ਬਿਠੰਡਾ (ਇੰਦਰਜੀਤ ਸਿੰਘ) : ਖੁਦਕੁਸ਼ੀ ਗਏ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਲਈ ਲੜਾਈ ਲੜ ਰਹੀ ਝੁਨੀਰ ਦੀ ਪੀਜੀਡੀਸੀਏ ਪਾਸ ਜੀਤ ਕੌਰ ਬਾਅਦ ਹੁਣ ਮਾਂ-ਪਿਓ ਤੋਂ ਵਾਂਝੀ 11ਵੀਂ ਜਮਾਤ ਦੀ ਵਿਦਿਆਰਥਣ ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨ-ਮਜ਼ਦੂਰ ਪਰਿਵਾਰਾਂ ਦੇ ਹੱਕ 'ਚ ਨਿੱਤਰ ਆਈ ਹੈ। ਜ਼ਿਲ੍ਹੇ ਦੇ ਪਿੰਡ ਖੇਮੂਆਣਾ ਦੀ ਗਰੀਬ ਮਜ਼ਦੂਰ ਪਰਿਵਾਰ ਦੀ ਇਸ ਕੁੜੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਬੀੜਾ ਉਠਾ ਲਿਆ ਹੈ। ਆਪ ਤੰਗੀ ਤੁਰਸ਼ੀਆਂ 'ਚੋਂ ਲੰਘ ਰਹੀ ਮਨਪ੍ਰੀਤ ਕੌਰ ਦੇ ਪਿਤਾ ਸਤਨਾਮ ਸਿੰਘ ਤੇ ਮਾਤਾ ਦੀ ਸਹੀ ਇਲਾਜ ਨਾਲ ਹੋਣ ਕਾਰਨ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਪਿੰਡ ਦੇ ਸਰਕਾਰੀ ਸਕੂਲ 'ਚ 11ਵੀਂ ਜਮਾਤ 'ਚ ਪੜ੍ਹਨ ਵਾਲੀ ਮਨਪ੍ਰੀਤ ਕੌਰ ਨੂੰ ਉਸਦੀ ਬਜ਼ੁਰਗ ਨਾਨੀ ਬਸੰਤ ਕੌਰ ਸੰਭਾਲ ਰਹੀ ਹੈ।
ਘਰ 'ਚ ਆਰਥਿਕ ਤੰਗੀ ਹੋਣ ਕਾਰਨ ਉਸਦੇ ਪਿਤਾ ਤੇ ਮਾਤਾ ਦਾ ਇਲਾਜ ਨਹੀਂ ਹੋ ਸਕਿਆ, ਜਿਸ ਕਾਰਨ ਪਿਤਾ ਸਤਿਨਾਮ 'ਚ ਸੱਤ ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਆਖ ਗਏ। ਹੁਣ ਕਰੀਬ ਸੱਤ ਮਹੀਨੇ ਪਹਿਲਾਂ ਮਨਪ੍ਰੀਤ ਕੌਰ ਦੀ ਮਾਤਾ ਵੀ ਚੱਲ ਵਸੀ। ਮਨਪ੍ਰੀਤ ਕੌਰ ਦੱਸਦੀ ਹੈ ਕਿ ਉਹ ਬਹੁਤ ਮੁਸ਼ਕਿਲ ਹਾਲਾਤਾਂ 'ਚ ਦਿਨ ਕਟੀ ਕਰ ਰਹੀ ਹੈ। ਉਸਦੀ ਬਿਰਧ ਨਾਨੀ ਬਸੰਤ ਕੌਰ ਪਿੰਡ 'ਚ ਕੁਝ ਕੰਮ ਧੰਦਾ ਕਰਕੇ ਉਸਦੀ ਫ਼ੀਸ ਦੇ ਪੈਸੇ ਇਕੱਤਰ ਕਰਦੀ ਹੈ। ਉਹ ਵੀ ਸਕੂਲ ਸਮੇਂ ਬਾਅਦ ਕੰਮ ਕਰਦੀ ਹੈ। ਮਨਪ੍ਰੀਤ ਕੌਰ ਨੇ ਦੱਸਿਆ ਕਿ ਕਿਸਾਨ-ਮਜ਼ਦੂਰ ਲਗਾਤਾਰ ਆਰਥਿਕ ਤੰਗੀ ਤੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਜਿਸ ਕਾਰਨ ਉਸਦਾ ਮਨ ਵੀ ਬਹੁਤ ਦੁਖੀ ਹੁੰਦਾ ਹੈ।
ਸੰਬੰਧਿਤ ਖ਼ਬਰਾਂ
ਛੋਟੀ ਬੱਚੀ ਕਹਿੰਦੀ ਹੈ ਕਿ ਉਹ ਕੁਝ ਸਮਾਂ ਪਹਿਲਾਂ ਕਿਸਾਨ-ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੇ ਪ੍ਰੋਗਰਾਮ 'ਚ ਸ਼ਾਮਲ ਹੋਈ ਸੀ ਜਿੱਥੇ ਉਸਨੇ ਖੁਦਕੁਸ਼ੀ ਕਰ ਗਏ ਕਿਸਾਨ-ਮਜ਼ਦੂਰਾਂ ਦੀਆਂ ਵਿਧਵਾਵਾਂ ਤੇ ਬੱਚਿਆਂ ਦੀ ਦਾਸਤਾਨ ਸੁਣੀ ਤਾਂ ਉਸਦਾ ਦਿਲ ਪਿਘਲ ਗਿਆ। ਇਸ ਤੋਂ ਬਾਅਦ ਉਸਦੀ ਮੁਲਾਕਾਤ ਕਮੇਟੀ ਦੀ ਪ੍ਰਧਾਨ ਨੌਜਵਾਨ ਕੁੜੀ ਕਿਰਨਦੀਪ ਕੌਰ ਨਾਲ ਹੋਈ, ਜਿਸ ਨੇ ਦੱਸਿਆ ਕਿ ਉਹ ਅਜਿਹੇ ਪਰਿਵਾਰਾਂ ਲਈ ਸਭ ਕੁੱਝ ਛੱਡ ਕੇ ਲੜਾਈ ਲੜ ਰਹੀ ਹੈ। ਇਸ ਤੋਂ ਬਾਅਦ ਉਸਨੇ ਵੀ ਪੀੜਤ ਪਰਿਵਾਰਾਂ ਲਈ ਸੰਘਰਸ਼ ਦਾ ਮਨ ਬਣਾ ਲਿਆ। ਉਸਨੇ ਦੱਸਿਆ ਕਿ ਉਹ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਰਾਬਤਾ ਕਾਇਮ ਕਰੇਗੀ ਤੇ ਕਿਸਾਨਾਂ-ਮਜ਼ਦੂਰਾਂ ਨੂੰ ਖੁਦਕੁਸ਼ੀ ਕਰਨ ਦੀ ਬਜਾਏ ਸੰਘਰਸ਼ ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ।
ਕਿਸਾਨ-ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਪੰਜਾਬ ਦੀ ਪ੍ਰਧਾਨ ਕਿਰਨਜੀਤ ਕੌਰ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੂੰ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਕੁੜੀ ਦੇ ਪਿੰਡ ਖੇਮੂਆਣਾ ਦੇ ਬਹੁਤ ਸਾਰੇ ਕਿਸਾਨ ਮਜ਼ਦੂਰਾਂ ਨੇ ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ, ਪਰ ਅਜੇ ਤਕ ਸਰਕਾਰ ਵੱਲੋਂ ਕਿਸੇ ਨੂੰ ਖੁਦਕੁਸ਼ੀ ਪੀੜਤ ਮੁਆਵਜ਼ਾ ਨਹੀਂ ਮਿਲਿਆ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਬਿਠੰਡਾ ਨੂੰ ਮਿਲੇਗੀ ਤੇ ਮੰਗ ਪੱਤਰ ਸੌਂਪੇਗੀ ਜਿਸ 'ਚ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ, ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਨ ਸਮੇਤ ਹੋਰ ਮੰਗਾਂ ਸ਼ਾਮਲ ਹੋਣਗੀਆਂ।





