਜ਼ੂਰੀ ਮਿਲ ਚੁੱਕੀ ਹੈ। ਸਿਰਸਾ ਨੇ ਕਿਹਾ ਕਿ ਡੀਐੱਸਜੀਪੀਸੀ ਵੱਲੋਂ ਨਗਰ ਕੀਰਤਨ ਹੁਣ 28 ਅਕਤੂਬਰ ਦੀ ਥਾਂ 13 ਅਕਤੂਬਰ ਨੂੰ ਸਜਾਇਆ ਜਾਵੇਗਾ। ਇਹ ਨਗਰ ਕੀਰਤਨ 13 ਅਕਤੂਬਰ ਨੂੰ ਦਿੱਲੀ ਤੋਂ ਚੱਲ ਕੇ ਕਰਨਾਲ ਰੁਹੰਦੇ ਹੋਏ 14 ਨੂੰ ਫ਼ਤਹਿਗੜ੍ਹ ਸਾਹਿਬ ਰਾਤ ਦਾ ਠਹਿਰਾਅ ਕਰੇਗਾ, 15 ਨੂੰ ਸੁਲਤਾਨਪੁਰ ਲੋਧੀ, 16 ਨੂੰ ਦਰਬਾਰ ਸਾਹਿਬ ਅੰਮਿ੍ਤਸਰ ਅਤੇ 17 ਨੂੰ ਵਾਹਗਾ ਬਾਰਡਰ ਰਾਹੀਂ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ।
ਸੰਬੰਧਿਤ ਖ਼ਬਰਾਂ
ਇਸ ਦੌਰਾਨ ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਡੀਐੱਸਜੀਪੀਸੀ ਵੱਲੋਂ ਕਰਵਾਏ ਜਾ ਰਹੇ ਪ੍ਰਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।ਸਿਰਸਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਬਾਗ ਲਾਉਣ ਲਈ ਕੇਂਦਰ ਸਰਕਾਰ ਵੱਲੋਂ ਜ਼ਮੀਨ ਮੰਗੀ ਹੈ, ਜਿਸ ਤਹਿਤ 12-13 ਏਕੜ ਜ਼ਮੀਨ ਮਿਲਣ ਦੀ ਆਸ ਹੈ, ਜਿਸ 'ਚ ਲੱਖਾਂ ਦੀ ਗਿਣਤੀ 'ਚ ਬੂਟੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਡੀਐੱਸਜੀਪੀਸੀ ਵੱਲੋਂ ਚਲਾਈਆਂ ਜਾਂਦੀਆਂ ਵਿੱਦਿਅਕ ਸੰਸਥਾਵਾਂ ਵਿਚ ਹਰੇਤ ਵਿਦਿਆਰਥੀ ਲਈ 10 ਬੂਟੇ ਲਾਉਣੇ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਕਮੇਟੀ ਵੱਲੋਂ ਮੈਟਰੋ ਲਾਈਨ ਦੇ ਨਾਲ-ਨਾਲ ਗਰੀਨ ਬੈਲਟ ਬਣਾਉਣ ਲਈ ਸਰਕਾਰ ਕੋਲੋਂ ਮਨਜ਼ੂਰੀ ਮੰਗੀ ਗਈ ਹੈ। ਜੇਕਰ ਇਹ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਡੀਐੱਸਜੀਪੀਸੀ ਮੈਟਰੋ ਲਾਈਨ ਦੇ ਆਲੇ-ਦੁਆਲੇ ਬੂਟੇ ਲਾ ਕੇ ਹਰਿਆਲੀ ਕਾਇਮ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ ਡੀਐੱਸਜੀਪੀਸੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਚੰਡੋਕ, ਧਰਮ ਪ੍ਰਚਾਰ ਕਮੇਟੀ ਡੀਐੱਸਜੀਪੀਸੀ ਦੇ ਕਨਵੀਨਰ ਜਤਿੰਦਰ ਪਾਲ ਸਿੰਘ ਗੋਲਡੀ, ਰਵਿੰਦਰ ਸਿੰਘ, ਇਕਬਾਲ ਸਿੰਘ ਢੀਂਡਸਾ ਤੇ ਹੋਰ ਹਾਜ਼ਰ ਸਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਦੰਗਿਆਂ ਦੇ ਕੇਸਾਂ 'ਚ ਸੁਲਤਾਨਪੁਰੀ ਦੇ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਰਿਵਿਊ ਪਟੀਸ਼ਨ ਸਵੀਕਾਰ ਕਰਨ 'ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਮਨਜ਼ੂਰ ਕੀਤੀ ਹੈ, ਜਿਸ ਵਿਚ ਇਹ ਮੰਗ ਕੀਤੀ ਗਈ ਸੀ ਕਿ 1984 'ਚ ਸੁਲਤਾਨਪੁਰੀ 'ਚ ਵਾਪਰੇ ਦੰਗਿਆਂ ਦੇ ਮੁਲਜ਼ਮਾਂ, ਜਿਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਸੀ, ਦੇ ਫੈਸਲੇ ਬਾਰੇ ਸੁਪਰੀਮ ਕੋਰਟ ਰਿਵਿਊ ਕਰੇ।






