ਬਠਿੰਡਾ : ਸ਼ਹਿਰ ਅੰਦਰ ਕਰੀਬ ਸੱਤ ਘੰਟੇ ਪਏ ਮੋਹਲੇਧਾਰ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਲੋਕਾਂ ਦੇ ਘਰਾਂ ਤੇ ਦੁਕਾਨਾਂ 'ਚ ਮੀਂਹ ਦਾ ਪਾਣੀ ਵੜ ਜਾਣ ਕਾਰਨ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਣ ਦੀ ਸੂਚਨਾ ਹੈ। ਆਈਜੀ ਬਠਿੰਡਾ ਰੇਂਜ ਐੱਮਐੱਫ ਫ਼ਾਰੂਕੀ ਤੇ ਐੱਸਐੱਸਪੀ ਡਾ. ਨਾਨਕ ਸਿੰਘ ਦੀਆਂ ਸਰਕਾਰੀ ਕੋਠੀਆਂ ਪਾਣੀ ਨਾਲ ਭਰ ਗਈਆਂ ਹਨ। ਆਈਜੀ ਦੀ ਕੋਠੀ ਅੰਦਰ 6-6 ਫੁੱਟ ਦੇ ਕਰੀਬ ਪਾਣੀ ਜਮ੍ਹਾਂ ਹੋ ਗਿਆ ਹੈ। ਆਈਜੀ ਦੀਆਂ ਗੱਡੀਆਂ ਪਾਣੀ 'ਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਮੀਂਹ ਦੇ ਪਾਣੀ ਨੂੰ ਰੋਕਣ ਲਈ ਐੱਸਐੱਸਪੀ ਦੀ ਕੋਠੀ ਅੱਗੇ ਮਿੱਟੀ ਨਾਲ ਭਰ ਕੇ ਗੱਟੇ ਲਗਾਏ ਗਏ ਸਨ ਪਰ ਉਹ ਵੀ ਕਿਸੇ ਕੰਮ ਨਹੀਂ ਆਏ। ਪਾਣੀ ਕੋਠੀ ਅੰਦਰ ਜਮ੍ਹਾਂ ਹੋ ਗਿਆ।
ਸੰਬੰਧਿਤ ਖ਼ਬਰਾਂ
ਜ਼ਿਲ੍ਹੇ ਅੰਦਰ 130 ਐਮਐਮ ਮੀਂਹ ਪੈਣ ਦੀ ਰਿਪੋਰਟ ਮੌਸਮ ਵਿਭਾਗ ਨੇ ਦਿੱਤੀ ਹੈ। ਵਿਭਾਗ ਅਨੁਸਾਰ ਇਸ ਮਹੀਨੇ ਪਏ ਮੀਂਹ ਨੇ ਪਿਛਲੇ 200 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਮਿੰਨੀ ਸਕੱਤਰੇਤ, ਮਾਲ ਰੋਡ, ਪਾਵਰ ਹਾਊਸ ਰੋਡ, ਭੱਟੀ ਰੋਡ, ਸੌ ਫੁੱਟੀ ਰੋਡ, ਸਿਰਕੀ ਬਜ਼ਾਰ, ਪਰਸਰਾਮ ਨਗਰ ਸਮੇਤ ਹੋਰ ਖੇਤਰ ਮੀਂਹ ਦੇ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਏ।
ਸਿਰਕੀ ਬਾਜ਼ਾਰ ਦੀਆਂ ਦੁਕਾਨਾਂ ਵਿਚ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ।ਮਾਲ ਰੋਡ 'ਤੇ ਵੀ ਦੁਕਾਨਾਂ ਵਿਚ ਪਾਣੀ ਜਮ੍ਹਾਂ ਹੋਣ ਦੀ ਸੂਚਨਾ ਹੈ। ਮੀਂਹ ਕਾਰਨ ਸ਼ਹਿਰ ਅੰਦਰ ਸਾਰਾ ਕੁੱਝ ਠੱਪ ਹੋ ਕੇ ਰਹਿ ਗਿਆ। ਬਹੁਤੇ ਸਰਕਾਰੀ ਤੇ ਨਿੱਜੀ ਸਕੂਲਾਂ 'ਚ ਛੁੱਟੀ ਕਰਨੀ ਪਈ ਹੈ। ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵੀ ਪਾਣੀ ਨਾਲ ਭਰ ਗਿਆ ਹੈ। ਸ਼ਹਿਰ ਵਿਚ ਘਰਾਂ ਅੱਗੇ ਖੜ੍ਹੀਆਂ ਕੀਤੀਆਂ ਗੱਡੀਆਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ। ਨਗਰ ਨਿਗਮ ਦੇ ਅਧਿਕਾਰੀ ਮੀਂਹ ਦਾ ਪਾਣੀ ਕੱਢਣ ਲਈ ਯਤਨ ਕਰ ਰਹੇ ਹਨ।






