ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਕਾਂਜਲੀ ਵੈੱਟਲੈਂਡ ਨੂੰ ਸੈਰ ਸਪਾਟੇ ਦੇ ਵਿਸ਼ਵ ਪੱਧਰੀ ਕੇਂਦਰ ਵਜੋਂ ਵਿਕਸਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਅੱਜ ਉਸ ਸਮੇਂ ਸ਼ੁਰੂਆਤ ਹੋ ਗਈ ਜਦੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਜ਼ਿਲਾ ਕਪੂਰਥਲਾ ਵਿਚ ਪੈਂਦੀ ਫਲੋਰ ਮਿਲ ਚੈਨਲ ਅਤੇ ਕਾਂਜਲੀ ਮਾਈਨਰ ਨੂੰ ਕੰਕਰੀਟ ਲਾਈਨਿੰਗ ਰਾਹੀਂ ਪੱਕਾ ਕਰਨ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕਰ ਦਿੱਤਾ। ਇਸ ਕੰਮ ਦੇ ਮੁਕੰਮਲ ਹੋਣ ਨਾਲ ਜਿਥੇ ਕਪੂਰਥਲਾ ਦੀ ਸੁੰਦਰਤਾ ਵਿਚ ਵਿਲੱਖਣ ਵਾਧਾ ਹੋਵੇਗਾ, ਉਥੇ ਇਸ ਇਲਾਕੇ ਦੀ ਕਰੀਬ 2200 ਏਕੜ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਵੀ ਪ੍ਰਦਾਨ ਹੋਵੇਗੀ, ਜਿਸ ਦਾ ਪਿੰਡ ਕਾਂਜਲੀ, ਨਵਾਂ ਪਿੰਡ, ਭੱਠੇ ਅਤੇ ਨੂਰਪੁਰ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ, ਜਿਹੜੇ ਕਿ ਪਿਛਲੇ 20 ਸਾਲਾਂ ਤੋਂ ਸਿੰਚਾਈ ਦੀ ਸਹੂਲਤ ਤੋਂ ਵਾਂਝੇ ਸਨ।
ਇਸ ਮੌਕੇ ਕਰਵਾਏ ਇਕ ਪ੍ਰਭਾਵਸ਼ਾਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਪੂਰਥਲਾ ਵਾਸੀਆਂ ਦਾ ਕਾਂਜਲੀ ਵੈੱਟਲੈਂਡ ਦੇ ਸੁੰਦਰੀਕਰਨ ਦਾ ਸੁਪਨਾ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ। ਉਨਾਂ ਕਿਹਾ ਕਿ ਫਲੋਰ ਮਿਲ ਚੈਨਲ ਦੇ ਖੱਬੇ ਪਾਸੇ ਸੁੰਦਰ ਸੈਰਗਾਹ ਬਣਾਉਣ ਲਈ ਸਰਵਿਸ ਰੋਡ 'ਤੇ ਇੰਟਰਲਾਕਿੰਗ ਟਾਈਲਾਂ ਲਗਾਉਣ, ਦੋਵੇਂ ਪਾਸੇ ਫੈਂਸਿੰਗ ਕਰਨ, ਸੁੰਦਰ ਫੁੱਲ-ਬੂਟੇ ਲਗਾਉਣ ਅਤੇ ਲਾਈਟਾਂ ਲਗਾਉਣ, ਘਰਾਟਾਂ ਦੀ ਮੁੜ ਬਹਾਲੀ ਅਤੇ ਨਵਾਂ ਹੈੱਡ ਰੈਗੂਲੇਟਰ ਬਣਾਉਣ ਦੀ ਤਜਵੀਜ਼ ਹੈ, ਜਿਸ ਦਾ ਪ੍ਰੋਜੈਕਟ ਸਰਕਾਰ ਨੂੰ ਭੇਜਿਆ ਹੋਇਆ ਹੈ। ਉਨਾਂ ਕਿਹਾ ਕਿ ਫੰਡ ਜਾਰੀ ਹੋਣ 'ਤੇ ਇਸੇ ਵਰੇ ਦੌਰਾਨ ਇਹ ਕਾਰਜ ਕਰਵਾਏ ਜਾਣਗੇ।
ਸੰਬੰਧਿਤ ਖ਼ਬਰਾਂ
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵੇਈਂ ਦੇ ਆਲੇ-ਦੁਆਲੇ ਸਾਈਕਲਿੰਗ ਟਰੈਕ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਕਪੂਰਥਲਾ, ਪੰਜਾਬ ਦਾ ਅਜਿਹਾ ਪਹਿਲਾ ਜ਼ਿਲਾ ਹੋਵੇਗਾ, ਜਿਥੇ ਘਰਾਟਾਂ ਦੀ ਮੁੜ ਸੁਰਜੀਤੀ ਹੋਣ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਤਹਿਤ ਪਹਿਲਾਂ ਹੀ ਕਾਂਜਲੀ ਦੇ ਨਾਲ ਲੱਗਦੇ ਜੰਗਲਾਤ ਰਕਬੇ ਨੂੰ 'ਬੋਟੈਨੀਕਲ ਗਾਰਡਨ' ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜੋ ਕਿ ਇਸ ਖੇਤਰ ਨੂੰ ਵਾਤਾਵਰਨ ਪੱਖੋਂ ਸਿਹਤਯਾਬ, ਹਰਿਆਲੀ ਭਰਪੂਰ ਅਤੇ ਸਾਫ਼-ਸੁਥਰਾ ਬਣਾਉਣ ਵੱਲ ਇਕ ਸ਼ਲਾਘਾਯੋਗ ਕਦਮ ਹੈ।
ਉਨਾਂ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਬਚਾਉਣਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਜਿਸ ਪਾਸੇ ਸਾਨੂੰ ਸਭਨਾਂ ਨੂੰ ਗੰਭੀਰਤਾ ਨਾਲ ਸੋਚਣਾ ਅਤੇ ਹੰਭਲਾ ਮਾਰਨਾ ਪਵੇਗਾ। ਇਸ ਮੌਕੇ ਜਲ ਸਰੋਤ ਵਿਭਾਗ ਦੇ ਐਕਸੀਅਨ ਸ. ਦਵਿੰਦਰ ਸਿੰਘ ਨੇ ਦੱਸਿਆ ਕਿ ਫਲੋਰ ਮਿਲ ਚੈਨਲ ਅਤੇ ਕਾਂਜਲੀ ਮਾਈਨਰ ਨੂੰ ਪੱਕਿਆਂ ਕਰਨ ਦਾ ਕੰਮ ਦੋ ਮਹੀਨੇ ਵਿਚ ਮੁਕੰਮਲ ਕਰ ਲਿਆ ਜਾਵੇਗਾ, ਜਿਸ ਉੱਤੇ 1.57 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸੇ ਤਰਾਂ ਕਾਂਜਲੀ ਵੈੱਟਲੈਂਡ ਦੀ ਸੁੰਦਰਤਾ 'ਤੇ 2.58 ਕਰੋੜ ਰੁਪਏ ਖ਼ਰਚ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਮੌਕੇ ਸਾਬਕਾ ਵਿਧਾਇਕਾ ਸ੍ਰੀਮਤੀ ਰਾਜਬੰਸ ਕੌਰ ਰਾਣਾ, ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਅਮ੍ਰਿਤਪਾਲ ਕੌਰ ਵਾਲੀਆ, ਉੱਪ ਪ੍ਰਧਾਨ ਸ. ਦਵਿੰਦਰ ਪਾਲ ਸਿੰਘ ਰੰਗਾ, ਸੇਵਾਮੁਕਤ ਚੀਫ ਇੰਜੀਨੀਅਰ ਸ. ਜੀ. ਐਸ. ਬੰਸਾਲ, ਦਿਹਾਤੀ ਪ੍ਰਧਾਨ ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਵਿਸ਼ਾਲ ਸੋਨੀ, ਸ੍ਰੀ ਮਨੋਜ ਭਸੀਨ, ਸ੍ਰੀ ਨਰਿੰਦਰ ਸਿੰਘ ਮਨਸੂ, ਕੈਪਟਨ ਬਲਜੀਤ ਸਿੰਘ ਬਾਜਵਾ, ਸ. ਤਰਲੋਚਨ ਸਿੰਘ ਧਿੰਜਣ, ਗੋਰਾ ਗਿੱਲ, ਸ੍ਰੀ ਸੁਰਿੰਦਰ ਨਾਥ ਮੜੀਆ, ਸ੍ਰੀ ਦੀਪਕ ਸਲਵਾਨ, ਸ੍ਰੀ ਸੁਰਿੰਦਰ ਨਾਥ ਸ਼ਰਮਾ, ਸ੍ਰੀ ਮਨੂ ਦੇਵ ਗੌਤਮ, ਸ. ਭਜਨ ਸਿੰਘ, ਸ੍ਰੀ ਗੁਰਮੁਖ ਸਿੰਘ ਢੋਡ, ਸ. ਲਹਿੰਬਰ ਸਿੰਘ, ਸ. ਸੁਰਜੀਤ ਸਿੰਘ ਕਾਂਜਲੀ, ਸ. ਹਰਬੰਸ ਸਿੰਘ ਕਾਂਜਲੀ, ਬਿੱਟੂ ਕਾਂਜਲੀ, ਨੰਬਰਦਾਰ ਸਮਿੱਤਰ ਸਿੰਘ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।






