ਚੰਡੀਗੜ : ਆਪਣੀ ਨਾਮਜ਼ਦਗੀ ਪੱਤਰ 'ਚ ਕਾਨੂੰਨੀ ਪਿਤਾ ਦੇ ਥਾਂ ਆਪਣੇ ਅਸਲ ਪਿਤਾ ਦਾ ਨਾਂ ਦੇਣ ਕਾਰਨ ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਿਵਾਦਾਂ 'ਚ ਘਿਰ ਗਏ ਹਨ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਨਾਮਜ਼ਦਗੀ ਰੱਦ ਕੀਤੇ ਜਾਣ ਦੀ ਮੰਗ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪੁੱਜ ਗਈ।ਬਠਿੰਡਾ ਵਾਸੀ ਹਰਮਿਲਾਪ ਸਿੰਘ ਗਰੇਵਾਲ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਜਸਟਿਸ ਦਿਆ ਚੌਧਰੀ ਤੇ ਜਸਟਿਸ ਸੁਧੀਰ ਮਿੱਤਲ ਦੀ ਬੈਂਚ ਨੇ ਚੋਣ ਕਮਿਸ਼ਨ ਕੋਲ ਪੈਂਡਿੰਗ ਪਈ ਇਸ ਸ਼ਿਕਾਇਤ 'ਤੇ ਤਿੰਨ ਦਿਨਾਂ 'ਚ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ।
ਸੰਬੰਧਿਤ ਖ਼ਬਰਾਂ
ਸਮਾਜ ਸੇਵੀ ਗਰੇਵਾਲ ਨੇ ਕਿਹਾ ਕਿ ਬਲਜਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ ਆਪਣੇ ਅਸਲ ਪਿਤਾ ਦਰਸ਼ਨ ਸਿੰਘ ਦਾ ਨਾਂ ਦਿੱਤਾ ਹੈ, ਜਦਕਿ ਉਨ੍ਹਾਂ ਨੂੰ ਬਚਪਨ 'ਚ ਹੀ ਅਮਰਜੀਤ ਸਿੰਘ ਨਾਮੀ ਵਿਅਕਤੀ ਨੇ ਗੋਦ ਲੈ ਲਿਆ ਸੀ ਤੇ ਕਾਨੂੰਨੀ ਤੌਰ 'ਤੇ ਹੁਣ ਉਨ੍ਹਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਵਿਚ ਅਮਰਜੀਤ ਸਿੰਘ ਦਾ ਹੀ ਨਾਂ ਲਿਖਣਾ ਚਾਹੀਦਾ ਹੈ।






