ਬਨਵਾਲਾ ਅਨੂੰਕਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਦੁਆਰਾ ਚਲਾਈ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜ਼ਿਲਾ ਪੁਲਿਸ ਮੁੱਖੀ ਸ. ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲਾ ਪੁਲਿਸ ਵੱਲੋਂ ਅਲੱਗ ਅਲੱਗ ਟੀਮਾਂ ਬਣਾ ਕੇ ਲੋਕਾਂ ਨੂੰ ਅਤੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਪੁਲਿਸ ਦੇ ਨਸ਼ਾ ਵਿਰੋਧੀ ਚੇਤਨਾ ਯੂਨਿਟ ਦੇ ਇੰਚਾਰਜ ਏਐੱਸਆਈ ਗੁਰਾਦਿੱਤਾ ਸਿੰਘ ਵੱਲੋਂ ਸਰਕਾਰੀ ਹਾਈ ਸਕੂਲ ਬਨਵਾਲਾ ਅਨੂੰਕਾ ਵਿਖੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।
ਸੰਬੰਧਿਤ ਖ਼ਬਰਾਂ
ਜਿੱਥੇ ਉਨਾਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਨਸ਼ਿਆਂ ਕਾਰਨ ਹੀ ਆਪਣੇ ਘਰਾਂ ਵਿੱਚ ਲੜਾਈਆਂ, ਝਗੜੇ, ਚੋਰੀਆਂ ਆਦਿ ਹੁੰਦੀਆਂ ਹਨ। ਇੱਥੋਂ ਤੱਕ ਕਿ ਤਲਾਕ ਅਤੇ ਪਰਿਵਾਰ ਵੀ ਇਨਾਂ ਨਸ਼ਿਆਂ ਦੇ ਕਰਕੇ ਰੁਲ ਜਾਂਦੇ ਹਨ । ਸਾਨੂੰ ਕਿਸੇ ਵੀ ਤਰਾਂ ਦਾ ਨਸ਼ਾ ਨਹੀਂ ਕਰਨਾ ਚਾਹੀਦਾ। ਏਐੱਸਆਈ ਕਾਸਮ ਅਲੀ ਨੇ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਹਮੇਸ਼ਾ ਸਾਨੂੰ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ।
ਹੌਲਦਾਰ ਨੈਬ ਸਿੰਘ ਨੂਰੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਟ੍ਰੈਫਿਕ ਦੇ ਨਿਯਮਾਂ ਪ੍ਰਤੀ ਬੱਚਿਆਂ ਨੂੰ ਗਾ ਕੇ ਜਾਗਰੂਕ ਕੀਤਾ। ਪ੍ਰਿੰਸੀਪਲ ਮੈਡਮ ਮੰਜੂ ਬਾਂਸਲ ਨੇ ਆਈ ਹੋਈ ਪੁਲਿਸ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੱਚਿਆਂ ਨੂੰ ਸਮੇਂ ਸਮੇਂ ਤੇ ਇਹੋ ਜਿਹੇ ਸੈਮੀਨਾਰਾਂ ਦੀ ਜ਼ਰੂਰਤ ਪੈਂਦੀ ਹੈ, ਜਿਸ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਸਿਪਾਹੀ ਸਮਨਦੀਪ (ਮਾਈਕਲ) ਅਤੇ ਸਕੂਲ ਸਟਾਫ ਹਾਜਰ ਸੀ।






