|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੋ ਰੋਜਾ ਕਿਸਾਨ ਮੇਲਾ ਸ਼ੁਰੂ ਭਾਰੀ ਗਿਣਤੀ ਵਿੱਚ ਪਹੁੰਚੇ ਪੀਏਯੂ ਮੇਲੇ ਵਿੱਚ ਕਿਸਾਨ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੀਏਯੂ, ਲੁਧਿਆਣਾ ਵਿਖੇ ਦੋ ਰੋਜਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ, ਜਿਸ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ । 'ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ' ਦੇ ਉਦੇਸ਼ ਨਾਲ ਲਗਾਏ ਜਾ ਰਹੇ ਇਸ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਸ੍ਰੀ ਰਾਮ ਸਰਨ ਵਰਮਾ (ਪਦਮ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 5 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੀਏਯੂ, ਲੁਧਿਆਣਾ ਵਿਖੇ ਦੋ ਰੋਜਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ, ਜਿਸ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ । 'ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ' ਦੇ ਉਦੇਸ਼ ਨਾਲ ਲਗਾਏ ਜਾ ਰਹੇ ਇਸ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਸ੍ਰੀ ਰਾਮ ਸਰਨ ਵਰਮਾ (ਪਦਮ ਸ੍ਰੀ) ਨੇ ਕਿਹਾ ਕਿ ਕਣਕ ਅਤੇ ਝੋਨੇ ਦੇ ਅੰਬਾਰ ਲਾ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਅਤੇ ਅਨਾਜ ਪੱਖੋਂ ਦੇਸ਼ ਨੂੰ ਆਤਮ-ਨਿਰਭਰ ਬਨਾਉਣ ਵਿੱਚ ਜੋ ਭੂਮਿਕਾ ਪੰਜਾਬ ਦੇ ਕਿਸਾਨਾਂ ਨੇ ਨਿਭਾਈ ਹੈ, ਉਹ ਨਿਸ਼ਚੈ ਹੀ ਸ਼ਲਾਘਾਯੋਗ ਹੈ । ਪਰ ਇਸਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਾਗਤਾਂ ਘਟਾਉਣ, ਆਰਥਿਕ ਮੁਨਾਫ਼ਾ ਵਧਾਉਣ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਮਹਾਂਰਾਸ਼ਟਰ ਦੇ ਕਿਸਾਨਾਂ ਦੀ ਤਰਜ ਤੇ ਫਲ, ਫ਼ਲ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਵੀ ਪ੍ਰੇਰਿਆ ।

ਕੇਲਿਆਂ ਦੀ ਖੇਤੀ ਦੇ ਸ਼ਾਹਸਵਾਰ ਸ੍ਰੀ ਵਰਮਾ ਨੇ ਪੰਜਾਬ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਦਿਆਂ ਵਧੇਰੇ ਮੁਨਾਫ਼ਾ ਦੇਣ ਵਾਲੀਆਂ ਫ਼ਸਲਾਂ ਜਿਵੇਂ ਕਿ ਜਪਾਨੀ ਮੈਂਥਾ ਦੀ ਕਾਸ਼ਤ ਕਰਨ ਦੀ ਸਿਫ਼ਾਰਸ਼ ਕੀਤੀ । ਸੰਤੁਲਨ ਬਣਾ ਕੇ ਖੇਤੀ ਕਰਨ ਤੇ ਜ਼ੋਰ ਦਿੰਦਿਆਂ ਉਹਨਾਂ ਆਲੂਆਂ ਤੋਂ ਚਿਪਸ ਅਤੇ ਹੋਰ ਪਦਾਰਥ ਤਿਆਰ ਕਰਕੇ ਕਿਸਾਨਾਂ ਨੂੰ ਖੇਤੀ ਪ੍ਰੋਸੈਸਿੰਗ ਲਈ ਕਿਹਾ । ਪੀਏਯੂ ਵਿਖੇ ਚਲ ਰਹੀਆਂ ਖੋਜਾਂ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਮੇਲੇ ਵਿੱਚ ਕਿਸਾਨਾਂ ਦਾ ਠਾਠਾਂ ਮਾਰਦਾ ਸਮੁੰਦਰ ਗਵਾਹੀ ਭਰਦਾ ਹੈ ਕਿ ਖੇਤੀ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਵਿੱਚ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਰਹੀ ਹੈ ਜਿਸ ਸਦਕਾ ਇਸ ਨੂੰ ਭਾਰਤ ਦੀ ਸ੍ਰੇਸ਼ਠ ਸੰਸਥਾ ਦਾ ਦਰਜ਼ਾ ਹਾਸਲ ਹੋਇਆ। ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀਏਯੂ ਨੇ ਕਿਹਾ ਕਿ ਖੇਤੀ ਦੇ ਸੰਬੰਧ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਨਜ਼ਰ ਆ ਰਹੀਆਂ ਹਨ, ਜੋ ਚੁਣੌਤੀਆਂ ਅਤੇ ਮੌਕਿਆਂ ਨਾਲ ਭਰਪੂਰ ਹਨ । ਖੇਤੀ ਅਤੇ ਦੂਜੇ ਕਿੱਤਿਆਂ ਵਿੱਚ ਆਮਦਨ ਪੱਖੋਂ ਲਗਾਤਾਰ ਵਧ ਰਹੇ ਫਾਸਲੇ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਹੁਣ ਖੇਤੀ ਦੀ ਪੈਦਾਵਾਰ ਅਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਤੋਂ ਅੱਗੇ ਚੱਲਦਿਆਂ ਖੇਤੀ ਉਤਪਾਦ ਦੀ ਗੁਣਵਤਾ ਨੂੰ ਵਧਾਉਣ ਅਤੇ ਆਮਦਨ ਦੇ ਨਵੇਂ ਸਾਧਨਾਂ ਦੀ ਨਿਸ਼ਾਨਦੇਹੀ ਵੀ ਕਰਨੀ ਹੋਵੇਗੀ ।

ਇਸ ਲਈ ਕਿਸਾਨ ਮੇਲੇ ਦੇ ਉਦੇਸ਼ ਮੁਤਾਬਕ ਸਾਨੂੰ ਆਰਥਿਕ ਮੁਨਾਫਾ ਵਧਾਉਣ ਲਈ ਖੇਤੀ ਜਿਣਸਾਂ ਤੋਂ ਉਤਪਾਦ ਬਣਾਉਣੇ ਪੈਣਗੇ ਅਤੇ ਖੇਤੀ ਪ੍ਰੋਸੈਸਿੰਗ ਦੇ ਰਾਹ ਤੁਰਨਾ ਪਵੇਗਾ । ਉਨ੍ਹਾਂ ਕਿਹਾ ਕਿ ਉਤਪਾਦਾਂ ਦੀ ਇੱਕਤਰਤਾ, ਪ੍ਰੋਸੈਸਿੰਗ ਅਤੇ ਢੁਕਵੇਂ ਮੰਡੀਕਰਨ ਲਈ ਸਾਨੂੰ ਸੈਲਫ ਹੈਲਪ ਗਰੁੱਪਾਂ ਵਿੱਚ ਇਕ ਦੂਜੇ ਨਾਲ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ । ਡੇਅਰੀ, ਪੋਲਟਰੀ, ਮਧੂ ਮੱਖੀ ਪਾਲਣ ਅਤੇ ਖੁੰਭਾਂ ਦੀ ਕਾਸ਼ਤ ਆਦਿ ਸਹਾਇਕ ਧੰਦੇ ਅਪਨਾਉਣ ਤੇ ਜੋਰ ਦਿੰਦਿਆਂ ਉਨ੍ਹਾਂ ਆਰਥਿਕ ਮੁਨਾਫ਼ੇ ਲਈ ਖੇਤੀ ਲਾਗਤਾਂ ਨੂੰ ਘਟਾਉਣ, ਖੇਤੀ ਦਾ ਲੇਖਾ-ਜੋਖਾ ਰੱਖਣ ਅਤੇ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਰਸਾਇਣਾਂ ਮੁਕਤ ਘਰੇਲੂ ਬਗੀਚੀ ਲਾਉਣ ਲਈ ਕਿਹਾ । ਬਾਸਮਤੀ ਦੀ ਕਾਸ਼ਤ ਮੰਡੀ ਦੀ ਲੋੜ ਮੁਤਾਬਕ ਕਰਨ ਦੀ ਤਾਕੀਦ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਅਧੀਨ ਰਕਬਾ ਵਧ ਰਿਹਾ ਹੈ ਪਰ ਇਸ ਲਈ ਢੁਕਵੇਂ ਮੰਡੀਕਰਨ ਦੀ ਲੋੜ ਹੈ । ਪਰਾਲੀ ਦੀ ਸਾਂਭ-ਸੰਭਾਲ ਵਿੱਚ ਕਿਸਾਨਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵਾਰ 57% ਪਰਾਲੀ ਦੀ ਸਾਂਭ-ਸੰਭਾਲ ਹੋਣ ਨਾਲ ਅੱਗ ਲਾ ਕੇ ਸਾੜਣ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ, ਜਿਸ ਸਦਕਾ ਵਾਤਾਵਰਣ ਦੇ ਰੱਖ-ਰਖਾਅ ਵਿੱਚ ਮਦਦ ਮਿਲੀ ਹੈ ।

ਸੰਬੰਧਿਤ ਖ਼ਬਰਾਂ

ਇਸ ਮੌਕੇ ਸ੍ਰੀ ਸਵਤੰਤਰ ਕੁਮਾਰ ਏਰੀ, ਨਿਰਦੇਸ਼ਕ ਖੇਤੀਬਾੜੀ ਅਤੇ ਕਿਸਾਨ ਭਲਾਈ ਨੇ ਜਲਵਾਯੂ ਪਰਿਵਰਤਨ ਆਦਿ ਕਾਰਨਾਂ ਕਰਕੇ ਖੇਤੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਮੂਨੇ ਲੈ ਕੇ ਭੂਮੀ ਦੀ ਸਿਹਤ ਦਾ ਪੂਰਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਲੋੜੀਂਦੀ ਵਿਉਂਤਬੰਦੀ ਉਲੀਕੀ ਜਾ ਸਕੇ । ਫ਼ਸਲਾਂ ਦੀ ਸਾਂਭ-ਸੰਭਾਲ ਲਈ ਸੰਯੁਕਤ ਕੀਟ ਪ੍ਰਬੰਧਣ ਅਪਨਾਉਣ ਅਤੇ ਬੇਲੋੜੀਆਂ ਰਸਾਇਣਾਂ ਦੀ ਵਰਤੋਂ ਘਟਾ ਕੇ ਖੇਤੀ ਲਾਗਤਾਂ ਵਿੱਚ ਕਟੌਤੀ ਕਰਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਸਦਕਾ ਪੰਜਾਬ ਦੀ ਕਿਸਾਨੀ ਦੀ ਲਗਭਗ 200 ਕਰੋੜ ਰੁਪਏ ਦੀ ਬੱਚਤ ਹੋਈ ਹੈ । 'ਆਤਮਾ' ਪ੍ਰੋਗਰਾਮ ਤਹਿਤ ਸਹਾਇਕ ਧੰਦੇ ਅਪਨਾਉਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਕਿਸਾਨ ਹਿਤੈਸ਼ੀ ਸਕੀਮਾਂ ਅਤੇ ਖੇਤੀ ਮਸ਼ੀਨਰੀ ਲਈ ਦਿੱਤੀ ਜਾਂਦੀਆਂ ਸਬਸਿਡੀਆਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਖੋਜ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਖੇਤੀ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਬਾਰੇ ਚਾਣਨਾ ਪਾਇਆ ।

ਫ਼ਸਲੀ ਵੰਨ-ਸੁਵੰਨਤਾ ਨੂੰ ਮੁੱਖ ਰੱਖਦਿਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1718, ਸਾਉਣੀ ਰੁੱਤ ਦੀ ਮੱਕੀ ਦੀ ਕਿਸਮ ਪੀ ਐਮ ਐਚ 11, ਬਹਾਰ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਨਵੀਂ ਕਿਸਮ ਐਸ ਐਮ ਐਲ 1827, ਚਾਰੇ ਦੀ ਨਵੀਂ ਕਿਸਮ ਨੇਪੀਅਰ ਬਾਜਰਾ ਪੀ ਬੀ ਐਨ 342 ਅਤੇ ਫ਼ਲਾਂ ਵਿੱਚ ਪੰਜਾਬ ਐਪਲ, ਅਮਰੂਦ ਅਤੇ ਪੰਜਾਬ ਅੰਜੀਰ ਸਿਫ਼ਾਰਿਸ਼ ਕੀਤੀਆਂ ਗਈਆਂ ਹਨ । ਖੇਤੀ ਮਸ਼ੀਨਰੀ ਬਾਰੇ ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਯੂਨੀਵਰਸਿਟੀ ਵੱਲੋਂ ਲੱਕੀ ਸੀਡ ਡਰਿੱਲ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਮੌਕੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਪਤਵੰਤਿਆਂ, ਕਿਸਾਨਾਂ ਅਤੇ ਮਾਹਿਰਾਂ ਨੂੰ ਨਿੱਘਾ ਜੀ ਆਇਆ ਕਹਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਖੇਤੀ ਨੂੰ ਦਰਪੇਸ਼ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਕਿਸਾਨਾਂ ਵਿੱਚ ਪ੍ਰਚੱਲਤ ਕਰਨ ਲਈ ਕਿਸਾਨ ਮੇਲਿਆਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ।

ਪੀਏਯੂ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਰਸਾਲੇ 'ਚੰਗੀ ਖੇਤੀ' ਅਤੇ ਪ੍ਰੋਗਰੈਸਿਵ ਫਾਰਮਿੰਗ' ਨਾਲ ਖੇਤੀ ਗਿਆਨ-ਵਿਗਿਆਨ ਨੂੰ ਵਧਾਉਣ ਲਈ ਪ੍ਰੇਰਦਿਆਂ ਉਹਨਾਂ ਪੀਏਯੂ ਪ੍ਰਕਾਸ਼ਨਾਵਾਂ, ਹਫ਼ਤਾਵਾਰ ਡਿਜ਼ੀਟਲ ਅਖਬਾਰ 'ਖੇਤੀ ਸੰਦੇਸ਼', ਪੀਏਯੂ ਕਿਸਾਨ ਐਪ ਅਤੇ ਖੇਤੀ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਯੂਨੀਵਰਸਿਟੀ ਨਾਲ ਜੁੜਨ ਲਈ ਕਿਹਾ। ਇਸ ਮੌਕੇ ਕਣਕ-ਝੋਨੇ ਦੇ ਰਵਾਇਤੀ ਫ਼ਸਲ ਚੱਕਰ ਨੂੰ ਤਿਆਗ ਕੇ ਫ਼ਲ, ਫੁੱਲ ਅਤੇ ਸਬਜ਼ੀਆਂ ਦੀ ਕਾਸ਼ਤ ਰਾਹੀਂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਵਾਲੇ ਅਗਾਂਹਵਧੂ ਕਿਸਾਨ ਸ. ਗੁਰਵਿੰਦਰ ਸਿੰਘ ਸੰਧੂ, ਪਿੰਡ ਜ਼ਿੰਦਾਵਾਲਾ, ਜ਼ਿਲ੍ਹਾ ਤਰਨਤਾਰਨ ਅਤੇ ਸ. ਸਰਬਜੀਤ ਸਿੰਘ ਢਿੱਲੋਂ ਪਿੰਡ ਬੁਰਜ ਢਿੱਲਵਾਂ, ਜ਼ਿਲ੍ਹਾ ਮਾਨਸਾ ਨੂੰ ਮੁੱਖ ਮੰਤਰੀ ਪੁਰਸਕਾਰ, ਪਾਣੀ ਪ੍ਰਬੰਧ ਦੀ ਆਧੁਨਿਕ ਤਕਨੀਕ ਅਪਨਾਉਣ ਵਾਲੇ ਸਵੈ-ਕਾਸ਼ਤਕਾਰ ਸ੍ਰੀ ਰੋਹਿਤ ਗੁਪਤਾ, ਪਿੰਡ ਲਾਂਬੜਾ, ਜ਼ਿਲ੍ਹਾ ਜਲੰਧਰ ਨੂੰ ਸੀ ਆਰ ਆਈ ਪੰਪ ਐਵਾਰਡ ਅਤੇ ਫ਼ਸਲ ਉਤਪਾਦਨ/ਬਾਗਬਾਨੀ/ਫੁੱਲਾਂ ਦੀ ਖੇਤੀ ਨਾਲ ਸੰਬੰਧਤ ਕਿੱਤਿਆਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸ. ਪ੍ਰਦੀਪ ਸਿੰਘ ਪਿੰਡ ਬੀਰਾਵਾਲ, ਜ਼ਿਲ੍ਹਾ ਪਟਿਆਲਾ ਨੂੰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!