ਕਪੂਰਥਲਾ : ਮਹਿਲਾਵਾਂ ਵਿਚ ਵੱਧ ਰਹੀ ਨਸ਼ਾਖੋਰੀ ਦੀ ਅਲਾਮਤ ਨੂੰ ਰੋਕਣ ਸਬੰਧੀ ਅੱਜ ਸਥਾਨਕ ਸਿਵਲ ਹਸਪਤਾਲ ਦੇ ਨਵਜੀਵਨ ਨਸ਼ਾ ਛੁਡਾਊ ਕੇਂਦਰ ਵਿਖੇ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਐਚ. ਆਈ. ਵੀ ਏਡਜ਼ ਅਲਾਇੰਸ ਇੰਡੀਆ ਤੇ ਗਲੋਬਲ ਫੰਡ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਵਰਕਸ਼ਾਪ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਨਸ਼ਾਖੋਰੀ ਸਮੁੱਚੇ ਵਿਸ਼ਵ ਲਈ ਇਕ ਚੁਨੌਤੀ ਦਾ ਮੁੱਦਾ ਬਣ ਚੁੱਕਾ ਹੈ ਅਤੇ ਖਾਸ ਕਰਕੇ ਮਹਿਲਾਵਾਂ ਦਾ ਇਸ ਦਲਦਲ ਵਿਚ ਧੱਸਣਾ ਬਹੁਤ ਹੀ ਚਿੰਤਾਜਨਕ ਹੈ। ਉਨਾਂ ਕਿਹਾ ਕਿ ਸਾਡਾ ਸਮਾਜਿਕ ਤਾਣਾ-ਬਾਣਾ ਵੀ ਮਹਿਲਾਵਾਂ ਨੂੰ ਇਸ ਨਰਕ ਵਿਚ ਧਕੇਲਣ ਲਈ ਜਿੰਮੇਵਾਰ ਹੈ, ਜਿਸ ਦਾ ਠੋਸ ਹੱਲ ਕੱਢਿਆ ਜਾਣਾ ਜ਼ਰੂਰੀ ਹੈ। ਉਨਾ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਇਸ ਸਮੱਸਿਆ ਦੇ ਹੱਲ ਲਈ ਸਾਰਥਕ ਸਿੱਧ ਹੋ ਸਕਦੀਆਂ ਹਨ।
ਸੰਬੰਧਿਤ ਖ਼ਬਰਾਂ
ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਨਸ਼ਾਖੋਰੀ ਦੀ ਲਤ ਦਾ ਸ਼ਿਕਾਰ ਮਹਿਲਾਵਾਂ ਵਿਚ ਐਚ. ਆਈ. ਵੀ, ਹੈਪੇਟਾਈਟਸ ਸੀ, ਟੀ. ਬੀ ਅਤੇ ਹੋਰਨਾਂ ਭਿਆਨਕ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਉਨਾਂ ਦੱਸਿਆ ਕਿ ਸੈਕਸ ਵਰਕਰਸ ਅਤੇ ਡਿਪ੍ਰੈਸ਼ਨ ਦੀਆਂ ਸ਼ਿਕਾਰ ਮਹਿਲਾਵਾਂ ਅਕਸਰ ਡਰੱਗਸ ਦੇ ਸੇਵਨ ਵੱਲ ਚਲੇ ਜਾਂਦੀਆਂ ਹਨ, ਜੋ ਕਿ ਸਮਾਜਿਕ ਡਰ ਕਾਰਨ ਇਸ ਦਲਦਲ ਵਿਚੋਂ ਨਿਕਲਣ ਲਈ ਆਪਣਾ ਇਲਾਜ ਨਹੀਂ ਕਰਵਾਉਂਦੀਆਂ। ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਇਸ ਮੌਕੇ ਕਿਹਾ ਕਿ ਨਸ਼ਾ ਕਰਨ ਵਾਲੀਆਂ ਮਹਿਲਾਵਾਂ ਪ੍ਰਤੀ ਸਮਾਜ ਦੀ ਨਾਂਹ ਪੱਖੀ ਸੋਚ ਉਨਾਂ ਨੂੰ ਇਸ ਦਲਦਲ ਵਿਚੋਂ ਕੱਢਣ ਵਿਚ ਬਹੁਤ ਵੱਡੀ ਰੁਕਾਵਟ ਹੈ। ਉਨਾਂ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਨਸ਼ਾ ਲੈਣ ਵਾਲੀਆਂ ਮਹਿਲਾਵਾਂ ਵਿਚ ਡਰੱਗਸ ਲੈਣ ਦੇ ਕਾਰਨਾਂ, ਇਲਾਜ ਵਿਚ ਰੁਕਾਵਟਾਂ ਅਤੇ ਡਰੱਗਸ ਦੇ ਨੁਕਸਾਨਾਂ ਨੂੰ ਘੱਟ ਕਰਨਾ ਹੈ।
ਉਨਾਂ ਦੱਸਿਆ ਕਿ ਇਸ ਵਰਕਸ਼ਾਪ ਵਿਚ ਭਾਰਤ ਭਰ ਵਿੱਚੋਂ ਆਏ ਮਾਹਿਰਾਂ ਵੱਲੋਂ ਇਸ ਵਿਸ਼ੇ 'ਤੇ ਚਰਚਾ ਕੀਤੀ ਜਾਵੇਗੀ ਅਤੇ ਮਹਿਲਾਵਾਂ ਨੂੰ ਓਟ ਸੈਂਟਰਾਂ, ਓ. ਐਸ. ਟੀ ਸੈਂਟਰਾਂ, ਡਰੱਗ ਟ੍ਰੀਟਮੈਂਟ ਸੈਂਟਰਾਂ ਤੇ ਏ. ਆਰ. ਟੀ ਸੈਂਟਰਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਐਸ. ਐਮ. ਓ ਕਪੂਰਥਲਾ ਡਾ. ਰੀਟਾ ਬਾਲਾ, ਡੀ. ਐਮ. ਸੀ ਡਾ. ਸਾਰਿਕਾ ਦੁੱਗਲ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਸ੍ਰੀ ਕੁਨਾਲ ਕਿਸ਼ੋਰ ਦੀ ਅਗਵਾਈ ਵਾਲੀ ਅਲਾਇੰਸ ਇੰਡੀਆ ਦੀ ਟੀਮ ਹਾਜ਼ਰ ਸੀ।






