ਚੰਡੀਗੜ : ਚੋਣ ਕਮਿਸ਼ਨ ਨੇ ਸੂਬਾ ਸਰਕਾਰ ਨੂੰ ਇਲੈਕਟ੍ਰੋਨਿਕਸ ਵੋਟਿੰਗ ਮਸ਼ੀਨ (ਈਵੀਐੱਮ) ਰੱਖਣ ਲਈ ਜ਼ਿਲ੍ਹਾ ਪੱਧਰ 'ਤੇ ਸਟੋਰ ਬਣਾਉਣ ਦੀ ਹਦਾਇਤ ਕੀਤੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸੂਬੇ ਦੇ ਮੁੱਖ ਚੋਣ ਦਫ਼ਤਰ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਸਟੋਰ ਬਾਰੇ ਨਕਸ਼ਾ, ਡਿਜ਼ਾਈਨ ਤਿਆਰ ਕਰਨ ਨੂੰ ਕਿਹਾ ਹੈ। ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਪੱਧਰ 'ਤੇ ਸਟੋਰ ਬਣਾਉਣ ਲਈ ਕਰੀਬ 70 ਕਰੋੜ ਰੁਪਏ ਖ਼ਰਚ ਆਉਣ ਦਾ ਅੰਦਾਜ਼ਾ ਹੈ ਤੇ ਇਹ ਖ਼ਰਚਾ ਪੰਜਾਬ ਸਰਕਾਰ ਨੂੰ ਕਰਨਾ ਪਵੇਗਾ।ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਬਨਵਰ ਲਾਲ (ਈਵੀਐੱਮ ਕੰਸਲਟੈਂਟ) ਵੱਲੋਂ ਮਸ਼ੀਨਾ ਦੇ ਰੱਖ ਰਖਾਅ ਬਾਰੇ ਪੰਜਾਬ, ਹਰਿਆਣਾ ਤੇ ਯੂਟੀ ਦੇ ਮੁੱਖ ਚੋਣ ਅਫ਼ਸਰਾਂ ਨਾਲ ਮੀਟਿੰਗ ਕਰ ਕੇ ਈਵੀਐੱਮ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਚੋਣਾਂ ਦਾ ਨਤੀਜਾ ਆਉਣ ਮਗਰੋਂ 45 ਦਿਨਾਂ ਤੀਕ ਮਸ਼ੀਨਾਂ ਉਨ੍ਹਾਂ ਥਾਵਾਂ 'ਤੇ ਸੁਰੱਖਿਅਤ ਰੱਖਦੇ ਹਨ, ਜਿੱਥੇ ਗਿਣਤੀ ਕੀਤੀ ਜਾਂਦੀ ਹੈ।
ਸੰਬੰਧਿਤ ਖ਼ਬਰਾਂ
ਅਜਿਹਾ ਨਿਯਮ ਇਸ ਲਈ ਹੈ ਕਿ ਨਤੀਜਾ ਐਲਾਨੇ ਜਾਣ ਤੋਂ 45 ਦਿਨਾਂ ਤੀਕ ਕੋਈ ਵੀ ਵਿਅਕਤੀ, ਉਮੀਦਵਾਰ ਚੋਣ ਪ੍ਰਰੀਕਿਰਿਆ, ਗਿਣਤੀ ਨੂੰ ਅਦਾਲਤ ਵਿਚ ਚੁਣੌਤੀ ਦੇ ਸਕਦਾ ਹੈ, ਜਿਸ ਕਰ ਕੇ ਈਵੀਐੱਮ ਨੂੰ ਮੁਵਿੰਗ ਯਾਨੀ ਇਕ ਥਾਂ ਤੋਂ ਦੂਜੀ ਥਾਂ ਤਬਦੀਲ ਨਹੀਂ ਕੀਤਾ ਜਾ ਸਕਦਾ।ਚੋਣ ਦਫ਼ਤਰ ਦੇ ਸੂਤਰਾਂ ਮੁਤਾਬਕ ਪੰਜਾਬ ਵਿਚ ਜ਼ਿਲ੍ਹਾ ਪੱਧਰ 'ਤੇ ਈਵੀਐੱਮ ਰੱਖਣ ਲਈ ਸਥਾਈ ਸਟੋਰ ਯਾਨੀ ਸਟਰਾਂਗ ਰੂਮ ਨਹੀਂ ਹੈ, ਜਿਸ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਸ਼ੀਨਾਂ ਰੱਖਣ ਲਈ ਸੁਰੱਖਿਅਤ ਥਾਵਾਂ 'ਤੇ ਰੱਖਣ ਲਈ ਕਾਫ਼ੀ ਪਰੇਸ਼ਾਨੀ ਵਿੱਚੋਂ ਲੰਘਣਾ ਪੈਂਦਾ ਹੈ।
ਇਸ ਸਮੱਸਿਆ ਤੋਂ ਬਚਣ ਲਈ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਪੱਧਰ 'ਤੇ ਈਵੀਐੱਮ ਸਟੋਰ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।ਸੂਬੇ ਦੇ ਮੁੱਖ ਚੋਣ ਦਫ਼ਤਰ ਦੀਆਂ ਹਦਾਇਤਾਂ ਮੁਤਾਬਕ ਲੋਕ ਨਿਰਮਾਣ ਵਿਭਾਗ ਵੱਲੋਂ ਸਟੋਰ ਰੂਮ ਦਾ ਡਿਜ਼ਾਇਨ ਤਿਆਰ ਕੀਤਾ ਜਾ ਰਿਹਾ ਹੈ, ਜਿਉਂ ਹੀ ਡਿਜ਼ਾਈਨ ਪਾਸ ਹੋਵੇਗਾ ਤਾਂ ਜ਼ਿਲਿ੍ਹਆਂ ਵਿਚ ਈਵੀਐੱਮ ਸਟੋਰ ਬਣਾਉਣ ਦਾ ਰਾਹ ਪੱਧਰਾ ਹੋ ਜਾਵੇਗਾ। ਸੂਬੇ ਦੇ ਮੁੱਖ ਚੋਣ ਅਫ਼ਸਰ ਡਾ ਐੱਸ ਕਰੁਣਾ ਰਾਜੂ ਨੇ ਈਵੀਐੱਮ ਸਟੋਰ ਬਣਾਉਣ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਸ਼ੀਨਾਂ ਰੱਖਣ ਦਾ ਪ੍ਰਬੰਧ ਸੂਬਾ ਸਰਕਾਰ ਨੇ ਕਰਨਾ ਹੁੰਦਾ ਹੈ।






