ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਵਧੀਕ ਮੁੱਖ ਸਕੱਤਰ ਸਿਹਤ, ਪੰਜਾਬ ਸਰਕਾਰ ਵੱਲੋਂ ਸ੍ਰੀ ਸਤੀਸ਼ ਚੰਦਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 'ਇੰਡੀਆ ਐਚ. ਆਈ. ਵੀ-ਏਡਜ਼ ਅਲਾਇੰਸ' ਦੇ ਸਹਿਯੋਗ ਨਾਲ ਜ਼ਿਲਾ ਨਸ਼ਾ ਛੁਡਾਊ ਅੇ ਮੁੜ ਵਸੇਬਾ ਸੋਸਾਇਟੀ ਕਪੂਰਥਲਾ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਧੀਕ ਸਕੱਤਰ ਸਿਹਤ ਵਿਭਾਗ ਸ੍ਰੀ ਬੀ. ਸ੍ਰੀਨਿਵਾਸਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਵਿਚ 'ਇੰਡੀਆ ਐਚ. ਆਈ. ਵੀ-ਏਡਜ਼ ਅਲਾਇੰਸ' ਦੇ ਡਾਇਰੈਕਟਰ ਡਾ. ਉਮੇਸ਼ ਚਾਵਲਾ ਨੇ ਇਸ ਪ੍ਰੋਗਰਾਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ 'ਇੰਡੀਆ ਐਚ. ਆਈ. ਵੀ-ਏਡਜ਼ ਅਲਾਇੰਸ' ਵਿਚ 'ਹਾਰਮ ਰਿਡਕਸ਼ਨ ਪ੍ਰੋਗਰਾਮ' ਦੀ ਅਗਵਾਈ ਕਰ ਰਹੇ ਸ੍ਰੀ ਕੁਣਾਲ ਕਿਸ਼ੋਰ ਨੇ ਦੱਸਿਆ ਕਿ 'ਹਾਰਮ ਰਿਡਕਸ਼ਨ ਪ੍ਰੋਗਰਾਮ' ਏਸ਼ੀਆ ਦੇ ਸੱਤ ਦੇਸ਼ਾਂ ਵਿਚ ਚੱਲ ਰਿਹਾ ਹੈ ਅਤੇ ਅੰਕੜੇ ਦੱਸਦੇ ਹਨ ਕਿ ਔਰਤਾਂ ਵਿਚ ਨਸ਼ਾਖੋਰੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਭਵਿੱਖ ਵਿਚ ਇਸ ਦੇ ਗੰਭੀਰ ਨਤੀਜੇ ਹੋਣ ਦਾ ਖ਼ਤਰਾ ਹੈ। ਇਸ ਲਈ ਜਲਦੀ ਤੋਂ ਕੰਮ ਕਰਨ ਦੀ ਲੋੜ ਹੈ।
ਉਨਾਂ ਕਿਹਾ ਕਿ ਔਰਤਾਂ ਲਈ ਇਕ ਵਿਆਪਕ ਮਾਡਲ ਬਣਾਉਣ ਦੀ ਲੋੜ ਹੈ, ਜਿਸ ਵਿਚ ਪੰਜਾਬ ਸਰਕਾਰ ਨੇ ਪਹਿਲ ਕੀਤੀ ਹੈ, ਜਿਸ ਲਈ ਉਹ ਵਧਾਈ ਦੀ ਪਾਤਰ ਹੈ। ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ. ਸੰਦੀਪ ਭੋਲਾ ਨੇ ਕਿਹਾ ਕਿ ਔਰਤਾਂ ਵਿਚ ਚੱਲ ਰਹੀ ਨਸ਼ੇ ਦੀ ਬਿਮਾਰੀ 'ਤੇ ਫੋਕਸ ਕਰਨ ਦੀ ਲੋੜ ਹੈ। ਉਨਾਂ ਔਰਤਾਂ ਵਿਚ ਨਸ਼ੇ ਦੇ ਕਾਰਨਾਂ ਅਤੇ ਇਲਾਜ 'ਤੇ ਰੌਸ਼ਨੀ ਪਾਈ। ਉਨਾਂ ਨੇ ਏਸ਼ੀਆ ਦੇ ਸੱਤ ਮੁਲਕਾਂ ਵਿਚੋਂ ਇਸ ਨਵੇਂ ਪਾਇਲਟ ਪ੍ਰਾਜੈਕਟ ਲਈ ਕਪੂਰਥਲਾ ਨੂੰ ਚੁਣੇ ਜਾਣ 'ਤੇ 'ਇੰਡੀਆ ਐਚ. ਆਈ. ਵੀ-ਏਡਜ਼ ਅਲਾਇੰਸ' ਦਾ ਧੰਨਵਾਦ ਕੀਤਾ। ਏ. ਆਈ. ਜੀ-ਐਸ. ਟੀ. ਐਫ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਨੇ ਐਸ. ਟੀ. ਐਫ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਐਸ. ਟੀ. ਐਫ ਦੀ ਸਾਰੀ ਟੀਮ ਵੰਲੋਂ ਇਸ ਪਾਇਲਟ ਪ੍ਰਾਜੈਕਟ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੰਜੀਵ ਕੁੰਦੀ ਨੇ ਕਿਹਾ ਕਿ ਐਨ. ਡੀ. ਪੀ. ਐਸ ਅਧੀਨ ਬਹੁਤ ਔਰਤਾਂ ਅਦਾਲਤਾਂ ਵਿਚ ਆਉਂਦੀਆਂ ਹਨ ਅਤੇ ਇਨਾਂ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨਾਂ ਨੂੰ ਸਜ਼ਾ ਦੇ ਕੇ ਜੇਲ ਵਿਚ ਭੇਜਣ ਨਾਲੋਂ ਉਨਾਂ ਦਾ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਅਤੇ ਇਸ ਤਰਾਂ ਦੇ ਪਾਇਲਟ ਪ੍ਰਾਜੈਕਟ ਚਲਾ ਕੇ ਪਾਲਿਸੀ ਬਣਾਉਣੀ ਜ਼ਰੂਰੀ ਹੈ।
ਸੰਬੰਧਿਤ ਖ਼ਬਰਾਂ
ਜ਼ਿਲਾ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਸੋਸਾਇਟੀ ਅਤੇ ਜ਼ਿਲਾ ਪ੍ਰਸ਼ਾਸਨ ਦੀ ਅਗਵਾਈ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਅਜਿਹੇ ਪਾਇਲਟ ਪ੍ਰਾਜੈਕਟ ਚਲਾ ਕੇ ਔਰਤਾਂ ਵਾਸਤੇ ਇਸ ਪ੍ਰੋਗਰਾਮ ਦਾ ਵਿਸਥਾਰ ਕਰਨ ਦੀ ਲੋੜ ਹੈ। ੳੋੁਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਪ੍ਰੋਗਰਾਮ ਨੂੰ ਵਧੀਆ ਤਰਾਂ ਚਲਾਉਣ ਲਈ ਪੂਰੀ ਤਰਾਂ ਨਾਲ ਤਿਆਰ ਹੈ ਅਤੇ ਇਸ ਨੂੰ ਸਫਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਬੀ. ਸ੍ਰੀਨਿਵਾਸਨ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮਸਲੇ 'ਤੇ ਅਤੇ ਖਾਸ ਕਰਕੇ ਔਰਤਾਂ ਦੇ ਮਾਮਲੇ ਵਿਚ ਬਹੁਤ ਗੰਭੀਰ ਹੈ ਅਤੇ ਪੰਜਾਬ ਵਿਚ ਇਸ ਤਰਾਂ ਦੇ ਹੋਰ ਪ੍ਰੋਗਰਾਮ ਚਲਾਏ ਜਾਣਗੇ।
ਉਨਾਂ ਇਸ ਮੌਕੇ ਔਰਤਾਂ ਨੂੰ 'ਓਟ ਪ੍ਰੋਗਰਾਮ' ਵਿਚ ਰਜਿਸਟਰ ਕਰਕੇ ਦਵਾਈ ਖੁਆ ਕੇ ਇਸ ਪਾਇਲਟ ਪ੍ਰਾਜੈਕਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ। ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਨਸ਼ਾ ਛੁਡਾਊ ਕੇਂਦਰ ਦੀ ਸਾਰੀ ਟੀਮ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਡੀ. ਐਸ. ਪੀ ਸ੍ਰੀ ਸਰਬਜੀਤ ਸਿੰਘ ਬਾਹੀਆ ਤੇ ਸ੍ਰੀ ਰਜਿੰਦਰ ਕੁਮਾਰ, ਐਸ. ਐਮ. ਚ ਡਾ. ਰੀਟਾ ਬਾਲਾ ਤੋਂ ਇਲਾਵਾ ਨਸ਼ਾ ਵਿਰੋਧੀ ਮੰਚ ਅਤੇ ਐਨ. ਜੀ. ਓ ਸ਼ੁਰੂਆਤ ਦੇ ਮੈਂਬਰ ਹਾਜ਼ਰ ਸਨ। ਅੰਤ ਵਿਚ ਸਾਰਿਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। 'ਇੰਡੀਆ ਐਚ. ਆਈ. ਵੀ-ਏਡਜ਼ ਅਲਾਇੰਸ' ਦੇ ਸ੍ਰੀ ਚਰਨਜੀਤ ਸ਼ਰਮਾ ਅਤੇ ਹਰਜੋਤ ਕੌਰ ਨੇ ਸਾਰਿਆਂ ਨੂੰ ਇਸ ਪਾਇਲਟ ਪ੍ਰਾਜੈਕਟ ਵਿਚ ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।






