ਕਪੂਰਥਲਾ : ਚੋਣ ਪ੍ਰਕਿਰਿਆ ਵਿਚ ਜ਼ਿਲਾ ਵਾਸੀਆਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਉਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਅੱਜ ਇਕ ਵਿਸ਼ਾਲ ਮਿੰਨੀ ਮੈਰਾਥਨ ਕਰਵਾਈ ਗਈ। 'ਕਪੂਰਥਲਾ ਰਨ ਫਾਰ ਵੋਟ-ਮਿੰਨੀ ਮੈਰਾਥਨ, 2019' ਦੇ ਨਾਂਅ ਹੇਠ ਕਰਵਾਈ ਗਈ ਇਸ ਪੰਜ ਕਿਲੋਮੀਟਰ ਲੰਬੀ ਦੌੜ ਵਿਚ ਹਜ਼ਾਰਾਂ ਲੋਕਾ ਦੇ ਉਮੜੇ ਜਨ ਸੈਲਾਬ ਨੇ ਇਹ ਸਾਬਿਤ ਕਰ ਦਿੱਤਾ ਕਿ ਕਪੂਰਥਲਾ ਵਾਸੀ ਆਪਣੀ ਵੋਟ ਅਤੇ ਸਿਹਤ ਪ੍ਰਤੀ ਕਿੰਨੇ ਜਾਗਰੂਕ ਹਨ। ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਈ ਇਸ ਵਿਸ਼ਾਲ ਦੌੜ ਨੂੰ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਅਤੇ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਵੱਲੋਂ ਸਾਂਝੇ ਤੌਰ 'ਤੇ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਉਨਾਂ ਖੁਦ ਵੀ ਪੂਰੀ ਦੌੜ ਵਿਚ ਹਿੱਸਾ ਲਿਆ।
ਮੇਜਰ ਧਿਆਨ ਚੰਦ ਐਵਾਰਡੀ ਸ੍ਰੀ ਰਾਮ ਕੁਮਾਰ ਅਤੇ 'ਆਇਰਨ ਮੈਨ' ਸ੍ਰੀ ਅਮਨ ਸੋਨੀ, 90 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਸ. ਰਾਮ ਸਿੰਘ, ਸ. ਹਰੀਬੁੱਧ ਸਿੰਘ ਤੇ 70 ਸਾਲ ਤੋਂ ਵੱਧ ਉਮਰ ਦੀ ਮਾਤਾ ਰੂਪ ਕੌਰ ਖੋਸਲਾ ਦੌੜ ਵਿਚ ਹਿੱਸਾ ਲੈ ਕੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਨਿਆਇਕ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ,ਐਵਾਰਡ ਜੇਤੂ ਖਿਡਾਰੀਆਂ, ਸਮਾਜ ਸੇਵਕਾਂ, ਅਹਿਮ ਸ਼ਖਸੀਅਤਾਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਦੌੜ ਵਿਚ ਨੌਜਵਾਨਾਂ ਤੋਂ ਇਲਾਵਾ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਡੀ. ਸੀ ਚੌਕ, ਸੈਨਿਕ ਸਕੂਲ, ਰੈਸਟ ਹਾਊਸ, ਸ਼ਹੀਦ ਐਸ. ਪੀ ਬਲਜੀਤ ਸਿੰਘ ਚੌਕ, ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਸਟੇਟ ਗੁਰਦੁਆਰਾ ਸਾਹਿਬ, ਕਚਹਿਰੀ ਚੌਕ, ਸ਼ਹੀਦ ਭਗਤ ਸਿੰਘ ਚੌਕ, ਸੱਤ ਨਾਰਾਇਣ ਚੌਕ, ਬੱਸ ਸਟੈਂਡ ਤੇ ਕਾਂਜਲੀ ਰੋਡ ਤੋਂ ਹੁੰਦੇ ਹੋਏ ਵਾਪਸ ਸਟੇਡੀਅਮ ਵਿਖੇ ਜਾ ਕੇ ਸਮਾਪਤ ਹੋਈ।
ਸੰਬੰਧਿਤ ਖ਼ਬਰਾਂ
ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਦੌੜ ਵਿਚ ਹਿੱਸਾ ਲੈਣ ਵਾਲਿਆਂ ਲਈ ਚਾਹ-ਪਾਣੀ ਅਤੇ ਹੋਰਨਾਂ ਲੋੜੀਂਦੀਆਂ ਸਹੂਲਤਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਦੌੜ ਨੂੰ ਰਵਾਨਾ ਕਰਨ ਤੋਂ ਪਹਿਲਾਂ ਜ਼ਿਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਇੰਜ. ਡੀ. ਪੀ ਐਸ ਖਰਬੰਦਾ ਨੇ ਕਿਹਾ ਕਿ ਵੋਟ ਦੇ ਅਧਿਕਾਰ ਅਤੇ ਸਿਹਤ ਪ੍ਰਤੀ ਜਾਗਰੂਕ ਹੋਣਾ ਹਰੇਕ ਨਾਗਰਿਕ ਲਈ ਬੇਹੱਦ ਜ਼ਰੂਰੀ ਹੈ। ਉਨਾਂ ਕਪੂਰਥਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 19 ਮਈ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿਚ ਆਪਣਾ ਯੋਗਦਾਨ ਦੇਣ। ਉਨਾਂ ਕਿਹਾ ਕਿ ਅੱਜ ਕਪੂਰਥਲਾ ਵਾਸੀਆਂ ਨੇ ਇੰਨੀ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੀ ਸਿਹਤ ਅਤੇ ਵੋਟ ਦੇ ਅਧਿਕਾਰ ਪ੍ਰਤੀ ਬੇਹੱਦ ਜਾਗਰੂਕ ਹਨ। ਉਨਾਂ ਦੌੜ ਵਿਚ ਹਿੱਸਾ ਲੈਣ ਆਏ ਬਜ਼ੁਰਗਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹੀ ਸਾਡੇ ਅਸਲੀ ਹੀਰੋ ਹਨ ਅਤੇ ਇਨਾਂ ਤੋਂ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਇਸ ਦੌੜ ਰਾਹੀਂ ਲੋਕਾਂ ਨੂੰ ਵੋਟ ਅਤੇ ਸਿਹਤ ਪ੍ਰਤੀ ਸੁਚੇਤ ਹੋਣ ਦਾ ਕੇਵਲ ਜਾਗ ਹੀ ਲਾਇਆ ਗਿਆ ਹੈ ਅਤੇ ਇਸ ਨੂੰ ਲਗਾਤਾਰ ਜਾਰੀ ਰੱਖਣਾ ਹੁਣ ਉਨਾਂ ਦਾ ਕੰਮ ਹੈ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦੇ ਗੀਤ 'ਲੋਕਤੰਤਰ ਕਾ ਟੀਕਾ' ਦੀ ਆਡੀਓ ਤੇ ਵੀਡੀਓ ਨੂੰ ਡਿਪਟੀ ਕਮਿਸ਼ਨਰ ਸ੍ਰੀ ਡੀ. ਪੀ. ਐਸ ਖਰਬੰਦਾ ਅਤੇ ਜ਼ਿਲੇ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਵੱਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਅਤੇ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਦੇ ਵਿਚਾਰ ਤੇ ਸੰਕਲਪ ਤਹਿਤ ਡਾਇਰੈਕਟਰ ਸੁਖਨਵੀਰ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੇ ਗਏ ਇਸ ਗੀਤ ਨੂੰ ਕਰਨ ਦੇਵ ਜਗੋਤਾ ਅਤੇ ਤੇਜਿੰਦਰ ਹਨੀ ਵੱਲੋਂ ਗਾਏ ਇਸ ਗੀਤ ਨੂੰ ਚੋਣ ਕਮਿਸ਼ਨ ਵੱਲੋਂ ਕੱਲ ਹੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਨੂੰ ਹਾਜ਼ਰੀਨ ਵੱਲੋਂ ਬੇਹੱਦ ਸਰਾਹਿਆ ਗਿਆ। ਉੱਘੇ ਲੋਕ ਗਾਇਕ ਸ੍ਰੀ ਦਲਵਿੰਦਰ ਦਿਆਲਪੁਰੀ ਨੇ ਆਪਣੇ ਲਾਈਵ ਪੇਸ਼ਕਾਰੀ ਦੌਰਾਨ ਲੋਕਾਂ ਨੂੰ ਵੋਟ ਦੇ ਇਸਤੇਮਾਲ ਲਈ ਪ੍ਰੇਰਿਤ ਕਰਦੇ ਗੀਤ ਰਾਹੀਂ ਸਭਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਗੀਤ ਨੂੰ ਵੀ ਚੋਣ ਕਮਿਸ਼ਨ ਵੱਲੋਂ ਹਾਲ ਹੀ ਵਿਚ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁਟਿਆਰਾਂ ਵੱਲੋਂ ਬੋਲੀਆਂ ਅਤੇ ਗਿੱਧੇ ਰਾਹੀਂ ਜ਼ਿਲਾ ਵਾਸੀਆਂ ਨੂੰ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਦੌੜ ਦੇ ਸਾਰੇ ਭਾਗੀਦਾਰਾਂ ਨੂੰ ਵਿਸ਼ੇਸ਼ ਟੀ-ਸ਼ਰਟਾਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਮੰਚ ਦਾ ਸੰਚਾਲਨ ਸਟੇਟ ਐਵਾਰਡੀ ਸ੍ਰੀ ਰੋਸ਼ਨ ਖੈੜਾ ਨੇ ਬਾਖੂਬੀ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਵਧੀਕ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਸਚਿਨ ਅਰੋੜਾ, ਸੀ. ਜੇ. ਐਮ ਸ੍ਰੀ ਸੰਜੀਵ ਕੁੰਦੀ ਤੇ ਸ੍ਰੀ ਅਜੀਤਪਾਲ ਸਿੰਘ, ਲਵਲੀ ਗਰੁੱਪ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਐਮ ਭੁਲੱਥ ਸ. ਸਕੱਤਰ ਸਿੰਘ ਬੱਲ, ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਐਸ. ਡੀ. ਐਮ ਫਗਵਾੜਾ ਸ. ਜੈ ਇੰਦਰ ਸਿੰਘ, ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਤਹਿਸੀਲਦਾਰ ਕਪੂਰਥਲਾ ਸ. ਮਨਵੀਰ ਸਿੰਘ ਢਿੱਲੋਂ, ਚੋਣ ਤਹਿਸੀਲਦਾਰ ਸ੍ਰੀਮਤੀ ਮਨਜੀਤ ਕੌਰ, ਸਿਵਲ ਸਰਜਨ ਡਾ. ਬਲਵੰਤ ਸਿੰਘ, ਜ਼ਿਲਾ ਖੇਡ ਅਫ਼ਸਰ ਸ੍ਰੀਮਤੀ ਸਤਿੰਦਰ ਜੀਤ ਕੌਰ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸ੍ਰੀ ਕੁਲਭੂਸ਼ਨ ਗੋਇਲ, ਸਕੱਤਰ ਰੈੱਡ ਕ੍ਰਾਸ ਸ੍ਰੀ ਆਰ. ਸੀ ਬਿਰਹਾ, ਡੀ. ਈ. ਓ (ਸ) ਸ. ਮੱਸਾ ਸਿੰਘ, ਜ਼ਿਲਾ ਅਟਾਰਨੀ ਸ੍ਰੀ ਮਨੋਜ ਸੱਭਰਵਾਲ, ਚੀਫ ਐਲ. ਡੀ. ਐਮ ਸ੍ਰੀ ਸਰਵੇਂਦਰ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੇ. ਜੇ. ਐਸ ਅਰੋੜਾ, ਏ. ਪੀ. ਆਰ. ਓ ਸ. ਹਰਦੇਵ ਸਿੰਘ ਆਸੀ, ਡਿਪਟੀ ਡੀ. ਈ. ਓ ਸ. ਬਿਕਰਮ ਜੀਤ ਸਿੰਘ ਤੇ ਸ੍ਰੀਮਤੀ ਸਪਨਾ ਗੁਪਤਾ, ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਸ੍ਰੀ ਵਿੱਦਿਆ ਸਾਗਰ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਕੁਲਵਿੰਦਰ ਸਿੰਘ ਸੰਧੂ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅੰਮ੍ਰਿਤਾ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਟ੍ਰੈਫਿਕ ਇੰਚਾਰਜ ਸ੍ਰੀ ਰਮੇਸ਼ ਲਾਲ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਪ੍ਰੋ. ਸਰਬਜੀਤ ਸਿੰਘ ਧੀਰ, ਸ੍ਰੀ ਗੁਰਮੁਖ ਸਿੰਘ ਢੋਡ, ਸ੍ਰੀ ਕਰਨ ਦੇਵ ਜਗੋਤਾ, ਸ੍ਰੀ ਸਤਬੀਰ ਸਿੰਘ ਚੰਦੀ, ਸ. ਦਵਿੰਦਰ ਪਾਲ ਸਿੰਘ ਆਹੂਜਾ, ਐਮ. ਏ ਸ੍ਰੀ ਰਾਜੇਸ਼ ਕੁਮਾਰ, ਸ. ਸੰਦੀਪ ਸਿੰਘ, ਸ. ਗੁਰਸੇਵਕ ਸਿੰਘ, ਸ. ਕੁਲਦੀਪ ਸਿੰਘ, ਸ੍ਰੀ ਸੁਖਵਿੰਦਰ ਸਿੰਘ ਖੱਸਣ, ਸ੍ਰੀਮਤੀ ਸੁਨੀਤਾ ਸਿੰਘ, ਨਹਿਰੂ ਯੁਵਾ ਕੇਂਦਰ ਤੋਂ ਸ੍ਰੀ ਰਮਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਵਿਦਿਆਰਥੀ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।






