ਜਲੰਧਰ : ਨਰਾਤਿਆਂ ਦੇ ਦਿਨਾਂ 'ਚ ਕੰਜਕ ਪੂਜਨ ਤੋਂ ਮਹਿਜ਼ ਦੋ ਦਿਨ ਪਹਿਲਾਂ ਸ਼ਹਿਰ 'ਚ ਮਹਾਪਾਪ ਹੋਇਆ। ਕੰਜਕ ਪੂਜਨ ਲਈ ਹਰ ਕੋਈ ਜਿੱਥੇ ਕੰਜਕਾਂ ਨੂੰ ਲੱਭਦਾ ਹੈ ਉਥੋਂ ਕਿਸੇ ਨੇ ਨਵਜਾਤ ਬੱਚੀ ਕੂੜੇ ਦੇ ਢੇਰ 'ਤੇ ਸੁੱਟ ਦਿੱਤੀ। ਰਸਤਾ ਮੁਹੱਲਾ ਦੇ ਨਾਲ ਲੱਗਦੇ ਕੋਟ ਪਕਸ਼ੀਆਂ 'ਚ ਕੂੜੇ ਦੇ ਢੇਰ 'ਚ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ। ਲਾਸ਼ ਮਿਲਣ ਨਾਲ ਲੋਕਾਂ 'ਚ ਸਨਸਨੀ ਫੈਲ ਗਈ। ਹਰ ਕੋਈ ਕਲਯੁਗੀ ਮਾਂ ਨੂੰ ਕੋਸ ਰਿਹਾ ਸੀ ਜਿਸ ਨੇ ਇਹ ਕਰਤੂਤ ਕੀਤੀ। ਸੂਚਨਾ ਮਿਲਦੇ ਹੀ ਥਾਣਾ 4 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਨੇੜੇ ਰਹਿਣ ਵਾਲੇ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤੀ।
ਸੰਬੰਧਿਤ ਖ਼ਬਰਾਂ
ਕੋਟ ਪਕਸ਼ੀਆਂ 'ਚ ਰਹਿਣ ਵਾਲੇ ਤਰੁਣ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਨੌ ਵਜੇ ਕਿਸੇ ਕੰਮ 'ਤੇ ਜਾ ਰਿਹਾ ਸੀ। ਉੱਥੇ ਕੂੜੇ ਦੇ ਢੇਰ 'ਤੇ ਕੁੱਤੇ ਘੁੰਮ ਰਹੇ ਸਨ। ਕੋਲ ਜਾ ਕੇ ਦੇਖਿਆ ਤਾਂ ਉੱਥੇ ਇਕ ਨਵਜੰਮੀ ਬੱਚੀ ਦੀ ਲਾਸ਼ ਪਈ ਹੋਈ ਸੀ। ਉਸ ਨੇ ਤਰੁੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ 4 ਦੇ ਮੁੱਖੀ ਕਮਲਜੀਤ ਨੇ ਦੱਸਿਆ ਕਿ ਏਐੱਸਆਈ ਸੁਰਜੀਤ ਸਿੰਘ ਨੂੰ ਮੌਕੇ 'ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੇ ਹਸਪਤਾਲ ਤੋਂ ਪੁੱਛਗਿੱਛ ਕਰ ਪਤਾ ਕੀਤਾ ਜਾਵੇਗਾ ਕਿ ਉੱਥੇ ਕਿਸੇ ਕੁੜੀ ਦਾ ਜਨਮ ਹੋਇਆ ਤੇ ਉਨ੍ਹਾਂ ਦਾ ਪੂਰਾ ਰਿਕਾਰਡ ਲਿਆ ਜਾਵੇਗਾ। ਇਸ ਤੋਂ ਇਲਾਵਾ ਇਲਾਕੇ 'ਚ ਰਹਿਣ ਵਾਲੀ ਦਾਈਆਂ ਸਬੰਧੀ ਵੀ ਪਤਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੀ ਕਰਤੂਤ ਕਰਨ ਵਾਲੇ ਨੂੰ ਕਿਸੇ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ।






