ਦਿੜ੍ਹਬਾ : ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕਈ ਕਿਸਾਨ ਆਪਣੇ ਤੌਰ 'ਤੇ ਕਈ ਢੰਗ ਅਪਣਾ ਕੇ ਪਾਣੀ ਦੀ ਬਚਤ ਕਰਨ ਦੇ ਯਤਨ ਕਰ ਰਹੇ ਹਨ। ਉੱਥੇ ਬੇਲੋੜੀਆਂ ਖਾਦਾਂ ਅਤੇ ਹੋਰ ਖ਼ਰਚਿਆਂ ਦੀ ਵੀ ਬਚਤ ਹੋ ਰਹੀ ਹੈ। ਦਿੜ੍ਹਬਾ ਵਾਸੀ ਕਿਸਾਨ ਹਰਜੀਤ ਸਿੰਘ ਘੁਮਾਣ ਨੇ ਦਿੜ੍ਹਬਾ ਇਲਾਕੇ 'ਚ ਪਹਿਲੀ ਵਾਰ ਖੇਤ 'ਚ ਵੱਟਾਂ ਪਾ ਕੇ ਮਿਰਚਾਂ ਦੀ ਤਰ੍ਹਾਂ ਝੋਨਾ ਲਾਇਆ ਹੈ। ਇਸ ਨਾਲ ਝੋਨੇ ਦੀ ਪਨੀਰੀ ਦੀ ਬਚਤ ਦੇ ਨਾਲ ਝੋਨਾ ਲਾਉਣ ਤੋਂ ਪਹਿਲਾਂ ਖੇਤ 'ਚ ਪਾਣੀ ਛੱਡ ਕੇ ਕੀਤਾ ਜਾਂਦਾ ਕੱਦੂ ਵੀ ਨਹੀਂ ਕੀਤਾ ਗਿਆ ਜਿਸ ਨਾਲ ਟ੍ਰੈਕਟਰ ਚਲਾਉਣ 'ਤੇ ਡੀਜ਼ਲ ਦਾ ਖ਼ਰਚਾ ਵੀ ਬਚ ਗਿਆ।
ਸੰਬੰਧਿਤ ਖ਼ਬਰਾਂ
ਹਰਜੀਤ ਸਿੰਘ ਨੇ ਕਿਹਾ ਕਿ ਉਸ ਨੇ ਸੁੱਕੇ ਖੇਤ 'ਚ ਵੱਟਾਂ ਪਾਈਆਂ ਜਿਨ੍ਹਾਂ ਦੀ ਦੂਰੀ 12 ਇੰਚ ਦੇ ਕਰੀਬ ਹੈ। ਇਸ ਤੋਂ ਬਾਅਦ ਖੇਤ 'ਚ ਇਨਾਂ ਵੱਟਾਂ 'ਤੇ ਝੋਨੇ ਦੀ ਪਨੀਰੀ ਲਾਈ ਗਈ। ਇਸ ਦੇ ਨਾਲੀ ਹੀ ਖੇਤ 'ਚ ਪਾਣੀ ਛੱਡ ਦਿੱਤਾ ਗਿਆ। ਪਾਣੀ ਪਾਉਣ ਸਮੇਂ ਆਮ ਝੋਨਾ ਲਾਉਣ ਦੇ ਪੁਰਾਣੇ ਢੰਗ ਨਾਲੋਂ ਅੱਧਾ ਪਾਣੀ ਖੇਤ ਨੂੰ ਲੱਗਾ ਹੈ। ਝੋਨਾ ਲਾਉਣ ਸਮੇਂ ਪਾਣੀ ਤੇ ਡੀਜ਼ਲ ਦੀ ਪਹਿਲਾਂ ਨਾਲੋਂ ਅੱਧੀ ਬਚਤ ਹੋਈ ਹੈ। ਉਸ ਨੇ ਅੱਗੇ ਕਿਹਾ ਕਿ ਇਸ ਢੰਗ ਨਾਲ ਲਾਈ ਝੋਨੇ ਦੀ ਫਸਲ ਨੂੰ ਯੂਰੀਆ ਖਾਦ ਤੇ ਹੋਰ ਪੈਸਟੀਸਾਈਡਜ਼ ਵੀ ਬਹੁਤ ਘੱਟ ਮਾਤਰਾ 'ਚ ਵਰਤੇ ਜਾਣਗੇ। ਵੱਟਾਂ 'ਤੇ ਝੋਨਾ ਲਾਉਣ ਨਾਲ ਝੋਨੇ ਦੀ ਫਸਲ 'ਚ ਹਵਾ ਵੀ ਲੱਗਦੀ ਰਹੇਗੀ।
ਹਰਜੀਤ ਸਿੰਘ ਨੇ ਇਸ ਸਾਲ 2 ਏਕੜ ਝੋਨੇ ਦੀ ਫਸਲ ਇਸ ਢੰਗ ਨਾਲ ਲਾਈ ਹੈ। ਜੇਕਰ ਇਹ ਤਰੀਕਾ ਕਾਮਯਾਬ ਰਿਹਾ ਤਾਂ ਉਹ ਆਉਣ ਵਾਲੇ ਸਮੇਂ 'ਚ ਸਾਰਾ ਝੋਨਾ ਇਸ ਢੰਗ ਨਾਲ ਲਾਵੇਗਾ। ਇਸ ਦੇ ਨਾਲ ਪਰਾਲੀ ਨੂੰ ਅੱਗ ਲਾਉਣ ਦਾ ਨੌਬਤ ਵੀ ਨਹੀਂ ਆਵੇਗੀ। ਉਸ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਢੰਗ ਨਾਲ ਝੋਨਾ ਲਾ ਕੇ ਪਾਣੀ ਦੀ ਬਚਤ, ਵਾਤਵਰਣ ਦਾ ਸੁਧਾਰ ਅਤੇ ਮੁਨਾਫਾ ਵੀ ਵੱਧ ਕਮਾਇਆ ਜਾ ਸਕਦਾ ਹੈ।






