ਅੰਮਿ੍ਤਸਰ (ਇੰਦਰਜੀਤ ਸਿੰਘ) : ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲਾਸਾਨੀ ਸ਼ਹੀਦੀ ਮਾਰਚ ਸ੍ਰੀ ਗੁਰੂ ਅੰਗਦ ਦੇਵ ਜੀ ਨਿਵਾਸ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ਾਲਸਾਈ ਜਾਹੋ ਜਲਾਲ ਨਾਲ ਕੱਿਢਆ ਗਿਆ। ਇਹ ਮਾਰਚ ਭੰਡਾਰੀ ਪੁਲ਼ ਤੋਂ ਸ਼ੁਰੂ ਹੋ ਕੇ ਹਾਲ ਗੇਟ, ਹਾਲ ਬਾਜ਼ਾਰ, ਗੋਲ ਹੱਟੀ ਚੌਕ, ਟਾਊਨ ਹਾਲ, ਵਿਰਾਸਤੀ ਮਾਰਗ ਰਾਹੀਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਮਾਪਤ ਹੋਇਆ। ਇਸ ਸ਼ਹੀਦੀ ਮਾਰਚ ਵਿਚ ਵੱਖ-ਵੱਖ ਸਕੂਲ ਦੇ ਬੱਚਿਆਂ ਨੇ ਖਾਲਸਾਈ ਬਾਣੇ ਵਿਚ ਸ਼ਮੂਲੀਅਤ ਕਰਕੇ ਗਤਕੇ ਦੇ ਜੌਹਰ ਦਿਖਾਏ। ਵੱਖ ਵੱਖ ਸਭਾ ਸੁਸਾਇਟੀਆਂ ਦੇ ਸ਼ਬਦੀ ਜੱਥਿਆਂ ਵੱਲੋਂ ਗੁਰਬਾਣੀ ਨਾਮ ਸਿਮਰਨ ਕਰਦੇ ਹੋਏ ਹਾਜ਼ਰੀਆਂ ਭਰੀਆਂ।
ਸੰਬੰਧਿਤ ਖ਼ਬਰਾਂ
ਸਮਾਪਤੀ ਮੌਕੇ ਲਾਸਾਨੀ ਸ਼ਹੀਦੀ ਮਾਰਚ 'ਚ ਸ਼ਾਮਲ ਹੋਣ ਵਾਲੇ ਬੱਚਿਆਂ ਨੂੰ ਯਾਦਗਾਰੀ ਪ੍ਰਸੰਸਾ ਪੱਤਰ, ਮੈਡਲ ਤੇ ਧਾਰਮਿਕ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ। ਮਾਰਚ ਦੇ ਪ੍ਰਬੰਧਕ ਸਤਨਾਮ ਸਿੰਘ ਸਲੂਜਾ ਨੇ ਦੱਸਿਆ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲਾਸਾਨੀ ਸ਼ਹੀਦੀ ਮਾਰਚ ਹਰ ਸਾਲ ਸ਼ਹੀਦੀ ਹਫਤੇ ਦੌਰਾਨ ਸਜਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਬੱਚਿਆਂ ਨੂੰ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਸਾਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਅਹਿਸਾਸ ਕਰਵਾਇਆ ਜਾ ਸਕੇ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲਾਸਾਨੀ ਸ਼ਹੀਦੀ ਮਾਰਚ 'ਚ ਗੱਤਕੇ ਦੇ ਜੋਹਰ ਵਿਖਾ ਕੇ ਸੰਗਤ ਨੂੰ ਆਪਣੇ ਵੱਲ ਕੇਂਦਰਤ ਕੀਤਾ।
ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਅਲਾਦੀਨ ਪੁਰ ਨੇ ਕਿਹਾ ਕਿ ਸੰਸਥਾ ਵਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾਂਦਾ ਹੈ, ਅਜਿਹੇ ਪ੍ਰਰੋਗਰਾਮਾਂ ਨਾਲ ਨੌਜਵਾਨ ਪੀੜੀ ਨੂੰ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ। ਮਾਰਚ ਵਿਚ ਸੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਹਰਮੀਤ ਸਿੰਘ ਸਲੂਜਾ, ਅਮਰਬੀਰ ਸਿੰਘ ਢੋਟ, ਜਰਨੈਲ ਸਿੰਘ, ਬੀਬੀ ਪਰਮਜੀਤ ਕੌਰ ਪਿੰਕੀ, ਜਸਪਾਲ ਸਿੰਘ, ਜਥੇਦਾਰ ਸੁਖਵੰਤ ਸਿੰਘ ਬਿੱਟੂ ਆਦਿ ਸ਼ਾਮਲ ਸਨ।






