|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਜਨਵਰੀ ਤੋਂ ਸਾਰਿਆਂ ਨੂੰ ਦੇਣਾ ਪਵੇਗਾ ਪਾਣੀ-ਸੀਵਰੇਜ ਦਾ ਬਿੱਲ, ਮਾਫ਼ੀ ਖ਼ਤਮ ਤੇ ਰੇਟ 50 ਫ਼ੀਸਦੀ ਵਧਣਗੇ

ਜਲੰਧਰ: ਛੇਤੀ ਹੀ ਮਹਾਨਗਰ ਵਾਸੀਆਂ ਨੂੰ ਪਾਣੀ ਦਾ ਮੀਟਰ ਲਵਾਉਣਾ ਤੇ ਬਿੱਲ ਅਦਾ ਕਰਨਾ ਪਵੇਗਾ ਕਿਉਂਕਿ ਨਗਰ ਨਿਗਮ ਵੱਲੋਂ ਵਾਟਰ ਮੀਟਰ ਨੀਤੀ ਲਾਗੂ ਕਰਨ ਲਈ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਇਹ ਖੁਲਾਸਾ ਸੋਮਵਾਰ ਨੂੰ ਨਗਰ ਨਿਗਮ ਹਾਊਸ ਵੱਲੋਂ 29 ਨਵੰਬਰ ਨੂੰ ਹੋਣ ਜਾ ਰਹੀ ਹਾਊਸ ਦੀ ਮੀਟਿੰਗ ਸਬੰਧੀ ਜਾਰੀ ਕੀਤੇ ਗਏ ਏਜੰਡੇ ਵਿਚ ਹੋਇਆ। ਦੱਸਣਯੋਗ ਹੈ ਕਿ ਮੌਜੂਦਾ ਸਮੇਂ 5 ਮਰਲੇ

NRI Post Desk · 2260 ਦਿਨ ਪਹਿਲਾਂ · 8 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ: ਛੇਤੀ ਹੀ ਮਹਾਨਗਰ ਵਾਸੀਆਂ ਨੂੰ ਪਾਣੀ ਦਾ ਮੀਟਰ ਲਵਾਉਣਾ ਤੇ ਬਿੱਲ ਅਦਾ ਕਰਨਾ ਪਵੇਗਾ ਕਿਉਂਕਿ ਨਗਰ ਨਿਗਮ ਵੱਲੋਂ ਵਾਟਰ ਮੀਟਰ ਨੀਤੀ ਲਾਗੂ ਕਰਨ ਲਈ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਇਹ ਖੁਲਾਸਾ ਸੋਮਵਾਰ ਨੂੰ ਨਗਰ ਨਿਗਮ ਹਾਊਸ ਵੱਲੋਂ 29 ਨਵੰਬਰ ਨੂੰ ਹੋਣ ਜਾ ਰਹੀ ਹਾਊਸ ਦੀ ਮੀਟਿੰਗ ਸਬੰਧੀ ਜਾਰੀ ਕੀਤੇ ਗਏ ਏਜੰਡੇ ਵਿਚ ਹੋਇਆ। ਦੱਸਣਯੋਗ ਹੈ ਕਿ ਮੌਜੂਦਾ ਸਮੇਂ 5 ਮਰਲੇ ਜਾਂ ਇਸ ਤੋਂ ਘੱਟ ਥਾਂ ਵਾਲੇ ਮਕਾਨਾਂ ਵਾਲਿਆਂ ਕੋਲੋਂ ਪਾਣੀ ਦਾ ਬਿੱਲ ਨਹੀਂ ਲਿਆ ਜਾਂਦਾ ਪਰ 29 ਨਵੰਬਰ ਨੂੰ ਹਾਊਸ ਦੀ ਮੀਟਿੰਗ 'ਚ ਇਸ ਪ੍ਰਸਤਾਵ ਦੇ ਪਾਸ ਹੋਣ ਦੇ ਨਾਲ ਹੀ ਸਾਰੇ ਲੋਕਾਂ ਲਈ ਪਾਣੀ ਤੇ ਸੀਵਰੇਜ ਦਾ ਬਿੱਲ ਦੇਣਾ ਲਾਜ਼ਮੀ ਹੋ ਜਾਵੇਗਾ।

ਨਵੀਂ ਵਾਟਰ ਮੀਟਰ ਨੀਤੀ ਵਿਚ ਪਾਣੀ ਤੇ ਸੀਵਰੇਜ ਦੀ ਵਰਤੋਂ ਦੇ ਬਿੱਲ 'ਚ ਵੀ ਵਾਧਾ ਕੀਤਾ ਗਿਆ ਹੈ ਜਿਸ ਤਹਿਤ ਹੁਣ ਘੱਟ ਤੋਂ ਘੱਟ 315 ਰੁਪਏ ਦਾ ਬਿੱਲ ਭਰਨਾ ਪਵੇਗਾ ਜਦੋਂਕਿ ਪਹਿਲਾਂ ਘੱਟੋ-ਘੱਟ ਬਿੱਲ 210 ਰੁਪਏ ਦੇਣਾ ਪੈਂਦਾ ਸੀ। 29 ਨਵੰਬਰ ਦੀ ਜਨਰਲ ਹਾਊਸ ਮੀਟਿੰਗ ਵਿਚ ਇਹ ਪ੍ਰਸਤਾਵ ਪਾਸ ਹੋਣ ਦੇ ਨਾਲ ਹੀ 20 ਮਰਲੇ ਤੋਂ ਵੱਧ ਆਕਾਰ ਵਾਲੇ ਪਲਾਟਾਂ ਵਿਚ 6 ਮਹੀਨੇ ਦੇ ਅੰਦਰ-ਅੰਦਰ ਪਾਣੀ ਦਾ ਮੀਟਰ ਲਗਵਾਉਣਾ ਪਵੇਗਾ ਜਦੋਂਕਿ 25 ਗਜ਼ ਤੋਂ ਉਪਰ ਵਾਲੇ ਸਾਰੇ ਪਲਾਟਾਂ ਵਾਲਿਆਂ ਲਈ ਕੁਨੈਕਸ਼ਨ ਲਵਾਉਣ ਦਾ ਸਮਾਂ ਤਿੰਨ ਸਾਲ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਨਿਗਮ ਵੱਲੋਂ ਇਹ ਪ੍ਰਸਤਾਵ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਿਆਂਦਾ ਗਿਆ ਹੈ। ਸਥਾਨਕ ਸਰਕਾਰ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ ਪੀਐੱਮਆਈਡੀਸੀ ਨੇ ਨਗਰ ਨਿਗਮਾਂ ਨੂੰ ਪੱਤਰ ਲਿਖ ਕੇ ਵਾਟਰ ਮੀਟਰ ਨੀਤੀ ਲਾਗੂ ਕਰਨ ਦਾ ਪ੍ਰਸਤਾਵ ਪਾਸ ਕਰਨ ਲਈ ਕਿਹਾ ਹੈ। ਨਿਗਮ ਨੂੰ ਮਿਲੇ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਤੇ ਨਿਗਮ ਦੇ ਓਂ ਐਂਡ ਐੱਮ ਵਿਭਾਗ ਦੇ ਖਰਚ ਤੇ ਆਮਦਨ 'ਚ ਸੰਤੁਲਨ ਬਣਾਇਆ ਜਾ ਸਕੇ। ਓ ਐਂਡ ਐੱਮ ਵਿਭਾਗ ਦਾ ਮੌਜੂਦਾ ਖਰਚਾ 52.43 ਕਰੋੜ ਹੈ ਜਦੋਂਕਿ ਆਮਦਨ ਸਿਰਫ਼ ਖਰਚੇ ਦਾ 20 ਫੀਸਦੀ ਹਿੱਸਾ ਹੀ ਹੈ। ਵਿਭਾਗ ਦੇ 80 ਫੀਸਦੀ ਘਾਟੇ ਨੂੰ ਪੂਰਾ ਕਰਨ ਲਈ ਇਹ ਪ੍ਰਸਤਾਵ ਲਿਆਂਦਾ ਗਿਆ ਹੈ ਪਰ ਇਕ ਹੋਰ ਵੱਡਾ ਕਾਰਨ ਇਹ ਵੀ ਹੈ ਕਿ ਦਰਿਆਈ ਪਾਣੀ ਦੀ ਵਰਤੋਂ ਪੀਣ ਵਾਸਤੇ ਕਰਨ ਲਈ ਏਸ਼ੀਅਨ ਡਿਵੈੱਲਪਮੈਂਟ ਬੈਂਕ ਦੀ ਸ਼ਰਤ ਹੈ ਕਿ ਪਾਣੀ ਦੇ ਬਿੱਲਾਂ ਦੀ ਰਿਕਵਰੀ ਪੂਰੀ ਤਰ੍ਹਾਂ ਹੋਣੀ ਚਾਹੀਦੀ ਹੈ। ਜੇ ਵਾਟਰ ਮੀਟਰ ਨੀਤੀ ਲਾਗੂ ਹੋਵੇਗੀ ਤਾਂ ਹੀ ਬੈਂਕ ਕੋਲੋਂ ਸਰਫੇਸ ਵਾਟਰ ਪ੍ਰਾਜੈਕਟ ਲਈ ਕਰਜ਼ਾ ਮਿਲੇਗਾ।

ਨੀਵੀ ਨੀਤੀ ਤਹਿਤ ਖਪਤਕਾਰ ਨੂੰ ਆਪਣੇ ਖਰਚੇ 'ਤੇ ਹੀ ਵਾਟਰ ਮੀਟਰ ਲਵਾਉਣਾ ਪਵੇਗਾ ਅਤੇ ਹਰ ਸਾਲ ਪਾਣੀ ਦੇ ਬਿੱਲ 'ਚ 5 ਫੀਸਦੀ ਦਾ ਵਾਧਾ ਕਰਨਾ ਵੀ ਸ਼ਾਮਲ ਹੈ। ਜੇ ਕਿਸੇ ਇਮਾਰਤ ਦੀਆਂ ਮੰਜ਼ਿਲਾਂ ਜ਼ਿਆਦਾ ਹਨ ਜਾਂ ਬੇਸਮੈਂਟ ਬਣਾਇਆ ਹੋਇਆ ਹੈ ਤਾਂ ਉਸ ਨੂੰ ਪਲਾਟ ਦੇ ਸਾਈਜ਼ ਵਿਚ ਸ਼ਾਮਲ ਕੀਤਾ ਜਾਵੇਗਾ। ਜੇ ਪਲਾਟ ਦਾ ਸਾਈਜ਼ 50 ਗਜ਼ ਤੋਂ ਘੱਟ ਹੈ ਤਾਂ ਵਾਟਰ ਮੀਟਰ ਨਗਰ ਨਿਗਮ ਲਵਾ ਕੇ ਦੇਵੇਗਾ। ਦੱਸਣਯੋਗ ਹੈ ਕਿ ਵਾਟਰ ਮੀਟਰ ਨੀਤੀ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਲਾਗੂ ਕੀਤੀ ਜਾ ਰਹੀ ਹੈ ਜਦੋਂਕਿ ਪਹਿਲਾਂ ਵੀ ਇਹ ਨੀਤੀ ਤਿਆਰ ਕਰਨੀ ਸੀ ਜੋ ਕਿ 1997 ਵਿਚ ਸਿਆਸੀ ਦਬਾਅ ਕਾਰਨ ਰੱਦ ਹੋ ਗਈ ਸੀ। ਇਸ ਵੇਲੇ ਮਹਾਨਗਰ ਅੰਦਰ ਹਰ ਵਿਅਕਤੀ ਰੋਜ਼ਾਨਾ 300 ਲੀਟਰ ਪਾਣੀ ਵਰਤਦਾ ਹੈ ਜਦੋਂਕਿ 135 ਲੀਟਰ ਪਾਣੀ ਦੇਣਾ ਹੁੰਦਾ ਹੈ।

ਪਾਣੀ ਦੇ ਘਰੇਲੂ ਬਿੱਲ ਲਈ ਪ੍ਰਸਤਾਵਿਤ ਦਰਾਂ

2 ਮਰਲੇ ਤਕ ਦੇ ਮਕਾਨ ਲਈ ਹਰ ਮਹੀਨੇ 10 ਹਜ਼ਾਰ ਲੀਟਰ ਪਾਣੀ ਮਿਲੇਗਾ ਪਰ ਜੇ ਖਪਤ ਵਧਦੀ ਹੈ ਤਾਂ 150 ਰੁਪਏ ਮਹੀਨਾ ਪਾਣੀ ਦਾ ਬਿੱਲ ਆਵੇਗਾ। ਏਨਾ ਹੀ ਸੀਵਰੇਜ ਦਾ ਬਿੱਲ ਭਰਨਾ ਪਵੇਗਾ। ਮੀਟਰ ਲੱਗਣ ਤੋਂ ਬਾਅਦ 10 ਹਜ਼ਾਰ ਲੀਟਰ ਤੋਂ ਉਪਰ ਦਾ ਬਿੱਲ 2 ਰੁਪਏ ਪ੍ਰਤੀ ਹਜ਼ਾਰ ਲੀਟਰ ਦੇ ਹਿਸਾਬ ਨਾਲ ਦੇਣਾ ਪਵੇਗਾ।

2 ਮਰਲੇ ਤੋਂ ਵੱਧ 5 ਮਰਲੇ ਤਕ ਦੇ ਮਕਾਨ ਲਈ ਮੀਟਰ ਲੱਗਣ ਤਕ ਪਾਣੀ ਅਤੇ ਸੀਵਰੇਜ ਦਾ ਬਿੱਲ 315 ਰੁਪਏ ਮਹੀਨੇ ਹੋਵੇਗਾ ਜਦੋਂਕਿ ਪਹਿਲਾਂ 210 ਰੁਪਏ ਭਰਿਆ ਜਾ ਰਿਹਾ ਹੈ। ਮੀਟਰ ਲੱਗਣ ਤੋਂ ਬਾਅਦ ਜਿੰਨੀ ਖਪਤ ਹੋਵੇਗੀ, ਓਨਾ ਹੀ ਬਿੱਲ ਬਣੇਗਾ ਅਤੇ ਇਸੇ ਆਧਾਰ 'ਤੇ ਸੀਵਰ ਚਾਰਜਿਜ਼ ਦੇਣੇ ਪੈਣਗੇ।

5 ਮਰਲੇ ਤੋਂ ਵੱਧ 10 ਮਰਲੇ ਤਕ ਦੇ ਮਕਾਨਾਂ ਵਾਲਿਆਂ ਦੇ ਮੀਟਰ ਲੱਗਣ ਤੋਂ ਪਹਿਲਾਂ 370 ਰੁਪਏ ਦੇਣੇ ਪੈਣਗੇ। ਮੀਟਰ ਲੱਗਣ ਤੋਂ ਬਾਅਦ ਜਿੰਨੀ ਖਪਤ ਹੋਵੇਗੀ, ਓਨਾ ਹੀ ਸੀਵਰ ਚਾਰਜਿਜ਼ ਹੋਵੇਗਾ।

10 ਮਰਲੇ ਤੋਂ ਲੈ ਕੇ 20 ਮਰਲੇ ਤਕ ਮੀਟਰ ਲੱਗਣ ਤੋਂ ਪਹਿਲਾਂ 575 ਰੁਪਏ ਮਹੀਨਾ ਬਿੱਲ ਹੋਵੇਗਾ ਪਰ ਮੀਟਰ ਲੱਗਣ ਤੋਂ ਬਾਅਦ ਜਿੰਨੀ ਖਪਤ ਹੋਵੇਗੀ, ਓਨੇ ਹੀ ਸੀਵਰ ਚਾਰਜਿਜ਼ ਭਰਨੇ ਪੈਣਗੇ।

20 ਮਰਲੇ ਤੋਂ ਵੱਧ ਘਰੇਲੂ ਤੇ ਗੈਰ-ਘਰੇਲੂ ਅਤੇ ਮੀਟਰ ਵਾਲੇ ਕਨੈਕਸ਼ਨ

ਘਰੇਲੂ ਕਨੈਕਸ਼ਨ ਲਈ ਪ੍ਰਤੀ ਮਹੀਨਾ 315 ਰੁਪਏ ਫਿਕਸ, ਗੈਰ-ਘਰੇਲੂ ਲਈ ਪ੍ਰਤੀ ਮਹੀਨਾ 630 ਰੁਪਏ

ਘਰਾਂ ਵਾਸਤੇ ਖਪਤ ਮੁਤਾਬਕ ਪਾਣੀ ਦੀ ਦਰ

10 ਹਜ਼ਾਰ ਲੀਟਰ ਤਕ 2 ਰੁਪਏ ਪ੍ਰਤੀ ਹਜ਼ਾਰ ਲੀਟਰ ਰੇਟ ਅਤੇ ਪਾਣੀ ਦੇ ਬਰਾਬਰ ਹੀ ਸੀਵਰੇਜ ਦਾ ਬਿੱਲ।

11 ਤੋਂ ਲੈ ਕੇ 20 ਹਜ਼ਾਰ ਲੀਟਰ ਤਕ ਪਾਣੀ ਦੀ ਖਪਤ 'ਤੇ 20 ਰੁਪਏ ਪ੍ਰਤੀ ਹਜ਼ਾਰ ਲੀਟਰ ਰੇਟ। 10 ਹਜ਼ਾਰ ਲੀਟਰ ਤੋਂ ਵਧ ਦੀ ਖਪਤ 'ਤੇ 5 ਰੁਪਏ ਹੋਰ ਪ੍ਰਤੀ ਹਜ਼ਾਰ ਲੀਟਰ ਰੇਟ ਅਤੇ ਪਾਣੀ ਦੇ ਬਿੱਲ ਬਰਾਬਰ ਹੀ ਸੀਵਰੇਜ ਦਾ ਬਿੱਲ।

21 ਤੋਂ 30 ਹਜ਼ਾਰ ਰੁਪਏ ਲੀਟਰ ਦੀ ਖਪਤ ਤਕ 70 ਰੁਪਏ ਫਿਕਸ ਅਤੇ 21 ਹਜ਼ਾਰ ਤੋਂ ਉਪਰ ਦੀ ਖਪਤ ਦਾ ਰੇਟ 8 ਰੁਪਏ ਪ੍ਰਤੀ ਹਜ਼ਾਰ ਲੀਟਰ।

ਸੰਬੰਧਿਤ ਖ਼ਬਰਾਂ

30 ਹਜ਼ਾਰ ਲੀਟਰ ਤੋਂ ਵੱਧ ਦੀ ਖਪਤ ਕਰਨ 'ਤੇ 150 ਰੁਪਏ ਫਿਕਸ ਅਤੇ 30 ਹਜ਼ਾਰ ਰੁਪਏ ਤੋਂ ਵੱਧ ਖਪਤ ਦਾ ਰੇਟ 15 ਰੁਪਏ ਪ੍ਰਤੀ ਹਜ਼ਾਰ ਲੀਟਰ, ਪਾਣੀ ਦੇ ਬਰਾਬਰ ਹੀ ਸੀਵਰੇਜ ਦਾ ਬਿੱਲ ਆਵੇਗਾ।

ਵਪਾਰਕ ਕੁਨੈਕਸ਼ਨਾਂ ਲਈ ਖਪਤ ਮੁਤਾਬਕ ਪਾਣੀ ਦੀ ਦਰ

10 ਹਜ਼ਾਰ ਲੀਟਰ ਤਕ 4 ਰੁਪਏ ਪ੍ਰਤੀ ਹਜ਼ਾਰ ਲੀਟਰ। ਪਾਣੀ ਦੇ ਬਿੱਲ ਬਰਾਬਰ ਹੀ ਸੀਵਰੇਜ ਦਾ ਬਿੱਲ।

11 ਤੋਂ 20 ਹਜ਼ਾਰ ਲੀਟਰ ਤਕ ਦੀ ਖਪਤ 'ਤੇ 40 ਰੁਪਏ ਫਿਕਸ ਅਤੇ 10 ਹਜ਼ਾਰ ਲੀਟਰ ਤੋਂ ਵੱਧ ਦੀ ਖਪਤ ਦਾ ਰੇਟ 10 ਰੁਪਏ ਪ੍ਰਤੀ ਹਜ਼ਾਰ ਲੀਟਰ, ਪਾਣੀ ਦੇ ਬਰਾਬਰ ਹੀ ਸੀਵਰੇਜ ਦਾ ਬਿੱਲ।

21 ਹਜ਼ਾਰ ਲੀਟਰ ਤੋਂ 30 ਹਜ਼ਾਰ ਲੀਟਰ ਦੀ ਖਪਤ ਤਕ 140 ਰੁਪਏ ਫਿਕਸ ਅਤੇ 21 ਹਜ਼ਾਰ ਲੀਟਰ ਤੋਂ ਵੱਧ ਦੀ ਖਪਤ ਦਾ ਰੇਟ 16 ਰੁਪਏ ਪ੍ਰਤੀ ਹਜ਼ਾਰ ਲੀਟਰ, ਪਾਣੀ ਦੇ ਬਰਾਬਰ ਹੀ ਸੀਵਰੇਜ ਦਾ ਬਿੱਲ।

30 ਹਜ਼ਾਰ ਲੀਟਰ ਤੋਂ ਵੱਧ ਦੀ ਖਪਤ 'ਤੇ 300 ਰੁਪਏ ਫਿਕਸ ਅਤੇ 30 ਹਜ਼ਾਰ ਤੋਂ ਜ਼ਿਆਦਾ ਦੀ ਖਪਤ ਦਾ ਰੇਟ 30 ਰੁਪਏ ਪ੍ਰਤੀ ਹਜ਼ਾਰ ਲੀਟਰ। ਪਾਣੀ ਦੇ ਬਿੱਲ ਬਰਾਬਰ ਹੀ ਸੀਵਰੇਜ ਦਾ ਬਿੱਲ ਆਵੇਗਾ।

ਕੌਂਸਲਰਾਂ ਦੇ ਭੱਤਿਆਂ 'ਚ ਹੋਵੇਗਾ ਵਾਧਾ, ਪੈਨਸ਼ਨ ਦਾ ਵੀ ਪ੍ਰਸਤਾਵ

ਨਿਗਮ ਹਾਊਸ ਦੀ ਮੀਟਿੰਗ 'ਚ ਲਈ ਤਿਆਰ ਕੀਤੇ ਗਏ ਏਜੰਡੇ ਵਿਚ ਕੌਂਸਲਰਾਂ ਨੂੰ ਮਿਲਣ ਵਾਲਾ ਭੱਤਾ 15 ਤੋਂ 50 ਹਜ਼ਾਰ ਰੁਪਏ ਕਰਨ ਦੇ ਨਾਲ ਹੀ ਪੈਨਸ਼ਨ ਲਾਉਣ ਦਾ ਵੀ ਪ੍ਰਸਤਾਵ ਹੈ। ਕੌਂਸਲਰਾਂ ਨੂੰ ਵਿਧਾਇਕਾਂ ਦੀ ਤਰਜ਼ 'ਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਇਹ ਪ੍ਰਸਤਾਵ ਕੌਂਸਲਰ ਮਨਦੀਪ ਕੌਰ, ਸ਼ਮਸ਼ੇਰ ਖਹਿਰਾ, ਰਾਜਵਿੰਦਰ ਰਾਜਾ, ਰੋਹਨ ਸਹਿਗਲ ਤੇ ਰਿਸ਼ਮਾ ਖੋਸਲਾ ਵੱਲੋਂ ਲਿਆਂਦਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰੋਜ਼ਾਨਾ ਕੌਂਸਲਰਾਂ ਕੋਲ ਵੱਡੀ ਗਿਣਤੀ ਵਿਚ ਲੋਕ ਕੰਮ ਕਰਵਾਉਣ ਆਉਂਦੇ ਹਨ, ਜਿਨ੍ਹਾਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਲੋਕਾਂ ਦੇ ਕੰਮ ਕਰਵਾਉਣ ਲਈ ਕਈ ਦਫਤਰਾਂ ਦੇ ਚੱਕਰ ਲਾਉਣੇ ਪੈਂਦੇ ਹਨ, ਜਿਸ ਵਿਚ ਪੈਟਰੋਲ ਖਰਚ ਹੁੰਦਾ ਹੈ। ਮੌਜੂਦਾ ਸਮੇਂ ਕੌਂਸਲਰਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਮਿਲਦਾ ਹੈ, ਜਿਸ ਨਾਲ ਇਹ ਖਰਚ ਵੀ ਪੂਰਾ ਨਹੀਂ ਹੁੰਦਾ। ਕੌਂਸਲਰਾਂ ਨੂੰ ਕਈ ਕੰਮ ਆਪਣੀ ਜੇਬ ਵਿਚੋਂ ਪੈਸੇ ਖਰਚ ਕੇ ਕਰਵਾਉਣੇ ਪੈਂਦੇ ਹਨ। ਲੋਕ ਸੇਵਾ ਕਾਰਨ ਕੌਂਸਲਰਾਂ ਦਾ ਆਪਣਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ।

ਜਨਤਕ ਗਲੀਆਂ 'ਤੇ ਖਰਚ ਹੋ ਸਕੇਗੀ ਰਕਮ, ਨਾਜਾਇਜ਼ ਕਾਲੋਨੀਆਂ ਨੂੰ ਮਿਲੇਗਾ ਲਾਹਾ

ਉੱਤਰੀ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਨੇ ਇਹ ਪ੍ਰਸਤਾਵ ਰੱਖਿਆ ਹੈ ਕਿ ਉਨ੍ਹਾਂ ਸਾਰੀਆਂ ਸੜਕਾਂ ਦੇ ਨਿਰਮਾਣ 'ਤੇ ਰੋਕ ਨਹੀਂ ਹੋਣੀ ਚਾਹੀਦੀ, ਜਿਥੋਂ ਲੋਕ ਆਉਂਦੇ-ਜਾਂਦੇ ਹਨ। ਬਾਵਾ ਹੈਨਰੀ, ਕੌਂਸਲਰ ਡੋਲੀ ਸੈਣੀ, ਜਗਦੀਸ਼ ਕੁਮਾਰ ਦਕੋਹਾ ਨੇ ਪ੍ਰਸਤਾਵ ਵਿਚ ਕਿਹਾ ਕਿ ਨਿਗਮ ਦੀ ਹੱਦ ਵਿਚ ਕਈ ਅਜਿਹੀਆਂ ਸੜਕਾਂ ਹਨ ਜੋ ਕਿ ਲੋਕਾਂ ਵੱਲੋਂ ਵਰਤੋਂ 'ਚ ਲਿਆਂਦੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੂੰ ਗੈਰ-ਕਾਨੂੰਨੀ ਦੱਸ ਕੇ ਇਨ੍ਹਾਂ ਕਾਲੋਨੀਆਂ ਵਿਚ ਨਗਰ ਨਿਗਮ ਅਤੇ ਹੋਰ ਸਰੋਤਾਂ ਤੋਂ ਆਈ ਗ੍ਰਾਂਟ ਖਰਚਣ 'ਤੇ ਰੋਕ ਹੈ, ਇਹ ਰੋਕ ਖਤਮ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਕਾਲੋਨੀਆਂ ਵਿਚ ਲੋਕ ਵਸ ਰਹੇ ਹਨ। ਇਨ੍ਹਾਂ ਕਾਲੋਨੀਆਂ ਵਿਚ ਕਾਲੋਨਾਈਜ਼ਰ ਨੇ ਸਹੂਲਤਾਂ ਦਿੱਤੀਆਂ ਹਨ ਤੇ ਐੱਮਪੀ ਦੀ ਗ੍ਰਾਂਟ ਨਾਲ ਕੰਮ ਹੋ ਰਹੇ ਹਨ। ਸਟਰੀਟ ਲਾਈਟਾਂ, ਸੀਵਰੇਜ ਤੇ ਪਾਣੀ ਦੀ ਸਪਲਾਈ ਵੀ ਜਾ ਰਹੀ ਹੈ। ਇਨ੍ਹਾਂ ਇਲਾਕਿਆਂ 'ਚ ਵਿਕਾਸ ਕੰਮ ਇਹ ਕਹਿ ਕੇ ਰੋਕ ਦਿੱਤਾ ਜਾਂਦਾ ਹੈ ਕਿ ਇਹ ਮਨਜ਼ੂਰਸ਼ੁਦਾ ਨਹੀਂ ਹਨ ਅਤੇ ਰਿਕਾਰਡ ਵਿਚ ਦਰਜ ਨਹੀਂ ਹੈ। ਵਿਧਾਇਕ ਬਾਵਾ ਹੈਨਰੀ ਦਾ ਪ੍ਰਸਤਾਵ ਹੈ ਕਿ ਅਜਿਹੀਆਂ ਸੜਕਾਂ ਨੂੰ ਜਨਤਕ ਗਲੀਆਂ ਐਲਾਨਿਆ ਜਾਵੇ ਤਾਂ ਕਿ ਨਗਰ ਨਿਗਮ ਆਪਣੇ ਫੰਡ ਜਾਂ ਕਿਸੇ ਗ੍ਰਾਂਟ ਨਾਲ ਉਥੇ ਕੰਮ ਕਰਵਾ ਸਕੇ।

ਵਾਟਰ ਬਿੱਲ ਤੇ ਪ੍ਰਾਪਰਟੀ ਟੈਕਸ ਦਾ ਬਕਾਇਆ ਹੋਵੇਗਾ ਮਾਫ਼

ਨਗਰ ਨਿਗਮ ਨੇ ਹਾਊਸ ਦੀ ਮੀਟਿੰਗ ਵਿਚ ਪਾਣੀ ਦੇ ਬਿੱਲਾਂ ਤੇ ਪ੍ਰਾਪਰਟੀ ਟੈਕਸ ਦਾ ਪੁਰਾਣਾ ਬਕਾਇਆ ਮਾਫ਼ ਕਰਨ ਦਾ ਪ੍ਰਸਤਾਵ ਰੱਖਿਆ ਹੈ। ਪਾਣੀ ਦੇ ਬਿੱਲਾਂ ਦੇ ਬਕਾਏ ਬਾਰੇ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ 5 ਮਰਲੇ ਤੋਂ ਘੱਟ ਮਕਾਨਾਂ ਦੇ ਬਿੱਲ ਪਹਿਲਾਂ ਹੀ ਮਾਫ ਹਨ ਅਤੇ ਜੋ ਬਕਾਇਆ ਦਿਖਾਇਆ ਜਾ ਰਿਹਾ ਹੈ, ਉਹ ਜ਼ਿਆਦਾਤਰ ਸਲੱਮ ਆਬਾਦੀਆਂ ਦਾ ਹੈ, ਜਿਥੇ ਮਕਾਨ ਛੋਟੇ ਹਨ। ਇਹ ਬਕਾਇਆ ਵੀ 15 ਤੋਂ 20 ਸਾਲ ਪੁਰਾਣਾ ਹੈ ਤੇ ਇਨ੍ਹਾਂ ਦੀ ਵਸੂਲੀ ਵੀ ਨਹੀਂ ਹੋ ਰਹੀ। ਇਸ ਲਈ ਸਾਲ 2017-18 ਅਤੇ 2018-19 ਦੇ ਬਿੱਲ ਲੈ ਕੇ ਬਾਕੀ ਬਕਾਇਆ ਮਾਫ ਕਰ ਦਿੱਤਾ ਜਾਵੇ। ਇਸ ਨਾਲ ਭਵਿੱਖ ਵਿਚ ਬਿੱਲ ਲੈਣਾ ਸੌਖਾ ਹੋਵੇਗਾ ਅਤੇ ਨਿਗਮ ਦੀ ਆਮਦਨ ਵੀ ਵਧੇਗੀ। ਵਰਨਣਯੋਗ ਹੈ ਕਿ ਪਾਣੀ ਦੇ ਬਿੱਲਾਂ ਦਾ ਬਕਾਇਆ 46 ਕਰੋੜ ਰੁਪਏ ਹੈ। ਇਸੇ ਤਰ੍ਹਾਂ ਪ੍ਰਾਪਰਟੀ ਟੈਕਸ ਦਾ ਬਕਾਇਆ ਹੈ, ਉਹ ਪਿਛਲੇ ਦੋ ਸਾਲਾਂ ਦਾ ਲੈ ਕੇ ਬਾਕੀ ਮਾਫ਼ ਕਰ ਦਿੱਤਾ ਜਾਵੇ।

ਘਰ 'ਚ ਕੁੱਤਾ ਰੱਖਣ 'ਤੇ ਲੱਗੇਗੀ ਫੀਸ, ਬਾਹਰ ਵੀ ਨਹੀਂ ਘੁਮਾ ਸਕਣਗੇ

ਨਿਗਮ ਹਾਊਸ ਦੀ ਮੀਟਿੰਗ 'ਚ ਪ੍ਰਸਤਾਵ ਰੱਖਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਘਰਾਂ ਵਿਚ ਕੁੱਤਾ ਪਾਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਿਗਮ ਦੀ ਫੀਸ ਦੇਣੀ ਪਵੇਗੀ। ਨਿਗਮ 'ਚ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 100 ਰੁਪਏ ਫੀਸ ਭਰਨ ਦਾ ਪ੍ਰਸਤਾਵ ਹੈ। ਇਥੇ ਦੱਸਣਯੋਗ ਹੈ ਕਿ ਨਿਗਮ ਪ੍ਰਸ਼ਾਸਨ ਕਈ ਸਾਲ ਪਹਿਲਾਂ ਵੀ ਕੁੱਤਾ ਰੱਖਣ ਲਈ ਫੀਸ ਲੈਂਦਾ ਸੀ ਅਤੇ ਉਸ ਦੇ ਬਦਲੇ ਪਛਾਣ ਲਈ ਕੁੱਤੇ ਗਲ 'ਚ ਪਟਾ ਪਾਇਆ ਜਾਂਦਾ ਸੀ। ਨਵੇਂ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਜਿਹੜੇ ਵੀ ਲੋਕ ਕੁੱਤਾ ਰੱਖਣਗੇ, ਉਹ ਕੁੱਤੇ ਨੂੰ ਘਰੋਂ ਬਾਹਰ ਨਹੀਂ ਘੁਮਾ ਸਕਣਗੇ, ਅਜਿਹਾ ਕਰਨ 'ਤੇ ਜੁਰਮਾਨਾ ਲਾਇਆ ਜਾਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!