ਜਲੰਧਰ (ਇੰਦਰਜੀਤ ਸਿੰਘ) : ਖੇਤੀਬਾੜੀ 'ਚ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲਈ ਭਾਰਤ ਸਰਕਾਰ ਦੇ ਖੇਤੀਬਾੜੀ ਕੋਸਟ ਤੇ ਪ੍ਰਰਾਈਸ ਕਮਿਸ਼ਨ ਦੇ ਚੇਅਰਮੈਨ ਵਿਜੇ ਪਾਲ ਸ਼ਰਮਾ ਇੰਨ੍ਹੀ ਦਿਨੀਂ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਦਾ ਦੌਰਾ ਕਰ ਰਹੇ ਹਨ। ਇਸੇ ਲੜੀ ਤਹਿਤ ਬੁੱਧਵਾਰ ਨੂੰ ਉਨ੍ਹਾਂ ਵੱਲੋਂ ਜ਼ਿਲ੍ਹਾ ਜਲੰਧਰ ਦਾ ਦੌਰਾ ਕੀਤਾ ਗਿਆ।ਇਸ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਪਿੰਡ ਰਾਏਪੁਰ-ਬੱਲਾਂ ਤੇ ਕਰਤਾਰਪੁਰ 'ਚ ਕਿਸਾਨ ਗੋਸ਼ਟੀ ਕਰਵਾਈ ਗਈ। ਇਸ ਕਿਸਾਨ ਗੋਸ਼ਟੀ 'ਚ ਜ਼ਿਲ੍ਹੇ ਭਰ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਚੇਅਰਮੈਨ ਕੋਸਟ ਤੇ ਪ੍ਰਰਾਈਸ ਕਮਿਸ਼ਨ ਭਾਰਤ ਸਰਕਾਰ ਨੂੰ ਵੱਖ-ਵੱਖ ਫਸਲਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ਨੂੰ ਵਿਹਾਰੀ ਬਣਾਉਂਦੇ ਹੋਏ ਕਿਸਾਨ ਦੀ ਉਪਜ ਦੀ ਖਰੀਦ ਸੁਨਿਸ਼ਚਿਤ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਵਿੱਖ 'ਚ ਵਧ ਰਹੇ ਖਾਦਾਂ, ਲੇਬਰ ਤੇ ਹੋਰ ਇੰਨਪੁੱਟ ਦੇ ਖਰਚਿਆਂ ਤੋਂ ਇਲਾਵਾ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਦੀ ਸੰਭਾਲ ਲਈ ਵੀ ਕਿਸਾਨਾਂ ਦੇ ਖਰਚਿਆਂ ਵਿਚ ਵਾਧਾ ਹੋਇਆ ਹੈ।ਕਿਸਾਨਾਂ ਵੱਲੋਂ ਧਰਤੀ ਹੇਠਲੇ ਪਾਣੀ ਦੇ ਥੱਲੇ ਜਾਣ ਕਰਕੇ ਮੋਟਰਾਂ ਨੂੰ ਹੋਰ ਡੰੂਘਾ ਕਰਵਾਉਣ 'ਤੇ ਆਉਂਦੇ ਖਰਚਿਆਂ ਵੱਲ ਵੀ ਚੇਅਰਮੈਨ ਸਾਹਿਬ ਦਾ ਧਿਆਨ ਦਿਵਾਇਆ ਗਿਆ।
ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਜ਼ਮੀਨ 'ਚ ਵਾਹੁਣ ਉਪਰੰਤ ਕੀਤੀ ਜਾਂਦੀ ਕਣਕ ਦੀ ਕਾਸ਼ਤ ਉਪਰੰਤ ਖੇਤ ਵਿਚ ਲੇਜ਼ਰ ਲੈਵਲਿੰਗ 'ਤੇ ਆਉਂਦੇ ਖਰਚਿਆਂ ਵੱਲ ਵੀ ਧਿਆਨ ਦਵਾਉਂਦਿਆਂ ਕਿਹਾ ਕਿ ਪਰਾਲੀ ਜ਼ਮੀਨ 'ਚ ਦਬਾਉਣ ਉਪਰੰਤ ਕਿਸਾਨ ਨੂੰ ਹਰ ਸਾਲ ਖੇਤ ਦੀ ਲੇਜ਼ਰ ਲੈਵਲਿੰਗ ਕਰਵਾਉਣੀ ਹੀ ਪਵੇਗੀ।ਉਨ੍ਹਾਂ ਕਿਹਾ ਕਿ ਇਨ੍ਹਾਂ ਵੱਧ ਰਹੇ ਖਰਚਿਆਂ ਦੇ ਮੱਦੇਨਜ਼ਰ ਅਤੇ ਨਾਲ ਦੇ ਨਾਲ ਕਿਸਾਨਾਂ ਵੱਲੋਂ ਖਰੀਦ ਕੀਤੀਆਂ ਜਾ ਰਹੀਆਂ ਮਹਿੰਗੀਆਂ ਮਸ਼ੀਨਾਂ ਕਰਕੇ ਕਿਸਾਨ ਨੂੰ ਊਸ ਦੀ ਉਪਜ ਦਾ ਵੱਧ ਭਾਅ ਮਿਲਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਡਾ. ਸੁੰਤਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ , ਇੰਜ. ਮਨਮੋਹਨ ਕਾਲੀਆ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ , ਡਾ. ਨਾਜ਼ਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਅਤੇ ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।
ਸੰਬੰਧਿਤ ਖ਼ਬਰਾਂ
ਡਾ. ਸੁੰਤਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਭਰ ਵਿਚ ਕਿਸਾਨਾਂ ਵੱਲੋਂ ਪਰਾਲੀ ਨੂੰ ਜਮੀਨ ਵਿਚ ਵਾਹੁਣ ਉਪਰੰਤ ਕਣਕ ਦੀ ਬਿਜਾਈ ਭਾਵੇਂ ਕੀਤੀ ਗਈ ਹੈ ਪਰ ਵਿਭਾਗ ਵੱਲੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਪਰਾਲੀ ਨੂੰ ਵਹਾਉਣ ਉਪਰੰਤ ਕੀਤੇ ਜਾਂਦੀ ਕਣਕ, ਆਲੂ , ਮਟਰਾਂ ਆਦਿ ਦੇ ਖਰਚਿਆ 'ਚ ਵਾਧਾ ਹੁੰਦਾ ਹੈ। ਇਸ ਮੌਕੇ ਚੇਅਰਮੈਨ ਡਾ. ਵਿਜੇਪਾਲ ਸ਼ਰਮਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲਈ ਪਾਰਦਰਸ਼ੀ ਢੰਗ ਅਪਣਾਉਂਦੇ ਹੋਏ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਕਿਸਾਨ ਗੋਸ਼ਟੀਆਂ ਰਾਹੀਂ ਕਿਸਾਨਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਇੰਜ. ਮਨਮੋਹਨ ਕਾਲੀਆ, ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਵੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਰਾਹੀ ਮਸ਼ੀਨਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਮੀਟਿੰਗ ਵਿਚ ਮੌਜੂਦ ਜਸਕਰਨ ਸਿੰਘ ਨੇ ਝੋਨੇ ਦੀ ਵਾਢੀ ਤੋਂ ਬਾਅਦ ਅਤੇ ਪਰਾਲੀ ਦੀ ਸੰਭਾਲ ਕਰਦੇ ਹੋਏ ਆਲੂਆਂ ਦੀ ਖੇਤੀ 'ਤੇ ਵਧੇਰੇ ਖਰਚਾ ਹੋਣ ਬਾਰੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ। ਇਲਾਕੇ ਦੇ ਦੂਜੇ ਕਿਸਾਨਾਂ ਜਗਜੀਤ ਸਿੰਘ ਪਿੰਡ ਲੱਲੀਆਂ , ਮਹਿੰਦਰ ਸਿੰਘ ਪਿੰਡ ਕੁਹਾਲਾ, ਬਲਵਿੰਦਰ ਸਿੰਘ ਪਿੰਡ ਮੱਲੀ ਨੰਗਲ, ਹਰਸੁਲਿੰਦਰ ਸਿੰਘ , ਅਮਰਜੀਤ ਸਿੰਘ ਪਿੰਡ ਗੋਲ, ਮੁਕੇਸ਼ ਚੰਦਰ ਪਿੰਡ ਰਾਣੀ ਭੱਟੀ, ਬਲਵਿੰਦਰ ਸਿੰਘ ਨੇ ਕਮਾਦ ਦੀ ਕਾਸ਼ਤਕਾਰੀ 'ਚ ਵਧੇਰੇ ਖਰਚੇੇ ਅਤੇ ਆਲੂਆਂ ਦਾ ਸਹੀ ਭਾਅ ਨਾ ਮਿਲਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਦੀ ਸੰਭਾਲ ਕਰਦੇ ਹੋਏ ਕਣਕ ਦੀ ਬਿਜਾਈ ਕਰਨ ਤੇ ਵਧੇਰੇ ਖਰਚਾ ਕਰਨਾ ਹੀ ਪੈਂਦਾ ਹੈ। ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਵਹਾਉਣ ਉਪਰੰਤ ਵਾਰ-ਵਾਰ ਲੇਜਰ ਲੈਵਲਰ ਦੀ ਵਰਤੋਂ ਜ਼ਰੂਰੀ ਕਰਨ ਸਬੰਧੀ ਵੀ ਦੱਸਿਆ।






