ਜਲੰਧਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਘਰਵਾਲੀ ਹਰਬੰਸ ਕੌਰ ਦੂਲੋ (Harbans kaur Dullo) ਅੱਜ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਈ। ਆਪ ਦੀ ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ। ਬਲਜਿੰਦਰ ਸਿੰਘ ਚੌਂਦਾ ਤੋਂ ਟਿਕਟ ਵਾਪਸ ਲੈ ਕੇ ਬੀਬੀ ਦੂਲੋ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਐਤਵਾਰ ਤੋਂ ਸੂਬੇ ਦੇ ਸਿਆਸੀ ਗਲਿਆਰਿਆਂ 'ਚ ਚੱਲ ਰਹੀਆਂ ਚਰਚਾਵਾਂ ਦਰਮਿਆਨ ਸੋਮਵਾਰ ਨੂੰ ਕਾਂਗਰਸ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਹਰਬੰਸ ਕੌਰ ਦੂਲੋ ਵੱਲੋਂ ਸੰਗਰੂਰ 'ਚ 'ਆਪ' ਨੇਤਾ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਸੀ। ਬੀਬੀ ਦੂਲੋ ਤੇ ਸਿਸੋਦੀਆ ਦੀ ਮੁਲਾਕਾਤ ਲੋਕ ਸਭਾ ਮੈਂਬਰ ਤੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਗ੍ਰਹਿ ਵਿਖੇ ਹੋਈ ਸੀ।
ਸੰਬੰਧਿਤ ਖ਼ਬਰਾਂ
ਜਾਣਕਾਰੀ ਅਨੁਸਾਰ ਇਸ ਬੈਠਕ 'ਚ ਭਗਵੰਤ ਮਾਨ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬਸੀਟ ਤੋਂ 'ਆਪ' ਉਮੀਦਵਾਰ ਬਲਜਿੰਦਰ ਸਿੰਘ ਚੌਂਦਾ, ਵਿਧਾਇਕ ਅਮਨ ਅਰੋੜਾ, 'ਆਪ' ਕੋਰ ਕਮੇਟੀ ਮੈਂਬਰ ਬੁੱਧ ਰਾਮ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਮੌਜੂਦ ਸਨ। ਇਸ ਬੈਠਕ 'ਚ ਬੀਬੀ ਦੂਲੋ ਦੇ 'ਆਪ' 'ਚ ਆਉਣ ਨੂੰ ਲੈ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਗੱਲ ਫਾਈਨਲ ਹੋ ਗਈ ਸੀ। ਪਾਰਟੀ ਨੇ 'ਆਪ' ਉਮੀਦਵਾਰ ਚੌਂਦਾ ਨੂੰ ਜ਼ਾਹਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਥਾਂ 'ਤੇ ਟਿਕਟ ਬੀਬੀ ਦੂਲੋ ਨੂੰ ਦਿੱਤੀ ਜਾ ਸਕਦੀ ਹੈ।
ਬੀਬੀ ਦੂਲੋ ਦੇ 'ਆਪ' 'ਚ ਸ਼ਾਮਲ ਹੋਣ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਸੀ। ਇਸ ਨਾਲ ਲੋਕ ਸਭਾ ਚੋਣਾਂ ਮੌਕੇ ਕਾਂਗਰਸ ਨੂੰ ਝਟਕਾ ਲੱਗਾ ਹੈ। ਹਰਬੰਸ ਕੌਰ ਦੂਲੋ ਨੇ ਪਹਿਲਾਂ ਹੀ ਆਪ 'ਚ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਸੀ। ਬੀਬੀ ਦੂਲੋ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਬੇਹੱਦ ਖ਼ੁਸ਼ ਹਨ। ਦੂਲੋ ਮੰਗਲਵਾਰ ਨੂੰ ਜਲੰਧਰ ਪਹੁੰਚੀ ਅਤੇ ਇੱਥੇ ਪਾਰਟੀ 'ਚ ਸ਼ਾਮਲ ਹੋਣ ਦੀ ਖ਼ੁਸ਼ੀ ਜ਼ਾਹਿਰ ਕੀਤੀ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੀ ਤਾਕਤ ਮੇਰੇ ਸਮਰਥਕ ਹਨ।






