ਕਪੂਰਥਲਾ : ਸਿਵਲ ਹਸਪਤਾਲ ਕਪੂਰਥਲਾ ਵਿਚ ਮੰਗਲਵਾਰ ਨੂੰ ਦੁਪਹਿਰ 1:30 ਵਜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮਾਡਰਨ ਜ਼ੇਲ੍ਹ ਕਪੂਰਥਲਾ ਵਿਚ ਕਤਲ, ਇਰਾਦਾ ਕਤਲ, ਲੁੱਟਾਂ ਖੋਹਾਂ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲਿਆਂ ਵਿਚ ਬੰਦ ਇਕ ਹਵਾਲਾਤੀ ਗੈਂਗਸਟਰ ਹਰਭੇਜ ਸਿੰਘ ਭੇਜਾ ਪੁੱਤਰ ਸਲਵਿੰਦਰ ਸਿੰਘ ਵਾਸੀ ਸੁਲਤਾਨਵਿੰਡ ਨੂੰ ਚੈੱਕਅਪ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ 5 ਨੌਜਵਾਨ ਜੋ ਤਾਬੜਤੋੜ ਫਾਈਰਿੰਗ ਕਰਦੇ ਹੋਏ ਉਸਨੂੰ ਭਜਾ ਕੇ ਲਿਜਾਣ ਵਿਚ ਸਫ਼ਲ ਹੋ ਗਏ।ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਅਤੇ ਐੱਸਐੱਚਓ ਸਿਟੀ ਯਾਦਵਿੰਦਰ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਲੋਕਾਂ ਦੇ ਸਹਿਯੋਗ ਨਾਲ ਹਰਭੇਜ ਸਿੰਘ ਭੇਜਾ ਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ।
ਐੱਸਐੱਸਪੀ ਸਤਿੰਦਰ ਸਿੰਘ ਵੱਲੋਂ ਸੀਆਈਏ ਸਟਾਫ਼ ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਮਾਡਰਨ ਜ਼ੇਲ੍ਹ ਦੀ ਗਾਰਦ ਵੱਲੋਂ ਤਿੰਨ ਹਵਾਲਾਤੀਆਂ ਜਿੰਨਾਂ ਵਿਚ ਹਰਭੇਜ ਸਿੰਘ ਭੇਜਾ ਪੁੱਤਰ ਸੁਲਿੰਦਰ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ, ਅਜੈ ਕੁਮਾਰ ਪੁੱਤਰ ਗੁਰਮੀਤ ਸਿੰਘ, ਵਿਜੈ ਕੁਮਾਰ ਪੁੱਤਰ ਰਮੇਸ਼ ਨੂੰ ਸਿਵਲ ਹਸਪਤਾਲ ਵਿਚ ਚੈੱਕਅਪ ਵਾਸਤੇ ਲਿਆਂਦਾ ਗਿਆ ਤਾਂ ਜਦੋਂ ਕਾਂਸਟੇਬਲ ਜਤਿੰਦਰ ਸਿੰਘ ਹਵਾਲਾਤੀ ਵਿਜੈ ਕੁਮਾਰ ਨੂੰ ਡਾਕਟਰ ਕੋਲ ਚੈੱਕਅਪ ਕਰਵਾ ਰਿਹਾ ਸੀ ਤਾਂ ਇੰਨੇ ਨੂੰ ਹਵਾਲਾਤੀ ਹਰਭੇਜ ਸਿੰਘ ਭੇਜਾ ਕਾਂਸਟੇਬਲ ਕੇਹਰ ਸਿੰਘ ਨੂੰ ਧੱਕਾ ਮਾਰ ਕੇ ਭੱਜ ਪਿਆ ਤੇ ਉਸੇ ਸਮੇਂ ਚਾਰ ਮੋਨੇ ਨੌਜਵਾਨ ਤੇਜ਼ੀ ਨਾਲ ਆਏ ਅਤੇ ਹਵਾਈ ਫਾਇਰ ਕਰਦੇ ਹੋਏ ਧੱਕੇ ਨਾਲ ਗੰਨ ਪੁਆਇੰਟ ਤੇ ਹਰਭੇਜ ਸਿੰਘ ਨੂੰ ਛੁਡਾ ਕੇ ਮੋਟਰ ਸਾਈਕਲ ਬੁਲਟ ਨੰਬਰ ਪੀਬੀ02-ਡੀਕਿਊ-6894 ਅਤੇ ਮੋਟਰ ਸਾਈਕਲ ਸਪਲੈਂਡਰ ਨੰਬਰ ਪੀਬੀ02-ਏਵਾਈ-5598 'ਤੇ ਸਵਾਰ ਹੋ ਕੇ ਫਰਾਰ ਹੋ ਗਏ।
ਸੰਬੰਧਿਤ ਖ਼ਬਰਾਂ
ਸਿਵਲ ਹਸਪਤਾਲ ਦੇ ਗੇਟ ਤੇ ਸਪਲੈਂਡਰ ਮੋਟਰ ਸਾਈਕਲ ਸਵਾਰ ਭੱਜਦੇ ਦੋ ਮੁਲਜ਼ਮਾਂ ਨੂੰ ਪੁਲਿਸ ਦੇ ਕਰਮਚਾਰੀਆਂ ਨੇ ਧੱਕਾ ਮਾਰ ਕੇ ਹੇਠਾਂ ਸੁੱਟ ਲਿਆ ਅਤੇ ਬੁਲਟ ਮੋਟਰ ਸਾਈਕਲ 'ਤੇ ਸਵਾਰ ਮੁਲਜ਼ਮ ਹਰਭੇਜ ਸਿੰਘ ਭੇਜਾ ਨੂੰ ਲੈ ਕੇ ਫਰਾਰ ਹੋ ਗਏ। ਸਪਲੈਂਡਰ ਮੋਟਰ ਸਾਈਕਲ ਤੋਂ ਡਿੱਗੇ ਮੁਲਜ਼ਮ ਪੈਦਲ ਹੀ ਦੌੜ ਪਏ ਅਤੇ ਮੁਲਜ਼ਮਾਂ ਨੂੰ ਕਾਂਸਟੇਬਲ ਜਤਿੰਦਰ ਸਿੰਘ ਅਤੇ ਹੈੱਡਕਾਂਸਟੇਬਲ ਮੇਜਰ ਸਿੰਘ ਨੇ ਜਦੋਂ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਇਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਦੇਸੀ ਰਿਵਾਲਵਰ ਨਾਲ 7-8 ਫਾਇਰ ਕੀਤੇ ਪਰ ਪੁਲਿਸ ਪਾਰਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਦੋਵਾਂ ਮੁਲਾਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਲਿਆ।ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਸਰਵਨ ਸਿੰਘ ਸੰਨੀ ਪੁੱਤਰ ਹੀਰਾ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਜਿਸ ਦੇ ਖਿਲਾਫ਼ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਦੋ ਮੁਕੱਦਮੇ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਵਿਚ ਦਰਜ ਹਨ ਤੇ ਇਸੇ ਤਰ੍ਹਾਂ ਹੀ ਦੂਜੇ ਮੁਲਜ਼ਮ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਜੀਠਾ ਰੋਡ ਪਾਵਰ ਕਾਲੋਨੀ ਅੰਮ੍ਰਿਤਸਰ ਦੇ ਖਿਲਾਫ ਵੀ ਮੁਕੱਦਮਾ ਦਰਜ ਹੈ।
ਕਾਬੂ ਕੀਤੇ ਗਏ ਮੁਲਜ਼ਮਾਂ ਅਤੇ ਫਰਾਰ ਮੁਲਜ਼ਮਾਂ ਦੇ ਖਿਲਾਫ਼ ਥਾਣਾ ਸਿਟੀ ਦੀ ਪੁਲਿਸ ਵੱਲੋਂ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਾਬੂ ਕੀਤੇ ਗਏ ਦੋਵਾਂ ਮੁਲਾਜ਼ਮਾਂ ਪਾਸੋਂ ਇਕ ਦੇਸੀ ਰਿਵਾਲਵਰ, 15 ਜਿੰਦਾ ਰੋਂਦ, 4 ਖੋਲ ਅਤੇ 1 ਮੋਟਰ ਸਾਈਕਲ ਦੀ ਬਰਾਮਦਗੀ ਕੀਤੀ ਗਈ ਹੈ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਹਰਭੇਜ ਸਿੰਘ ਭੇਜਾ ਨੂੰ ਬੁਲਟ ਮੋਟਰ ਸਾਈਕਲ 'ਤੇ ਲੈ ਕੇ ਫਰਾਰ ਹੋਏ ਦੋਵਾਂ ਮੁਲਾਜ਼ਮਾਂ ਦੀ ਪਹਿਚਾਣ ਆਕਾਸ਼ ਮਾਨ ਪੁੱਤਰ ਸੁਰਿੰਦਰ ਪਾਲ ਅਤੇ ਆਜ਼ਾਦੀ ਮੱਲ ਦੋਵੇਂ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਫਰਾਰ ਹੋਏ ਹਵਾਲਾਤੀ ਹਰਭੇਜ ਸਿੰਘ ਭੇਜਾ ਦੇ ਖਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਕੁੱਲ 17 ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚ 1 ਕਤਲ, 6 ਇਰਾਦਾ ਕਤਲ, 2 ਨਸ਼ਾ ਤਸਕਰੀ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ।






