ਪਟਿਆਲਾ : ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਐੱਸਆਈਟੀ ਤੋਂ ਵੀ ਕਦੇ ਵੀ ਨਹੀਂ ਹਟਾਇਆ ਗਿਆ, ਉਨ੍ਹਾਂ ਨੂੰ ਸਿਰਫ occu ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਇਸ ਗੱਲ ਦਾ ਖੁਲਾਸਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪਟਿਆਲਾ ਵਿਖੇ ਜੇਲ੍ਹ ਟ੍ਰੇਨਿੰਗ ਸਕੂਲ ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲਿਖਤੀ ਹੁਕਮਾਂ ਵਿਚ ਵੀ ਐੱਸਆਈਟੀ ਤੋਂ ਆਈਜੀ ਨੂੰ ਹਟਾਉਣ ਸਬੰਧੀ ਕਿਤੇ ਜ਼ਿਕਰ ਨਹੀਂ ਹੋਇਆ ਹੈ। ਐੱਸਆਈਟੀ ਦੇ ਮਾਮਲੇ 'ਤੇ ਹੋ ਰਹੇ ਵਿਰੋਧ ਸਬੰਧੀ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਨੂੰ ਰਾਜਨੀਤੀ ਨਾਲ ਜੋੜਨਾ ਜਾਂ ਕਹਿਣਾ ਜਾਇਜ਼ ਨਹੀਂ ਹੈ।
ਸੰਬੰਧਿਤ ਖ਼ਬਰਾਂ
ਐੱਸਆਈਟੀ ਵੱਲੋਂ ਆਪਣੇ ਪੱਧਰ 'ਤੇ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਜਿਸ ਨੂੰ ਪ੍ਰਭਾਵਿਤ ਕਰਨ ਲਈ ਹੋਰਨਾਂ ਧਿਰਾਂ ਵੱਲੋਂ ਰੌਲਾ ਪਾਇਆ ਜਾ ਰਿਹਾ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਮਸਲਾ ਹੱਲ ਹੋ ਚੁੱਕਾ ਹੈ, ਹੁਣ ਇਸ ਬਾਰੇ ਕੋਈ ਗੱਲਬਾਤ ਨਹੀਂ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਜੇਲ੍ਹ ਮੰਤਰੀ ਰੰਧਾਵਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਰੌਲਾ ਪਾ-ਪਾ ਕੇ ਖੁਦ ਹੀ ਆਪਣੀ ਪਾਰਟੀ ਨੂੰ ਖ਼ਤਮ ਕਰ ਲਿਆ ਹੈ ਜਦਕਿ ਆਮ ਆਦਮੀ ਪਾਰਟੀ ਦਾ ਹਾਲ ਲੋਕ ਸਭਾ ਚੋਣਾਂ ਵਿਚ ਸਾਰਿਆਂ ਦੇ ਸਾਹਮਣੇ ਆ ਹੀ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਕਰਨ ਦੀ ਬਜਾਏ ਕੰਮ ਵਿਚ ਅੜਿੱਕਾ ਪਾਉਣ ਦੀ ਹੀ ਗੱਲ ਕਰਦੀ ਹੈ। ਡਾਕਟਰ ਗਾਂਧੀ ਵੱਲੋਂ ਰਵਾਇਤੀ ਨਸ਼ਿਆਂ ਦੀ ਮੰਗ ਕਰਨ ਦੇ ਸਵਾਲ 'ਤੇ ਮੰਤਰੀ ਰੰਧਾਵਾਂ ਨੇ ਕਿਹਾ ਕਿ ਨਸ਼ਾ ਤਾਂ ਨਸ਼ਾ ਹੀ ਹੁੰਦਾ ਹੈ, ਉਸ ਨੂੰ ਰਵਾਇਤੀ ਕਹਿ ਕੇ ਲੋਕਾਂ ਦੇ ਮੱਥੇ ਨਹੀਂ ਮੜ੍ਹਿਆ ਜਾ ਸਕਦਾ।
ਜੇਲ੍ਹ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਮੰਗ ਕਰਨ ਵਾਲਾ ਪੰਜਾਬੀ ਨਹੀਂ ਹੋ ਸਕਦਾ ਹੈ। ਰੰਧਾਵਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨਸ਼ਿਆਂ ਦੀ ਰੋਕ ਲਈ ਇਕ ਚੰਗੀ ਨੀਤੀ ਤੈਅ ਕਰੇ ਕਿਉਂਕਿ ਪੰਜਾਬ ਆਪਣੇ ਪੱਧਰ 'ਤੇ ਨਸ਼ਿਆਂ ਨੂੰ ਰੋਕਣ ਲਈ ਪੂਰੇ ਯਤਨ ਕਰ ਰਿਹਾ ਹੈ ਅਤੇ ਇਸ ਵਿਚ ਸਫ਼ਲ ਵੀ ਰਿਹਾ ਹੈ, ਪਰ ਬਾਹਰੋਂ ਸਪਲਾਈ ਹੋ ਰਹੇ ਨਸ਼ਿਆਂ ਨੂੰ ਰੋਕਣ ਲਈ ਕੇਂਦਰ ਦੀ ਦਖਲਅੰਦਾਜ਼ੀ ਦੀ ਲੋੜ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ 'ਚ ਵੱਡੇ ਪੱਧਰ 'ਤੇ ਸਮਾਗਮ ਕਰਵਾਏ ਜਾ ਰਹੇ ਹਨ ਜਦਕਿ ਕੇਂਦਰ ਸਰਕਾਰ ਵੱਲੋਂ ਸਿਰਫ ਕਰਤਾਰਪੁਰ ਕਾਰੀਡੋਰ ਮਾਮਲੇ ਤੋਂ ਇਲਾਵਾ ਕੋਈ ਵੀ ਯੋਗਦਾਨ ਨਹੀਂ ਪਾਇਆ ਗਿਆ ਭਾਵੇਂ ਸੁਲਤਾਨਪੁਰ ਲੋਧੀ ਸ਼ਹਿਰ ਦਾ ਵਿਕਾਸ ਹੋਵੇ ਜਾਂ ਫਿਰ ਡੇਰਾ ਬਾਬਾ ਨਾਨਕ ਦਾ।






