ਚੰਡੀਗੜ (ਇੰਦਰਜੀਤ ਸਿੰਘ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿਖੇ ਨਵੀਂ ਪੈਨਸ਼ਨ ਸਕੀਮ ਦਾ ਇਕ ਮਹੱਤਵਪੂਰਨ ਕਿਤਾਬਚਾ (ਮੈਨੂਅਲ) ਰਿਲੀਜ਼ ਕੀਤਾ। ਇਸ ਕਿਤਾਬਚੇ ਵਿਚ ਨਵੀਂ ਪੈਨਸ਼ਨ ਸਕੀਮ ਦੀਆਂ ਸਾਲ 2018 ਤਕ ਜਾਰੀ ਹੋਈਆਂ ਸਾਰੀਆਂ ਹਦਾਇਤਾਂ ਅਤੇ ਰੈਗੂਲੇਸ਼ਨਜ਼ ਛਾਪੇ ਗਏ।ਇਸ ਕਿਤਾਬਚੇ ਰਾਹੀਂ ਨਵੀਂ ਪੈਨਸ਼ਨ ਸਕੀਮ ਦੇ ਅੰਸ਼ਦਾਤੇ, ਡਰਾਇੰਗ ਅਤੇ ਡਿਸਬਰਸਿੰਗ ਅਫ਼ਸਰ ਅਤੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰਾਂ ਤੋਂ ਇਲਾਵਾ ਸਾਰੇ ਵਿਭਾਗਾਂ ਨੂੰ ਇਕ ਥਾਂ 'ਤੇ ਸਾਰੀਆਂ ਹਦਾਇਤਾਂ ਆਸਾਨੀ ਨਾਲ ਮਿਲ ਸਕਣਗੀਆਂ ਜਿਸ ਨਾਲ ਨਵੀਂ ਪੈਨਸ਼ਨ ਸਕੀਮ ਦੇ ਮਾਮਲਿਆਂ ਦੇ ਨਿਪਟਾਰੇ ਵਿਚ ਤੇਜ਼ੀ ਆਵੇਗੀ।
ਸੰਬੰਧਿਤ ਖ਼ਬਰਾਂ
ਬੁਲਾਰੇ ਨੇ ਦੱਸਿਆ ਕਿ ਇਸ ਪਹਿਲੇ ਮੈਨੂਅਲ ਵਿਚ ਸਾਲ 2018 ਤਕ ਦੀਆਂ ਸਾਰੀਆਂ ਹਦਾਇਤਾਂ/ਰੈਗੂਲੇਸ਼ਨਾਂ ਨੂੰ ਚੈਪਟਰ ਵਾਈਜ਼ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਦੋ ਪਾਰਟ ਅਤੇ 11 ਚੈਪਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਕਿਤਾਬਚੇ ਦੀ ਪੀਡੀਐੱਫ ਫਾਈਲ ਬਣਾ ਕੇ ਜਲਦ ਹੀ ਪੰਜਾਬ ਸਰਕਾਰ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਜਾਵੇਗੀ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਇਸ ਦੀ ਪਹੁੰਚ ਹੋਵੇ।
ਕਾਬਿਲੇਗੌਰ ਹੈ ਕਿ ਮੌਜੂਦਾ ਸਮੇਂ ਪੰਜਾਬ ਵਿਚ 1.60 ਲੱਖ ਦੇ ਕਰੀਬ ਅਧਿਕਾਰੀ/ਮੁਲਾਜ਼ਮ ਨਵੀਂ ਪੈਨਸ਼ਨ ਸਕੀਮ ਤਹਿਤ ਨੌਕਰੀ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮਿਤੀ 1 ਜਨਵਰੀ 2004 ਅਤੇ ਇਸ ਤੋਂ ਬਾਅਦ ਭਰਤੀ ਹੋਏ ਅਧਿਕਾਰੀਆਂ/ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਹੋਈ ਹੈ। ਇਸ ਮੌਕੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ ਤੋਂ ਇਲਾਵਾ ਹੋਰ ਵੀ ਸੀਨੀਅਰ ਅਧਿਕਾਰੀ ਹਾਜ਼ਰ ਸਨ।






