ਲੁਧਿਆਣਾ: ਜਬਰ ਜਨਾਹ ਮਾਮਲੇ 'ਚ ਸਜ਼ਾ ਤੋਂ ਬਚਣ ਲਈ ਦੋਸ਼ੀ ਤੇ ਉਸ ਦੇ ਪਰਿਵਾਰ ਨੇ ਸਾਜ਼ਿਸ਼ ਤਹਿਤ ਪੀੜਤਾ ਨਾਲ ਸ਼ਰਤੀਆ ਵਿਆਹ ਕਰਾ ਲਿਆ ਪਰ ਵਿਆਹ ਤੋਂ ਤਿੰਨ ਮਹੀਨਿਆਂ ਬਾਅਦ ਹੀ ਉਸ ਨੂੰ ਬਿਮਾਰੀ ਦੀ ਹਾਲਤ 'ਚ ਕੁੱਟ-ਮਾਰ ਕਰ ਘਰੋਂ ਬਾਹਰ ਕੱਢ ਦਿੱਤਾ। ਤਿੰਨ ਸਾਲ ਬਾਅਦ ਹੁਣ ਥਾਣਾ ਪੀਏਯੂ ਪੁਲਿਸ ਨੇ ਮੁਲਜ਼ਮ ਤੇ ਉਸ ਦੀ ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ। ਏਐੱਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹੰਬੜਾ ਰੋਡ ਦੇ ਪ੍ਰਤਾਪ ਸਿੰਘ ਵਾਲਾ ਦੀ ਗਲੀ ਨੰਬਰ-3 ਨਿਵਾਸੀ ਕਮਲਜੀਤ ਸਿੰਘ ਤੇ ਉਸ ਦੀ ਮਾਂ ਗੁਰਮੇਲ ਕੌਰ ਵਜੋਂ ਹੋਈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਤੇ ਦਹੇਜ ਵੱਲੋਂ ਪਰੇਸ਼ਾਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ।
ਪਲਾਟ ਤੇ ਹਰ ਮਹੀਨੇ ਦਾ ਖਰਚਾ ਦੇਣ ਦਾ ਕੀਤਾ ਸੀ ਵਾਅਦਾ
ਪੀੜਤਾ ਨੇ ਦੱਸਿਆ ਕਿ ਉਸ ਨੇ 15 ਜੁਲਾਈ 2015 'ਚ ਕਮਲਜੀਤ ਸਿੰਘ ਖ਼ਿਲਾਫ਼ ਥਾਣਾ ਹੈਬੋਵਾਲ 'ਚ ਜਬਰ ਜਨਾਹ ਦੇ ਮਾਮਲੇ 'ਚ ਕੇਸ ਦਰਜ ਕਰਵਾਇਆ ਸੀ। ਮਾਮਲੇ 'ਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਪਰ ਉਸ ਨੇ ਜੇਲ੍ਹ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੀੜਤਾ ਨਾਲ ਸਮਝੌਤਾ ਕਰ ਲਿਆ। ਜਿਸ 'ਚ ਉਨ੍ਹਾਂ ਨੇ ਵਾਅਦਾ ਕੀਤਾ ਕਿ ਕਮਲਜੀਤ ਨਾਲ ਉਸ ਦਾ ਵਿਆਹ ਕਰਾ ਦਿੱਤਾ ਜਾਵੇ। ਹੰਬੜਾ ਰੋਡ 'ਤੇ ਉਸ ਨੂੰ 60 ਵਰਗ ਗਜ ਦਾ ਪਲਾਟ ਖਰੀਦ ਕੇ ਉਸ ਦੇ ਨਾਂ 'ਤੇ ਕੀਤਾ ਜਾਵੇਗਾ। ਹਰ ਮਹੀਨੇ ਉਸ ਨੂੰ ਖਰਚ ਦੇ ਤੌਰ 'ਤੇ ਪੰਜ ਹਜ਼ਾਰ ਰੁਪਏ ਉਸ ਦੇ ਬੈਂਕ ਅਕਾਊਂਟ 'ਚ ਜਮ੍ਹਾਂ ਕਰਵਾਏ ਜਾਣਗੇ। ਸਾਰੀਆਂ ਸ਼ਰਤਾਂ ਨੂੰ ਮੰਨਣ ਤੋਂ ਬਾਅਦ ਪੀੜਤਾ ਨੇ ਆਪਣਾ ਕੇਸ ਵਾਪਸ ਲੈ ਲਿਆ ਤੇ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ।
ਸੰਬੰਧਿਤ ਖ਼ਬਰਾਂ
ਬਿਮਾਰੀ ਦੀ ਹਾਲਤ 'ਚ ਘਰੋਂ ਕੱਢਿਆ
ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਦੋਵਾਂ ਵਿਚਕਾਰ ਝਗੜਾ ਹੋ ਗਿਆ। ਮੁਲਜ਼ਮ ਉਸ ਨਾਲ ਕੁੱਟਮਾਰ ਕਰਨ ਲੱਗੇ। ਪੀੜਤਾ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕਮਲਜੀਤ ਨੂੰ ਕੇਸ ਤੋਂ ਬਰੀ ਕਰਾਉਣ ਲਈ ਉਸ ਨਾਲ ਧੋਖਾਧੜੀ ਕੀਤੀ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






