|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੁਕਾਨ ਤੋਂ ਲਈ ਵਰਦੀ, ਥਾਣੇ 'ਚ ਵੀ ਝਾੜਿਆ ਪੁਲਸੀਆ ਰੋਅਬ, ਵਰਦੀ ਸਬ ਇੰਸਪੈਕਟਰ ਦੀ ਤੇ ਬੈਜ IPS ਦਾ

ਪਟਿਆਲਾ : ਪੁਲਿਸ ਵਿਭਾਗ ਦਾ ਵੱਡਾ ਅਫ਼ਸਰ ਬਣਨਾ ਚਾਹੁੰਦਾ ਸੀ, ਜਿਸ ਲਈ ਪੁਲਿਸ ਭਰਤੀ ਦੀ ਵੀ ਉਡੀਕ ਕੀਤੀ। ਅਫ਼ਸਰ ਬਣਨ ਦਾ ਜਨੂੰਨ ਸਿਰ 'ਤੇ ਏਨਾ ਸਵਾਰ ਸੀ ਕਿ ਜ਼ਿਆਦਾ ਸਬਰ ਨਾ ਹੋਇਆ ਤਾਂ ਆਪ ਹੀ ਪੁਲਿਸ ਦੀ ਵਰਦੀ ਪਾ ਲਈ। ਏਨਾ ਹੀ ਨਹੀਂ ਵਰਦੀ ਪਾ ਕੇ ਲੋਕਾਂ 'ਤੇ ਪੁਲਿਸੀਆ ਰੋਅਬ ਝਾੜਨ ਦਾ ਚਾਅ ਵੀ ਪੂਰਾ ਕਰਦਾ ਰਿਹਾ। ਇਹ ਖੁਲਾਸਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਕਲੀ ਆਈਪ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਿਆਲਾ : ਪੁਲਿਸ ਵਿਭਾਗ ਦਾ ਵੱਡਾ ਅਫ਼ਸਰ ਬਣਨਾ ਚਾਹੁੰਦਾ ਸੀ, ਜਿਸ ਲਈ ਪੁਲਿਸ ਭਰਤੀ ਦੀ ਵੀ ਉਡੀਕ ਕੀਤੀ। ਅਫ਼ਸਰ ਬਣਨ ਦਾ ਜਨੂੰਨ ਸਿਰ 'ਤੇ ਏਨਾ ਸਵਾਰ ਸੀ ਕਿ ਜ਼ਿਆਦਾ ਸਬਰ ਨਾ ਹੋਇਆ ਤਾਂ ਆਪ ਹੀ ਪੁਲਿਸ ਦੀ ਵਰਦੀ ਪਾ ਲਈ। ਏਨਾ ਹੀ ਨਹੀਂ ਵਰਦੀ ਪਾ ਕੇ ਲੋਕਾਂ 'ਤੇ ਪੁਲਿਸੀਆ ਰੋਅਬ ਝਾੜਨ ਦਾ ਚਾਅ ਵੀ ਪੂਰਾ ਕਰਦਾ ਰਿਹਾ। ਇਹ ਖੁਲਾਸਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਕਲੀ ਆਈਪੀਐੱਸ ਤੋਂ ਕੀਤੀ ਮੁੱਢਲੀ ਪੁੱਛਗਿੱਛ ਦੋਰਾਨ ਹੋਇਆ ਹੈ।ਨੇੜਲੇ ਪਿੰਡ ਲਲੀਨਾ ਵਾਸੀ ਨੌਜਵਾਨ ਅਮਨਦੀਪ ਸਿੰਘ ਨੇ ਆਈਪੀਐੱਸ ਬਣ ਕੇ ਜਿੱਥੇ ਲੋਕਾਂ ਨੂੰ ਡਰਾਇਆ, ਉੱਥੇ ਹੀ ਖ਼ੁਦ ਪੁਲਿਸ ਨੂੰ ਵੀ ਚੱਕਰਾਂ 'ਚ ਪਾ ਦਿੱਤਾ ਸੀ। ਪਟਿਆਲਾ ਸ਼ਹਿਰ ਦੇ ਇਕ ਜਿੰਮ 'ਚ ਜਾਅਲੀ ਵਰਦੀ ਦਾ ਰੋਅਬ ਦਿਖਾਉਣ ਵਾਲੇ ਅਮਨਦੀਪ ਦੀ ਅਸਲੀਅਤ ਦਾ ਇਕ ਵਾਰ ਵਿਚ ਅਸਲ ਪੁਲਿਸ ਨੂੰ ਵੀ ਪਤਾ ਨਹੀਂ ਲੱਗ ਸਕਿਆ ਸੀ। ਜਿੰਮ ਮਾਲਕ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣ ਤੋਂ ਬਾਅਦ ਅਸਲ ਪੁਲਿਸ ਨੂੰ ਜਾਅਲੀ ਆਈਪੀਐੱਸ ਦਾ ਭੇਦ ਖੁੱਲਿਆ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਅਮਨਦੀਪ ਨੇ ਦੱਸਿਆ ਕਿ ਪਿਛਲੀ ਸਬ ਇੰਸਪੈਕਟਰ ਦੀ ਭਰਤੀ ਦੌਰਾਨ ਉਸ ਦੀ ਵਿੱਦਿਅਕ ਯੋਗਤਾ ਘੱਟ ਸੀ। ਗ੍ਰੇਜੂਏਸ਼ਨ ਹੋਣ ਤੋਂ ਬਾਅਦ ਅਮਨਦੀਪ ਨਵੀਂ ਭਰਤੀ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ ਪਰ ਭਰਤੀ ਨਾ ਖੁੱਲ੍ਹੀ ਤਾਂ ਉਸ ਨੇ ਆਪਣੀ ਨਵੀਂ ਵਰਦੀ ਲੈ ਲਈ ਸੀ। ਪਿੰਡ ਲਲੀਨਾ ਦੇ ਸਰਪੰਚ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ -ਸਾਦਾ ਪਰਿਵਾਰ ਹੈ, ਜੋ ਖੇਤੀ ਕਿੱਤੇ ਨਾਲ ਜੁੜਿਆ ਹੋਇਆ ਹੈ। ਲੜਕੇ ਦੇ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਹੋਣ ਦਾ ਜ਼ਰੂਰ ਪਤਾ ਸੀ ਪਰ ਉਸ ਵੱਲੋਂ ਵਰਦੀ ਪਾਉਣ ਜਾਂ ਕੋਈ ਪੁਲਿਸ ਅਫ਼ਸਰ ਹੋਣ ਸਬੰਧੀ ਕਦੇ ਕੋਈ ਗੱਲ ਨਹੀਂ ਸੀ ਸੁਣੀ । ਆਈਓ ਅਮਰੀਕ ਸਿੰਘ ਨੇ ਦੱਸਿਆ ਕਿ ਫਿਲਹਾਲ ਅਮਨਦੀਪ ਨੂੰ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਸੰਬੰਧਿਤ ਖ਼ਬਰਾਂ

ਅਮਨਦੀਪ ਸਿੰਘ ਕੋਲ ਭਾਵੇਂ ਵਰਦੀ ਦਾ ਰੋਅਬ ਪੰਜਾਬ ਪੁਲਿਸ ਵਾਲਾ ਸੀ ਪਰ ਗਿਆਨ ਦੀ ਘਾਟ ਹੋਣ ਕਾਰਨ ਉਸ ਦੀ ਚਲਾਕੀ ਜ਼ਿਆਦਾ ਦੇਰ ਨਾ ਚੱਲ ਸਕੀ। ਅਮਨਦੀਪ ਨੇ ਪੁਲਿਸ ਅਫ਼ਸਰ ਦੀ ਵਰਦੀ ਤਾਂ ਪਾ ਲਈ ਪਰ ਅਹੁਦੇ ਦੇ ਹਿਸਾਬ ਨਾਲ ਮੋਢੇ 'ਤੇ ਲੱਗੇ ਸਿਤਾਰੇ ਤੇ ਬੈਜ ਦਾ ਮਿਲਾਣ ਕਰਨ 'ਚ ਕੱਚਾ ਰਿਹਾ, ਜਿਸ ਨੂੰ ਪਹਿਲੀ ਨਜ਼ਰ 'ਚ ਹੀ ਅਸਲ ਪੁਲਿਸ ਨੇ ਪਛਾਣ ਲਿਆ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਵਰਦੀ ਪਾਉਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ, ਜਿੱਥੇ ਹਰ ਸਿਤਾਰੇ ਤੇ ਬੈਜ ਦੀ ਅਹਿਮੀਅਤ ਤੇ ਸਥਾਨ ਬਾਰੇ ਦੱਸਿਆ ਜਾਂਦਾ ਹੈ ਪਰ ਅਮਨਦੀਪ ਦੀ ਵਰਦੀ 'ਚ ਘਾਟ ਹੀ ਉਸ ਦੇ ਫੜੇ ਜਾਣ ਦਾ ਕਾਰਨ ਬਣੀ ਹੈ।

ਮੋਢੇ 'ਤੇ ਦੋ ਸਿਤਾਰੇ ਸਨ ਤੇ ਨਾਲ ਆਈਪੀਐੱਸ ਦਾ ਬੈਜ ਸੀ ਜਦਕਿ ਆਈਪੀਐੱਸ ਦੋ ਸਿਤਾਰਿਆਂ ਵਾਲਾ ਨਹੀਂ ਹੋ ਸਕਦਾ। ਜਾਅਲੀ ਖਾਕੀ ਵਰਦੀ 'ਚ ਅਮਨਦੀਪ ਪੂਰਾ ਰੋਅਬ ਦਿਖਾਉਂਦਾ ਸੀ, ਜਿਸ ਕਰਕੇ ਜਿੱਥੇ ਆਮ ਲੋਕਾਂ ਨੂੰ ਅਸਲੀਅਤ ਦਾ ਨਾ ਪਤਾ ਲੱÎਗਿਆ ਉੱਥੇ ਹੀ ਖ਼ੁਦ ਪੁਲਿਸ ਵੀ ਇਸ ਦੀ ਪਰਖ ਕਰਨ 'ਚ ਨਾਕਾਮ ਰਹੀ ਸੀ। ਜਿੰਮ 'ਚ ਹੋਏ ਝਗੜੇ ਤੋਂ ਬਾਅਦ ਅਮਨਦੀਪ ਸਿੰਘ ਖ਼ੁਦ ਜਾਅਲੀ ਵਰਦੀ 'ਚ ਹੀ ਪਟਿਆਲਾ ਦੇ ਸਿਵਲ ਲਾਇਨ 'ਚ ਪੁੱਜ ਗਿਆ ਸੀ। ਥਾਣੇ 'ਚ ਮੌਜੂਦ ਪੁਲਿਸ ਮੁਲਾਜ਼ਮ ਵੀ ਆਪਣੇ ਆਪ ਨੂੰ ਆਈਪੀਐੱਸ ਦੱਸਣ ਵਾਲੇ ਅਮਨਦੀਪ ਨੂੰ ਪਛਾਣ ਨਾ ਸਕੇ। ਸ਼ਿਕਾਇਤ ਦੇਣ ਤੋਂ ਬਾਅਦ ਅਮਨਦੀਪ ਫਿਰ ਤੋਂ ਜਿੰਮ ਪੁੱਜਿਆ। ਜਿੰਮ ਮਾਲਕ ਵੱਲੋਂ ਪੁਲਿਸ ਨੂੰ ਮੁੜ ਸ਼ਿਕਾਇਤ ਕਰਨ 'ਤੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਇਆ।ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ 'ਚ ਪਤਾ ਲੱਗਿਆ ਹੈ ਕਿ ਅਮਨਦੀਪ ਸਿੰਘ ਨੇ ਪੁਲਿਸ ਦੀ ਖਾਕੀ ਵਰਦੀ ਤ੍ਰਿਪੜੀ ਇਲਾਕੇ 'ਚ ਸਥਿਤ ਇਕ ਦੁਕਾਨ ਤੋਂ ਖ਼ਰੀਦੀ ਸੀ। ਵਰਦੀ ਖ਼ਰੀਦਣ ਮੌਕੇ ਅਮਨਦੀਪ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦੱਸਿਆ। ਦੁਕਾਨਦਾਰ ਨੇ ਅਮਨਦੀਪ ਦਾ ਪਛਾਣ ਪੱਤਰ ਜਾਂ ਹੋਰ ਕੋਈ ਕਾਗਜ਼ ਪੱਤਰ ਦੇਖੇ ਬਿਨਾਂ ਹੀ ਵਰਦੀ ਦੇ ਦਿੱਤੀ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!