ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਦੇ 'ਘਰ-ਘਰ ਰੁਜ਼ਗਾਰ ਮਿਸ਼ਨ' ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਵਿਚ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਮਿਤੀ 18 ਅਤੇ 19 ਫਰਵਰੀ 2019 ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਵਿਸ਼ਾਲ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿਚ 40 ਦੇ ਕਰੀਬ ਕੰਪਨੀਆਂ ਭਾਗ ਲੈ ਰਹੀਆਂ ਹਨ, ਜਿਨਾਂ ਵਿਚ ਸਵਿੱਗੀ, ਵਿਸ਼ਾਲ ਮਾਰਟ, ਪਤੰਜਲੀ ਆਯੂਰਵੇਦ, ਯੂਰੇਕਾ ਫੋਰਬਸ, ਐਸ. ਬੀ. ਆਈ ਲਾਈਫ ਫਾਈਨੈਂਸ਼ੀਅਲ ਆਦਿ ਨਾਮੀ ਕੰਪਨੀਆਂ ਸ਼ਾਮਿਲ ਹਨ। ਉਨਾਂ ਕਿਹਾ ਕਿ ਇਨਾਂ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਮੌਕੇ 'ਤੇ ਹੀ ਬੇਰੁਜ਼ਗਾਰ ਨੌਜਵਾਨਾਂ ਦੀ ਇੰਟਰਵਿਊ ਕਰਕੇ ਯੋਗ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਅੱਠਵੀਂ, ਦਸਵੀਂ ਪਾਸ ਤੋਂ ਲੈ ਕੇ ਇੰਜੀਨੀਅਰਿੰਗ ਅਤੇ ਐਮ. ਬੀ. ਏ ਪਾਸ ਤੱਕ ਦੇ ਉਮੀਦਵਾਰ ਇੰਟਰਵਿਊ ਦੇ ਕੇ ਨੌਕਰੀ ਹਾਸਲ ਕਰ ਸਕਦੇ ਹਨ।
ਸੰਬੰਧਿਤ ਖ਼ਬਰਾਂ
ਸ. ਭੁੱਲਰ ਨੇ ਦੱਸਿਆ ਕਿ ਜਿਹੜੇ ਪ੍ਰਾਰਥੀ ਕਰਜ਼ਾ ਲੈ ਕੇ ਆਪਣਾ ਕੰਮ ਖੋਲਣਾ ਚਾਹੁੰਦੇ ਹਨ, ਉਨਾਂ ਵਾਸਤੇ ਉਚਿਤ ਪ੍ਰਬੰਧ ਕੀਤੇ ਗਏ ਹਨ, ਜਿਵੇਂ ਕਿ ਜ਼ਿਲਾ ਉਦਯੋਗ ਕੇਂਦਰ, ਲੀਡ ਬੈਂਕ ਪੀ. ਐਨ. ਬੀ ਕਪੂਰਥਲਾ ਆਦਿ ਸੰਸਥਾਵਾਂ ਮੌਕੇ 'ਤੇ ਪਹੁੰਚ ਕੇ ਉਮੀਦਵਾਰਾਂ ਨੂੰ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਦੇਣਗੀਆਂ। ਉਨਾਂ ਕਿਹਾ ਕਿ ਜਿਹੜੇ ਉਮੀਦਵਾਰ ਕਿੱਤਾ ਮੁਖੀ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਨਾਂ ਲਈ ਪੀ. ਐਨ. ਬੀ. ਆਰ-ਸੇਟੀ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਨਿਟਕੋਨ ਵਰਗੀਆਂ ਸੰਸਥਾਵਾਂ ਮੌਕੇ 'ਤੇ ਹੀ ਟ੍ਰੇਨਿੰਗ ਸਬੰਧੀ ਜਾਣਕਾਰੀ ਉਪਲਬੱਧ ਕਰਵਾਉਣਗੀਆਂ। ਉਨਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਜੀ. ਓ. ਜੀਜ਼ ਰਾਹੀਂ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਇਸ ਮੇਲੇ ਵਿਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਉਨਾਂ ਜ਼ਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਰੋਜ਼ਗਾਰ ਮੇਲੇ ਦਾ ਲਾਹਾ ਲੈਣ।






