ਕਪੂਰਥਲਾ : ਜ਼ਿਲੇ ਵਿਚ ਹਾੜੀ 2018-19 ਦੌਰਾਨ 1,10,000 ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਸੀ, ਜਿਸ ਤੋਂ 5,56,000 ਮੀਟ੍ਰਿਕ ਟਨ ਦੇ ਕਰੀਬ ਪੈਦਾਵਾਰ ਦੀ ਉਮੀਦ ਹੈ। ਇਹ ਜਾਣਕਾਰੀ ਸਥਾਨਕ ਯੋਜਨਾ ਭਵਨ ਵਿਖੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਜ਼ਿਲਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਨਾਂ ਖੇਤੀਬਾੜੀ ਅਤੇ ਹੋਰਨਾਂ ਸਬੰਧਤ ਵਿਭਾਗਾਂ ਜਿਵੇਂ ਕਿ ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਵਿਕਾਸ, ਬਾਗਬਾਨੀ, ਭੂਮੀ ਸੰਭਾਲ, ਸਹਿਕਾਰਤਾ, ਵਣ, ਜਲ ਨਿਕਾਸ ਆਦਿ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਉਨਾਂ ਜ਼ਿਲੇ ਵਿਚ ਫੁੱਲਾਂ, ਫਲ਼ਾਂ, ਸਬਜ਼ੀਆਂ ਅਤੇ ਮਸਾਲੇਦਾਰ ਫ਼ਸਲਾਂ ਅਧੀਨ ਰਕਬਾ ਵਧਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਨਾਂ ਦੇ ਮੰਡੀਕਰਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
ਸੰਬੰਧਿਤ ਖ਼ਬਰਾਂ
ਇਸ ਮੌਕੇ ਖੇਤੀਬਾੜੀ ਅਫ਼ਸਰ ਕਪੂਰਥਲਾ ਸ੍ਰੀ ਅਸ਼ਵਨੀ ਕੁਮਾਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲੇ ਵਿਚ 2018-19 ਦੌਰਾਨ ਤੇਲ ਬੀਜਾਂ ਅਧੀਨ 700 ਹੈਕਟੇਅਰ, ਮਟਰਾਂ ਅਧੀਨ 300 ਹੈਕਟੇਅਰ, ਦਾਲਾਂ ਅਧੀਨ 50 ਹੈਕਟੇਅਰ, ਛੋਲਿਆਂ ਅਧੀਨ 300 ਹੈਕਟੇਅਰ ਅਤੇ ਸੂਰਜਮੁਖੀ ਅਧੀਨ 50 ਹੈਕਟੇਅਰ ਰਕਬਾ ਲਿਆਂਦਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਜ਼ਿਲ੍ਰੇ ਵਿਚ ਖੇਤੀਬਾੜੀ ਵਿਭਾਗ ਵੱਲੋਂ ਜ਼ਿਮੀਂਦਾਰਾਂ ਨੂੰ ਮੂੰਗੀ ਦੀਆਂ 230 ਅਤੇ ਮਾਂਹ ਦੀਆ 100 ਮਿਨੀ ਕਿੱਟਾਂ ਵੰਡੀਆਂ ਗਈਆਂ ਹਨ। ਉਨਾਂ ਇਹ ਵੀ ਦੱਸਿਆ ਕਿ ਸਾਇਲ ਹੈਲਥ ਕਾਰਡ ਸਕੀਮ ਤਹਿਤ ਗ੍ਰਿਡ ਸਿਸਟਮ ਰਾਹੀਂ ਮਿੱਟੀ ਦੇ 26591 ਸੈਂਪਲ ਇਕੱਤਰ ਕੀਤੇ ਗਏ ਹਨ।
ਇਸੇ ਤਰਾਂ ਕੁਆਲਟੀ ਕੰਟਰੋਲ ਤਹਿਤ ਖਾਦਾਂ ਦੇ 113 ਅਤੇ ਦਵਾਈਆਂ ਦੇ 100 ਸੈਂਪਲ ਲਏ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਕੁਲਵਿੰਦਰ ਸਿੰਘ ਸੰਧੂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਪਰਦੀਪ ਕੁਮਾਰ ਗੋਇਲ, ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਬੀ. ਪੀ ਸਿੰਘ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਮਲਕੀਤ ਰਾਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਕਮੇਟੀ ਨਾਲ ਸਬੰਧਤ ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।






