ਲੁਧਿਆਣਾ : ਨਗਰ ਨਿਗਮ ਵੱਲੋਂ ਚੰਡੀਗੜ੍ਹ ਰੋਡ 'ਤੇ ਨੋ ਕੰਸਟ੍ਰਕਸ਼ਨ ਜ਼ੋਨ 'ਚ ਕੀਤੀ ਗਈ ਨਾਜਾਇਜ਼ ਉਸਾਰੀ 'ਤੇ ਸ਼ੁੱਕਰਵਾਰ ਨੂੰ ਜੇਸੀਬੀ ਚਲਾਈ ਗਈ। ਇਸ ਨਾਲ ਇਲਾਕੇ 'ਚ ਭਾਜੜ ਮੱਚ ਗਈ। ਨਿਗਮ ਨੇ ਪਹਿਲਾਂ ਹੀ ਇਸ ਇਲਾਕੇ 'ਚ ਰੈੱਡ ਮਾਰਕਿੰਗ ਕੀਤੀ ਸੀ। ਨਗਰ ਨਿਗਮ ਵੱਲੋਂ ਚੋਣ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਗਰ ਨਿਗਮ ਨੇ ਸ਼ਡਿਊਲ ਰੋਡ ਕਿਨਾਰੇ ਨੋ ਕੰਸਟ੍ਰਕਸ਼ਨ ਏਰੀਆ 'ਚ ਹੋਈ ਨਾਜਾਇਜ਼ ਉਸਾਰੀ 'ਤੇ ਵੀਰਵਾਰ ਨੂੰ ਤੀਜੇ ਦਿਨ ਵੀ ਕਾਰਵਾਈ ਜਾਰੀ ਰੱਖੀ।
ਸੰਬੰਧਿਤ ਖ਼ਬਰਾਂ
ਦੋ ਦਿਨ ਜ਼ੋਨ ਡੀ ਦੀ ਬਿਲਡਿੰਗ ਬ੍ਰਾਂਚ ਨੇ ਫਿਰੋਜ਼ਪੁਰ ਰੋਡ 'ਤੇ ਕਾਰਵਾਈ ਕੀਤੀ, ਜਦਕਿ ਤੀਜੇ ਦਿਨ ਜ਼ੋਨ ਸੀ ਦੀ ਬਿਲਡਿੰਗ ਬ੍ਰਾਂਚ ਨੇ ਦਿੱਲੀ ਰੋਡ 'ਤੇ ਨੋ ਕੰਸਟ੍ਰਕਸ਼ਨ ਏਰੀਆ 'ਚ ਬਣੀਆਂ ਇਮਾਰਤਾਂ 'ਤੇ ਕਾਰਵਾਈ ਕੀਤੀ। ਇਹੀਂ ਨਹੀਂ ਨਿਗਮ ਨੇ ਜ਼ੋਨ ਸੀ ਦੀ ਟੀਮ ਨੇ ਮਿਲਰਗੰਜ 'ਚ ਹੋ ਰਹੀ ਗ਼ੈਰ-ਕਾਨੂੰਨੀ ਉਸਾਰੀ 'ਤੇ ਬੁਲਡੋਜ਼ਰ ਚਲਾਇਆ। ਜਾਣਕਾਰੀ ਮੁਤਾਬਿਕ ਕਾਰਵਾਈ ਦੌਰਾਨ ਟੀਮ ਨੂੰ ਹਲਕਾ ਜਿਹਾ ਵਿਰੋਧ ਵੀ ਝੱਲਣਾ ਪਿਆ।
ਏਟੀਪੀ ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਜ਼ੋਨ ਸੀ ਸ਼ਡਿਊਲ ਰੋਡ 'ਤੇ ਨੋ ਕੰਸਟ੍ਰਕਸ਼ਨ ਜ਼ੋਨ 'ਚ ਕੁੱਲ ਪੰਜ ਨਾਜਾਇਜ਼ ਉਸਾਰੀਆਂ ਹਨ, ਜਿਸ 'ਚ ਤਿੰਨ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ, ਜਦਕਿ ਦੋ ਨਾਜਾਇਜ਼ ਉਸਾਰੀਆਂ ਨੂੰ ਮਾਲਕਾਂ ਨੇ ਖ਼ੁਦ ਤੋੜਨ ਲਈ ਸਮਾਂ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਜੇ ਮਾਲਕਾਂ ਨੇ ਨਾਜਾਇਜ਼ ਉਸਾਰੀਆਂ ਨਹੀਂ ਢਾਹੀਆਂ ਤਾਂ ਨਿਗਮ ਮੁੜ ਬੁਲਡੋਜ਼ਰ ਚਲਾ ਕੇ ਤੋੜੇਗਾ।






