ਚੰਡੀਗੜ : ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਐਸਜੀਪੀਸੀ ਦੀਆਂ ਆਮ ਚੋਣਾਂ ਕਰਵਾਉਣ ਸਬੰਧੀ ਇਕ ਖ਼ਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ। ਉਨ੍ਹਾਂ ਨੇ ਇਸ ਚਿੱਠੀ ਵਿਚ ਕਿਹਾ ਕਿ ਕੈਪਟਨ ਨੇ ਵਿਧਾਨ ਸਭਾ ਵਿਚ ਵਾਅਦਾ ਕੀਤਾ ਸੀ ਕਿ ਉਹ ਇਹ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣਗੇ ਪਰ ਨਾ ਤਾਂ ਉਹ ਰਾਜਨਾਥ ਸਿੰਘ ਨੂੰ ਮਿਲੇ ਅਤੇ ਨਾ ਹੀ ਇਸ ਮਾਮਲੇ ਨੂੰ ਅੱਗੇ ਵਧਾਇਆ।ਫੂਲਕਾ ਨੇ ਕਿਹਾ ਐਸਜੀਪੀਸੀ ਦੀ ਚੋਣ 2011 ਵਿਚ ਹੋਈ ਸੀ ਅਤੇ ਪੰਜ ਸਾਲ ਬਾਅਦ ਭਾਵ 2016 ਵਿਚ ਇਸ ਦੀ ਮਿਆਦ ਪੂਰੀ ਹੋ ਗਈ ਪਰ ਸ਼੍ਰੋਮਣੀ ਅਕਾਲੀ ਦਲ ਜੋ ਐਸਜੀਪੀਸੀ ਦੀ ਸੱਤਾ 'ਤੇ ਕਾਬਜ਼ ਹੈ, ਨੇ ਜਾਣਬੁੱਝ ਕੇ ਇਹ ਚੋਣਾਂ ਨਹੀਂ ਹੋਣ ਦਿੱਤੀਆਂ।
ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਾਣਦੇ ਹਨ ਕਿ ਜੇ ਚੋਣ ਹੋਈ ਤਾਂ ਉਨ੍ਹਾਂ ਦਾ ਐਸਜੀਪੀਸੀ ਤੋਂ ਕੰਟਰੋਲ ਖਤਮ ਹੋ ਜਾਵੇਗਾ। ਫੂਲਕਾ ਨੇ ਆਪਣੇ ਪੱਤਰ ਵਿਚ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਨੂੰ ਲੈ ਕੇ ਨਵੀਂ ਬਣਨ ਵਾਲੀ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਗੱਲ ਕਰਨ।ਉਧਰ ਐਸਜੀਪੀਸੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਗ੍ਰਹਿ ਮੰਤਰੀ ਨੂੰ ਮਿਲਣਾ ਕੋਈ ਅਹਿਮੀਅਤ ਨਹੀਂ ਰੱਖਦਾ ਕਿਉਂਕਿ ਸਹਿਜਧਾਰੀਆਂ ਅਤੇ ਹਰਿਆਣਾ ਦੀ ਪੰਥਕ ਕਮੇਟੀ ਨੂੰ ਲੈ ਕੇ ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰਅਧੀਨ ਹੈ। ਉਨ੍ਹਾਂ ਕਿਹਾ ਕਿ ਸਹਿਜਧਾਰੀਆਂ ਨੂੰ ਵੋਟਿੰਗ ਦਾ ਅਧਿਕਾਰ ਨਾ ਦਿੱਤੇ ਜਾਣ ਸਬੰਧੀ ਤਾਂ ਐਫੀਡੇਵਿਟ ਸੁਪਰੀਮ ਕੋਰਟ ਵਿਚ ਕੇਂਦਰ ਸਰਕਾਰ ਵਲੋਂ ਦਿਤਾ ਜਾ ਚੁੱਕਾ ਹੈ।
ਸੰਬੰਧਿਤ ਖ਼ਬਰਾਂ
ਨਾਲ ਹੀ ਸੰਵਿਧਾਨਿਕ ਸੁਧਾਰ ਵੀ ਹੋ ਚੁੱਕਾ ਹੈ ਪਰ ਸਹਿਜਧਾਰੀ ਪਾਰਟੀ ਨੇ ਫਿਰ ਇਕ ਵਾਰ ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਪਾ ਦਿਤੀ ਹੈ ਅਤੇ ਇਹ ਕੇਸ ਬਹਿਸ 'ਤੇ ਲੱਗਾ ਹੋਇਆ ਹੈ।ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਵੀ ਸੁਪਰੀਮ ਕੋਰਟ ਵਿਚ ਪਿਆ ਹੈ।ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੱਖਰੀ ਐਸਜੀਪੀਸੀ ਬਣਾਉਣ ਸਬੰਧੀ ਐਕਟ ਵਿਧਾਨ ਸਭਾ ਵਿਚ ਪਾਸ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦੇ ਕੰਟਰੋਲ ਨੂੰ ਲੈ ਕੇ ਐਸਜੀਪੀਸੀ ਅਤੇ ਹਰਿਆਣਾ ਐਸਜੀਪੀਸੀ ਦੇ ਮੈਂਬਰਾਂ ਵਿਚਕਾਰ ਝੜਪਾਂ ਹੋਈਆਂ ਹਲ।
ਇਸ 'ਤੇ ਸੁਪਰੀਮ ਕੋਰਟ ਨੇ ਆਦੇਸ਼ਾਂ 'ਤੇ ਹਰਿਆਣਾ ਐਸਜੀਪੀਸੀ ਕੋਲ ਇਕ ਅਤੇ ਬਾਕੀ ਸਾਰੇ ਇਤਿਹਾਸਕ ਗੁਰਦੁਆਰਿਆਂ ਦਾ ਕੰਟਰੋਲ ਐਸਜੀਪੀਸੀ ਕੋਲ ਹੈ।ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਦ ਤਕ ਇਹ ਫੈਸਲਾ ਨਹੀਂ ਹੁੰਦਾ ਕਿ ਐਸਜੀਪੀਸੀ ਇਕ ਰਹੇਗੀ ਜਾਂ ਵੱਖ ਵੱਖ, ਉਦੋਂ ਤਕ ਕੋਈ ਵੀ ਚੋਣ ਕਰਵਾਉਣੀ ਸੰਭਵ ਨਹੀਂ ਹੈ। ਅਜਿਹੇ ਵਿਚ ਸੁਪਰੀਮ ਕੋਰਟ ਦੇ ਫੈਸਲੇ 'ਤੇ ਹੀ ਨਿਰਭਰ ਕਰੇਗਾ ਕਿ ਐਸਜੀਪੀਸੀ ਦੇ ਚੋਣ ਕਦੋਂ ਹੋਣਗੇ। ਹਾਲਾਂਕਿ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਬਹੁਤ ਕੁਝ ਨਵੀਂ ਸਰਕਾਰ 'ਤੇ ਵੀ ਨਿਰਭਰ ਕਰੇਗਾ ਕਿ ਉਹ ਚੋਣਾਂ ਵੱਖ ਵੱਖ ਕਰਵਾਉਣੀਆਂ ਚਾਹੁੰਦੀ ਹੈ ਜਾਂ ਇਕੱਠੀਆਂ।






