ਲੁਧਿਆਣਾ (ਇੰਦਰਜੀਤ ਸਿੰਘ) : ਹੀਰੋ ਸਾਈਕਲ ਸਾਲ 2022 ਤਕ ਸਾਈਕਲ ਵੈਲੀ ਬਣਾ ਕੇ ਚਾਰ ਮਿਲੀਅਨ ਸਾਈਕਲਾਂ ਦਾ ਨਿਰਮਾਣ ਕਰੇਗਾ। ਇਸ 'ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਾਈਕਲ ਵੈਲੀ ਦੇ ਨਿਰਮਾਣ 'ਚ ਸਿੱਧੀ ਸੜਕ ਨਾ ਬਣਨਾ ਸਭ ਤੋਂ ਵੱਡਾ ਅੜਿੱਕਾ ਸੀ। ਇਹ ਕਹਿਣਾ ਹੈ ਹੀਰੋ ਮੋਟਰਜ਼ ਕੰਪਨੀ ਦੇ ਡਾਇਰੈਕਟਰ ਆਦਿਤਿਆ ਮੁੰਜਾਲ ਦਾ। ਉਹ ਸ਼ਨਿਚਰਵਾਰ ਨੂੰ ਦਿੱਲੀ ਰੋਡ ਸਥਿਤ ਕਾਰਪੋਰੇਟ ਦਫ਼ਤਰ 'ਚ ਮੀਡੀਆ ਨਾਲ ਰੂਬਰੂ ਹੋਏ।
ਸੰਬੰਧਿਤ ਖ਼ਬਰਾਂ
ਆਦਿਤਿਆ ਮੁੰਜਾਲ ਨੇ ਕਿਹਾ ਕਿ 2020 'ਚ ਸਾਈਕਲ ਵੈਲੀ 'ਚ ਦੋ ਮਿਲੀਅਨ ਦੀ ਕੈਪੇਸਿਟੀ ਦਾ ਕੰਮ ਸ਼ੁਰੂ ਹੋ ਜਾਵੇਗਾ। ਜਦਕਿ 2022 ਤਕ ਸਾਈਕਲ ਵੈਲੀ ਪ੍ਰੋਜੈਕਟ ਪੂਰੀ ਕੈਪੇਸਿਟੀ 'ਤੇ ਕੰਮ ਕਰ ਕੇ ਚਾਰ ਮਿਲੀਅਨ ਸਾਈਕਲਾਂ ਦਾ ਨਿਰਮਾਣ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੰਪਨੀ ਦਾ ਟੀਚਾ ਵਰਲਡ ਦੀ ਮਾਰਕੀਟ ਦਾ 10 ਫ਼ੀਸਦੀ ਸ਼ੇਅਰ ਲੈਣ ਦਾ ਹੈ ਜਦਕਿ ਇਸ ਵੇਲੇ ਕੰਪਨੀ ਪੰਜ ਫ਼ੀਸਦੀ ਸ਼ੇਅਰਾਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਈਕਲ ਇੰਡਸਟਰੀ 'ਚ ਕੋਈ ਮੰਦੀ ਨਹੀਂ ਹੈ। ਹੀਰੋ ਗਰੁੱਪ ਨੇ ਪਿਛਲੇ ਸਾਲ ਦੇ ਮੁਕਾਬਲੇ ਸੱਤ ਫ਼ੀਸਦੀ ਗ੍ਰੋਥ ਕੀਤੀ ਹੈ। ਕੰਪਨੀ ਹੁਣ ਇਲੈਕਟ੍ਰਿਕ ਵਹੀਕਲਜ਼ 'ਤੇ ਫੋਕਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਹਰ ਚੀਜ਼ 'ਚ ਬਦਲਾਅ ਕਰਨਾ ਜ਼ਰੂਰੀ ਹੈ। ਇਸ ਵੇਲੇ 36 ਵੱਡੇ ਸ਼ਹਿਰਾਂ 'ਚ ਕੰਪਨੀ ਦੇ ਇਲੈਕਟ੍ਰੋ ਬ੍ਰਾਂਡ ਦੇ ਨਾਂ ਨਾਲ ਇਲੈਕਟ੍ਰਿਕ ਵਹੀਕਲ 10 ਹਜ਼ਾਰ ਤੋਂ 1.50 ਲੱਖ ਰੁਪਏ 'ਚ ਵੇਚੇ ਜਾ ਰਹੇ ਹਨ।






