ਕਪੂਰਥਲਾ (ਇੰਦਰਜੀਤ ਸਿੰਘ) : ਭਾਰਤ ਵਿਚ ਨਸ਼ਾ ਕਰਨ ਵਾਲੀਆਂ ਔਰਤਾਂ ਸਬੰਧੀ ‘ਅਲਾਇੰਸ ਇੰਡੀਆ’ ਵੱਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮੀ ਵਰਕਸ਼ਾਪ ਦੇ ਅੱਜ ਦੂਜੇ ਦਿਨ ਨਸ਼ਾ ਗ੍ਰਸਤ ਔਰਤਾਂ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਅਤੇ ਨਸ਼ੇ ਦੀ ਦਲਦਲ ਵਿਚੋਂ ਬਾਹਰ ਆ ਚੁੱਕੀਆਂ ਜਾਂ ਬਾਹਰ ਆ ਰਹੀਆਂ ਮਹਿਲਾਵਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਤਾਂ ਜੋ ਅਜਿਹੀਆਂ ਹੋਰਨਾਂ ਔਰਤਾਂ ਵਾਸਤੇ ਹੋਰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਦੌਰਾਨ ਨਸ਼ਿਆਂ ਦਾ ਸ਼ਿਕਾਰ ਮਹਿਲਾਵਾਂ ਵਿਚ ਐਚ. ਆਈ. ਵੀ, ਹੈਪੇਟਾਈਟਸ ਅਤੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਾਸਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਅੱਜ ਇਸ ਵਰਕਸ਼ਾਪ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨਾਂ ਕਿਹਾ ਕਿ ਮਹਿਲਾਵਾਂ ਦਾ ਨਸ਼ੇ ਦਾ ਸ਼ਿਕਾਰ ਹੋਣਾ ਬਹੁਤ ਹੀ ਗੰਭੀਰ ਸਮੱਸਿਆ ਹੈ ਅਤੇ ਇਸ ’ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਨਸ਼ੇ ਦੀਆਂ ਸ਼ਿਕਾਰ ਔਰਤਾਂ ਦੇ ਸਿਹਤ ਹੱਕਾਂ ਅਤੇ ਸਮਾਜਿਕ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖ ਕੇ ਉਨਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇਗੀ।
ਸੰਬੰਧਿਤ ਖ਼ਬਰਾਂ
ਉਨਾਂ ਕਿਹਾ ਕਿ ਇਸ ਸਬੰਧੀ ਉਹ ਆਪਣੇ ਸਟਾਫ ਦੀ ਦੋ-ਤਿੰਨ ਮਰੀਜ਼ ਲੈ ਕੇ ਆਉਣ ਦੀ ਡਿੳੂਟੀ ਲਗਾਉਣਗੇ ਅਤੇ ਉਸ ਤੋਂ ਬਾਅਦ ਉਨਾਂ ਦਾ ਫਾਲੋਅੱਪ ਵੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਇਸ ਨੂੰ ਇਕ ਪਾਇਲਟ ਪ੍ਰਾਜੈਕਟ ਵਜੋਂ ਚਲਾਇਆ ਜਾਵੇਗਾ ਅਤੇ ਇਸ ਦੇ ਨਤੀਜੇ ਦੇਖ ਕੇ ਹੋਰ ਪ੍ਰਸਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਨਸ਼ੇ ਦੀ ਸਪਲਾਈ ਚੇਨ ’ਤੇ ਕੰਟਰੋਲ ਕਰਨ ਦੇ ਨਾਲ-ਨਾਲ ਮੰਗ ਵਿਚ ਕਮੀ (ਡਿਮਾਂਡ ਰਿਡਕਸ਼ਨ) ਅਤੇ ਨੁਕਸਾਨ ਨੂੰ ਘਟਾਉਣ (ਹਾਰਮ ਰਿਡਕਸ਼ਨ) ’ਤੇ ਵੀ ਕੰਮ ਕਰ ਰਿਹਾ ਹੈ ਅਤੇ ਇਸ ਸਬੰਧੀ ਵੱਡੀ ਮੁਹਿੰਮ ਚਲਾਈ ਗਈ ਹੈ। ਇਸ ਮੌਕੇ ਡਾ. ਸੰਦੀਪ ਭੋਲਾ ਨੇ ਸੈਮੀਨਾਰ ’ਚ ਪਹੰੁਚੀਆਂ ਮਹਿਲਾ ਪੁਲਿਸ ਅਤੇ ਸਵੈ ਸੇਵੀ ਸੰਗਠਨਾਂ ਦੀਆਂ ਭਾਗੀਦਾਰਾਂ ਨੂੰ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਯੂ. ਐਨ. ਓ ਵੱਲੋਂ ਨਸ਼ੇ ਦੀ ਰੋਕਥਾਮ ਲਈ ਤਜਵੀਜ਼ ਕੀਤੀਆਂ ਗਈਆਂ 10 ਸੇਵਾਵਾਂ ਵਿਚੋਂ 9 ਕਪੂਰਥਲਾ ਵਿਖੇ ਚੱਲ ਰਹੀਆਂ ਹਨ।
ਉਨਾਂ ਦੱਸਿਆ ਕਿ ਨਾ ਕੇਵਲ ਪੂਰੇ ਮੁਲਕ ਵਿਚ, ਬਲਕਿ ਸਾਰੇ ‘ਸਾਰਕ’ ਮੁਲਕਾਂ ਵਿਚੋਂ ਇਥੇ ਹੀ ਇਹ ਸੇਵਾਵਾਂ ਇਕ ਸੰਸਥਾਨ ਵਿਚ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਸੇ ਕਾਰਨ ਹੀ ਇਹ ਪਾਇਲਟ ਪ੍ਰਾਜੈਕਟ ਕਪੂਰਥਲਾ ਵਿਖੇ ਸ਼ੁਰੂ ਕੀਤਾ ਗਿਆ ਹੈ। ‘ਅਲਾਇੰਸ ਇੰਡੀਆ’ ਦੇ ਕੋਆਰਡੀਨੇਟਰ ਸ੍ਰੀ ਕੁਨਾਲ ਕਿਸ਼ੋਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਦਾ ਧਨਵਾਦ ਕੀਤਾ ਅਤੇ ਪੁਲਿਸ ਅਤੇ ਐਨਫੋਰਸਮੈਂਟ ਏਜੰਸੀਆਂ ਨੂੰ ਨਸ਼ਾ ਮੁਕਤੀ ਪ੍ਰੋਗਰਾਮਾਂ ਵਿਚ ਹੋਰ ਸਰਗਰਮੀ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਨਸ਼ਾ ਕਰਨ ਵਾਲਿਆਂ ਨੂੰ ਮੁਜ਼ਰਮ ਕਰਾਰ ਨਾ ਦੇਣ ਲਈ ਪ੍ਰੇਰਿਆ।






