|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੰਗਰੇਜ਼ੀ ਵਿਚ ਏਜੰਡਾ ਦੇਖ ਕੇ 'ਤੱਤੇ' ਹੋਏ ਸਿਹਤ ਮੰਤਰੀ ਮੌਕੇ 'ਤੇ ਹੀ ਅਧਿਕਾਰੀਆਂ ਦੀ ਝਾੜਝੰਬ

ਐੱਸਏਐੱਸ ਨਗਰ : ਪੰਜਾਬ ਦੇ ਨਵੇਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਕਾਰੀਆਂ ਨਾਲ ਆਪਣੀ ਪਲੇਠੀ ਮੀਟਿੰਗ ਦੌਰਾਨ ਹੀ ਅਫਸਰਾਂ ਦੇ ਸਿਰਾਂ ਤੋਂ ਅੰਗਰੇਜ਼ੀ ਦਾ 'ਭੂਤ' ਉਤਾਰ ਦਿੱਤਾ। ਮੀਟਿੰਗ ਦੌਰਾਨ ਉਹ ਅਫਸਰਾਂ ਵੱਲੋਂ ਅੰਗਰੇਜ਼ੀ ਵਿਚ ਤਿਆਰ ਕੀਤਾ ਏਜੰਡਾ ਦੇਖ ਕੇ 'ਤੱਤੇ' ਹੋ ਗਏ ਤੇ ਉਹਨਾਂ ਨੇ ਮੌਕੇ 'ਤੇ ਹੀ ਅਧਿਕਾਰੀਆਂ ਦੀ ਝਾੜਝੰਬ ਕਰਦਿਆਂ ਅਗਲੀ ਮੀਟ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਐੱਸਏਐੱਸ ਨਗਰ : ਪੰਜਾਬ ਦੇ ਨਵੇਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਕਾਰੀਆਂ ਨਾਲ ਆਪਣੀ ਪਲੇਠੀ ਮੀਟਿੰਗ ਦੌਰਾਨ ਹੀ ਅਫਸਰਾਂ ਦੇ ਸਿਰਾਂ ਤੋਂ ਅੰਗਰੇਜ਼ੀ ਦਾ 'ਭੂਤ' ਉਤਾਰ ਦਿੱਤਾ। ਮੀਟਿੰਗ ਦੌਰਾਨ ਉਹ ਅਫਸਰਾਂ ਵੱਲੋਂ ਅੰਗਰੇਜ਼ੀ ਵਿਚ ਤਿਆਰ ਕੀਤਾ ਏਜੰਡਾ ਦੇਖ ਕੇ 'ਤੱਤੇ' ਹੋ ਗਏ ਤੇ ਉਹਨਾਂ ਨੇ ਮੌਕੇ 'ਤੇ ਹੀ ਅਧਿਕਾਰੀਆਂ ਦੀ ਝਾੜਝੰਬ ਕਰਦਿਆਂ ਅਗਲੀ ਮੀਟਿੰਗ ਤੋਂ ਮੀਟਿੰਗ ਦਾ ਏਜੰਡਾ ਪੰਜਾਬੀ 'ਚ ਲਿਖਣ ਲਈ ਕਿਹਾ।ਦੱਸਣਯੋਗ ਹੈ ਕਿ ਇੱਥੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਫ਼ੇਜ਼-6 ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਹੁਦਾ ਮਿਲਣ ਤੋਂ ਬਾਅਦ ਅਫਸਰਾਂ ਨਾਲ ਆਪਣੀ ਪਲੇਠੀ ਮੀਟਿੰਗ ਲੈ ਰਹੇ ਸਨ। ਮੀਟਿੰਗ ਵਿਚ ਆਉਂਦਿਆਂ ਹੀ ਜਦੋਂ ਉਹਨਾਂ ਨੇ ਏਜੰਡੇ 'ਤੇ ਨਿਗ੍ਹਾ ਮਾਰੀ ਤਾਂ ਉਹ ਅੰਗਰੇਜ਼ੀ ਵਿਚ ਨਿੱਕਲਿਆ।

ਸੰਬੰਧਿਤ ਖ਼ਬਰਾਂ

ਇਸ 'ਤੇ ਸਿਹਤ ਮੰਤਰੀ ਲੋਹੇ ਲਾਖੇ ਹੋ ਗਏ ਅਤੇ ਉਹਨਾਂ ਨੇ ਹਾਜ਼ਿਰ ਅਫਸਰਾਂ ਦੀ 'ਸਿਹਤ ਖਰਾਬ' ਕਰ ਦਿੱਤੀ। ਉਹਨਾਂ ਮੌਕੇ 'ਤੇ ਹੀ ਹਦਾਇਤ ਦਿੱਤੀ ਕਿ ਅਗਲੀ ਮੀਟਿੰਗ ਤੋਂ ਏਜੰਡਾ ਪੰਜਾਬੀ ਵਿਚ ਹੋਵੇ।ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਸਰਕਾਰੀ ਡਾਕਟਰ ਜੈਨੇਰਿਕ ਦਵਾਈਆਂ ਲਿਖਣ ਨੂੰ ਤਰਜੀਹ ਦੇਣ ਤਾਂ ਜੋ ਮਰੀਜ਼ਾਂ ਨੂੰ ਵਾਜਬ ਕੀਮਤਾਂ ਉਤੇ ਦਵਾਈਆਂ ਮਿਲਣ। ਉਨਾਂ ਸਾਰੇ ਜ਼ਿਲਾ ਹਸਪਤਾਲਾਂ ਵਿੱਚ 25 ਜੂਨ ਤਕ ਜਨ ਅੌਸ਼ਧੀ ਸੈਂਟਰ ਸ਼ੁਰੂ ਕਰਨ ਲਈ ਕਿਹਾ ਤਾਂ ਕਿ ਗਰੀਬਾਂ ਦੀ ਲੁੱਟ ਨਾ ਹੋਵੇ।ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਜਿਨਾਂ ਦਵਾਈਆਂ ਦੀ ਵਰਤੋਂ ਨਸ਼ੇ ਲਈ ਹੁੰਦੀ ਹੈ, ਉਹ ਜਦੋਂ ਸਰਕਾਰੀ ਹਸਪਤਾਲਾਂ ਵਿੱਚੋਂ ਮਿਲਣ ਤਾਂ ਉਸ ਦੇ ਪੱਤੇ ਦਾ ਰੰਗ ਬਾਜ਼ਾਰ ਵਿਚ ਮਿਲਦੀ ਉਸੇ ਦਵਾਈ ਦੇ ਪੱਤੇ ਨਾਲੋਂ ਵੱਖਰਾ ਹੋਵੇ ਤਾਂ ਜੋ ਫੜੇ ਜਾਣ ਉਤੇ ਪਤਾ ਲੱਗ ਸਕੇ ਕਿ ਕੀ ਇਹ ਦਵਾਈ ਸਰਕਾਰੀ ਹਸਪਤਾਲ ਵਿੱਚੋਂ ਤਾਂ ਨਹੀਂ ਆਈ। ਉਨਾਂ ਇਸ ਬਾਰੇ ਸਪਲਾਇਰਾਂ ਨਾਲ ਗੱਲ ਕਰਨ ਲਈ ਕਿਹਾ।

ਸਿਹਤ ਮੰਤਰੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਸਸਤੇ ਭਾਅ ਉਤੇ ਸਾਰਾ ਸਾਲ ਦਵਾਈਆਂ ਮਿਲਣੀਆਂ ਯਕੀਨੀ ਬਣਾਈਆਂ ਜਾਣ। ਉਨਾਂ ਇਹ ਵੀ ਆਦੇਸ਼ ਦਿੱਤਾ ਕਿ ਦਵਾਈਆਂ ਦੀ ਕੀਮਤ ਪਹਿਲਾਂ ਸੂਬਾ ਪੱਧਰ ਉਤੇ ਤੈਅ ਹੋਵੇ, ਉਸ ਤੋਂ ਬਾਅਦ ਜ਼ਿਲਿਆਂ ਵਿਚ ਉਸੇ ਕੀਮਤ ਉਤੇ ਦਵਾਈਆਂ ਖਰੀਦੀਆਂ ਜਾਣ ਤਾਂ ਕਿ ਕਿਤੇ ਵੀ ਵੱਧ ਕੀਮਤ ਨਾ ਤਾਰਨੀ ਪਵੇ। ਉਨਾਂ ਬਾਇਓ ਮੈਡੀਕਲ ਵੇਸਟ ਦਾ ਨਿਬੇੜਾ ਸਹੀ ਤਰੀਕੇ ਨਾਲ ਕਰਨ ਅਤੇ ਇਸ ਉਤੇ ਆਉਂਦੇ ਖਰਚ ਵਿੱਚ ਕਟੌਤੀ ਕਰਨ ਦਾ ਵੀ ਹੁਕਮ ਦਿੱਤਾ। ਉਨਾਂ ਨਾਲ ਹੀ ਆਖਿਆ ਕਿ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਪੂਰੇ ਪ੍ਰਬੰਧ ਕੀਤੇ ਜਾਣ। ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸਤੀਸ਼ ਚੰਦਰਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਐੱਮਡੀ ਅਮਿਤ ਕੁਮਾਰ ਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਹਾਜ਼ਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!