ਕਪੂਰਥਲਾ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦਰਿਆਵਾਂ ਅਤੇ ਹੋਰਨਾਂ ਸੋਮਿਆਂ ਦੇ ਪਾਣੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਨਾਂ ਵਿਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਸਮਾਂਬੱਧ ਪ੍ਰੋਗਰਾਮ ਉਲੀਕਣ ਦੀ ਕੀਤੀ ਗਈ ਹਦਾਇਤ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਵੱਲੋਂ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਉਠਾਏ ਨੁਕਤਿਆਂ 'ਤੇ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਪਵਿੱਤਰ ਬੇਈਂ ਵਿਚ ਜਿਨਾਂ ਪਿੰਡਾਂ ਜਾਂ ਸ਼ਹਿਰਾਂ ਦਾ ਗੰਦਾ ਪਾਣੀ ਅਜੇ ਵੀ ਜਾ ਰਿਹਾ ਹੈ, ਉਸ ਸਬੰਧੀ ਢੁਕਵੀਂ ਕਾਰਵਾਈ ਕੀਤੀ ਜਾਵੇ। ਉਨਾਂ ਪੰਚਾਇਤੀ ਰਾਜ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਬੰਧਤ ਪਿੰਡਾਂ ਦੇ ਬੀ. ਡੀ. ਪੀ. ਓਜ਼ ਨਾਲ ਤਾਲਮੇਲ ਕਰਕੇ ਬੇਈਂ ਵਿਚ ਜਾ ਰਹੇ ਪਿੰਡਾਂ ਦੇ ਪਾਣੀ ਨੂੰ ਰੋਕਣ ਸਬੰਧੀ 15 ਦਿਨਾਂ ਅੰਦਰ ਆਪਣੀ ਰਿਪੋਰਟ ਪੇਸ਼ ਕਰਨ।
ਸੰਬੰਧਿਤ ਖ਼ਬਰਾਂ
ਇਸੇ ਤਰਾਂ ਉਨਾਂ ਸ਼ਹਿਰਾਂ ਅਤੇ ਕਸਬਿਆਂ ਦੇ ਗੰਦੇ ਪਾਣੀ ਨੂੰ ਰੋਕਣ ਲਈ ਡਰੇਨੇਜ ਵਿਭਾਗ, ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਸਾਰੇ ਐਸ. ਟੀ. ਪੀਜ਼ ਅਤੇ ਹੋਰਨਾਂ ਪੁਆਇੰਟਾਂ ਨੂੰ ਚੈੱਕ ਕਰਕੇ ਆਪਣੀ ਰਿਪੋਰਟ ਦੇਣ ਲਈ ਕਿਹਾ| ਉਨਾਂ ਕਿਹਾ ਕਿ ਬੇਈਂ ਵਿਚ ਪੈਂਦੇ ਗੰਦੇ ਪਾਣੀ ਨੂੰ ਰੋਕਣ ਲਈ ਪਿੰਡਾਂ ਵਿਚ ਛੱਪੜ ਬਣਾਏ ਜਾਣ ਅਤੇ ਉਨਾਂ ਦੇ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ। ਇਸੇ ਤਰਾਂ ਹੋਰਨਾਂ ਥਾਵਾਂ 'ਤੇ ਗੰਦੇ ਪਾਣੀ ਨੂੰ ਪਾਈਪ ਲਾਈਨਾਂ ਰਾਹੀਂ ਸੀਵਰੇਜ ਟ੍ਰੀਟਮੈਂਟ ਪਲਾਟਾਂ ਵਿਚ ਲਿਜਾਣ ਸਬੰਧੀ ਢੁਕਵੇਂ ਕਦਮ ਉਠਾਏ ਜਾਣ। ਇਸੇ ਤਰਾਂ ਉਨਾਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਨੂੰ ਠੀਕ ਢੰਗ ਨਾਲ ਚਲਾਉਣ ਅਤੇ ਉਨਾਂ ਨੂੰ ਪਾਈਪ ਲਾਈਨ ਸਿਸਟਮ ਨਾਲ ਜੋੜਨ ਦੀਆਂ ਹਦਾਇਤਾਂ ਕੀਤੀਆਂ।
ਉਨਾਂ ਕਿਹਾ ਕਿ ਅਧਿਕਾਰੀ ਆਪਣੀ ਪੱਧਰ 'ਤੇ ਆਪਸੀ ਤਾਲਮੇਲ ਨਾਲ ਇਸ ਕੰਮ ਨੂੰ ਨੇਪਰੇ ਚਾੜਨ। ਉਨਾਂ ਨਗਰ ਕੌਂਸਲਾਂ ਦੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲੇ ਵਿਚ ਕਿਤੇ ਵੀ ਕੂੜਾ ਖਿੱਲਰਿਆ ਨਜ਼ਰ ਨਹੀਂ ਆਉਣਾ ਚਾਹੀਦਾ। ਉਨਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਮੁੱਖ ਪੁਅਇੰਟਾਂ 'ਤੇ ਸੀ. ਸੀ. ਟੀ. ਵੀ ਕੈਮਰੇ ਲਗਾਏ ਜਾਣਗੇ, ਤਾਂ ਜੋ ਕੂੜੇ ਦਾ ਪ੍ਰਬੰਧਨ ਪੁਖਤਾ ਢੰਗ ਨਾਲ ਹੋ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ, ਸ. ਸਤਨਾਮ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਐਕਸੀਅਨ, ਐਸ. ਡੀ. ਓਜ਼, ਸਮੂਹ ਬੀ. ਡੀ. ਪੀ. ਓਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।






