ਅੰਮ੍ਰਿਤਸਰ (ਪਾਇਲ )- ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU), ਅੰਮ੍ਰਿਤਸਰ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਪਖਵਾੜੇ ਦੇ ਅਧੀਨ 'ਹਿੰਦੀ ਉਤਸਵ-2025' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਹਿੰਦੀ ਕਵਿਤਾ ਪਾਠ, ਲੇਖ ਲਿਖਣ, ਅਤੇ ਭਾਸ਼ਣ ਮੁਕਾਬਲੇ ਵਰਗੇ ਸਾਹਿਤਕ ਪ੍ਰੋਗਰਾਮ ਪੇਸ਼ ਕੀਤੇ। ਪ੍ਰੋਗਰਾਮ ਦੀ ਮੁੱਖ ਥੀਮ 'ਹਿੰਦੀ: ਏਕਤਾ ਦੀ ਭਾਸ਼ਾ' ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਹਿੰਦੀ ਦੀ ਮਹੱਤਤਾ ਅਤੇ ਇਸ ਦੀ ਵਿਸ਼ਵੀ ਪਛਾਣ 'ਤੇ ਚਾਨਣਾ ਪਾਇਆ।
ਵਿਭਾਗ ਦੇ ਮੁਖੀ ਅਤੇ ਡੀਨ, ਭਾਸ਼ਾ-ਫੈਕਲਟੀ ਪ੍ਰੋ. ਸੁਨੀਲ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਹਿੰਦੀ ਸਿਰਫ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਆਤਮਾ ਅਤੇ ਸੰਸਕ੍ਰਿਤੀ ਦਾ ਪ੍ਰਤੀਬਿੰਬ ਹੈ।" ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਹਿੰਦੀ ਭਾਰਤ ਦੀ ਰਾਜਭਾਸ਼ਾ ਹੈ ਅਤੇ ਇਹ ਦੇਸ਼ ਦੀ ਸਭਿਆਚਾਰਕ ਏਕਤਾ ਦਾ ਪ੍ਰਤੀਕ ਹੈ। ਹਿੰਦੀ ਨੂੰ ਭਾਰਤ ਦੇ ਕੋਨੇ-ਕੋਨੇ ਵਿੱਚ ਬੋਲਿਆ ਅਤੇ ਸਮਝਿਆ ਜਾਂਦਾ ਹੈ, ਜਿਸ ਕਾਰਨ ਇਹ ਦੇਸ਼ ਨੂੰ ਜੋੜਨ ਵਾਲੀ ਮੁੱਖ ਕੜੀ ਬਣੀ ਹੋਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਹਿੰਦੀ ਦੀ ਪਛਾਣ ਵਧ ਰਹੀ ਹੈ ਅਤੇ ਦੁਨੀਆ ਭਰ ਵਿੱਚ ਲੱਖਾਂ ਲੋਕ ਇਸ ਨੂੰ ਬੋਲਦੇ ਹਨ। ਵਿਸ਼ਵ ਹਿੰਦੀ ਸੰਮੇਲਨ, ਵਿਸ਼ਵ ਹਿੰਦੀ ਦਿਵਸ, ਅੰਤਰਰਾਸ਼ਟਰੀ ਮਾਤ੍ਰੀਭਾਸ਼ਾ ਦਿਵਸ ਅਤੇ ਹਿੰਦੀ ਦਿਵਸ ਵਰਗੇ ਆਯੋਜਨ ਹਿੰਦੀ ਨੂੰ ਵਿਸ਼ਵੀ ਮੰਚ 'ਤੇ ਮਾਨਤਾ ਦਿਵਾ ਰਹੇ ਹਨ। ਡਿਜੀਟਲ ਯੁੱਗ ਵਿੱਚ ਹਿੰਦੀ ਇੰਟਰਨੈਟ, ਸੋਸ਼ਲ ਮੀਡੀਆ, ਗਿਆਨ-ਵਿਗਿਆਨ ਅਤੇ ਮਨੋਰੰਜਨ ਦੇ ਖੇਤਰ ਵਿੱਚ ਤੇਜੀ ਨਾਲ ਫੈਲ ਰਹੀ ਹੈ।
ਸੰਬੰਧਿਤ ਖ਼ਬਰਾਂ
ਪ੍ਰੋ. ਸੁਨੀਲ ਕੁਮਾਰ ਨੇ ਅੱਗੇ ਕਿਹਾ ਕਿ ਹਿੰਦੀ ਨਾ ਸਿਰਫ ਇੱਕ ਭਾਸ਼ਾ ਹੈ, ਸਗੋਂ ਭਾਰਤ ਦੀ ਸੰਸਕ੍ਰਿਤੀ, ਪਰੰਪਰਾ ਅਤੇ ਵਿਚਾਰਧਾਰਾ ਦੀ ਵਾਹਕ ਵੀ ਹੈ। ਸੰਵਿਧਾਨ ਵੱਲੋਂ 14 ਸਤੰਬਰ 1949 ਨੂੰ ਹਿੰਦੀ ਨੂੰ ਰਾਜਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ, ਅਤੇ ਉਦੋਂ ਤੋਂ ਹਰ ਸਾਲ ਇਹ ਦਿਨ 'ਹਿੰਦੀ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦੀ ਸਰਾਹਨਾ ਕੀਤੀ ਅਤੇ ਹਿੰਦੀ ਭਾਸ਼ਾ ਨੂੰ ਰੋਜਾਨਾ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰੋ. ਸੁਨੀਲ ਕੁਮਾਰ ਨੇ ਵਿਭਾਗ ਵਿੱਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ 'ਸ਼ੋਧ-ਮੰਚ' ਬਣਾਉਣ ਦਾ ਐਲਾਨ ਵੀ ਕੀਤਾ, ਤਾਂ ਜੋ ਵਿਭਾਗ ਵਿੱਚ ਨਿਰੰਤਰ ਸਾਹਿਤਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਸਕੇ। ਇਸ ਦੇ ਨਾਲ ਹੀ ਵਿਭਾਗੀ ਪ੍ਰੇਮਚੰਦ ਹਿੰਦੀ ਸਾਹਿਤ ਪਰਿਸ਼ਦ ਦਾ ਪੁਨਰਗਠਨ ਵੀ ਕੀਤਾ ਗਿਆ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ।
ਪ੍ਰੋਗਰਾਮ ਦਾ ਸਫਲ ਸੰਚਾਲਨ ਐਮ.ਏ. ਤੀਜੇ ਸਮੈਸਟਰ ਦੀ ਵਿਦਿਆਰਥਣ ਸੁਸ਼ਰੀ ਭਵਿਆ ਨੇ ਕੀਤਾ। ਇਸ ਦੌਰਾਨ ਵਿਭਾਗ ਦੇ ਅਧਿਆਪਕ ਡਾ. ਸਪਨਾ ਸ਼ਰਮਾ, ਡਾ. ਲਵਲੀਨ ਕੌਰ, ਮੈਡਮ ਪਿੰਕੀ ਸ਼ਰਮਾ, ਡਾ. ਨੇਹਾ ਹੰਸ ਸਮੇਤ ਸਾਰੇ ਖੋਜਾਰਥੀ ਅਤੇ ਵਿਦਿਆਰਥੀ ਹਾਜਰ ਸਨ।






