ਚੰਡੀਗੜ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਈਐਸਆਈ ਹਸਪਤਾਲਾਂ, ਡਿਸਪੈਂਸਰੀਆਂ ਦੇ 50 ਮੈਡੀਕਲ ਅਫ਼ਸਰਾਂ ਅਤੇ 5 ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ) ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਤੋਂ ਇਲਾਵਾ ਬੀਬੀਐਮਬੀ ਵਲੋਂ ਚਲਾਏ ਜਾ ਰਹੇ ਹਸਪਤਾਲਾਂ ਲਈ 11 ਸਪੈਸ਼ਲਿਸਟ ਡਾਕਟਰਾਂ ਅਤੇ ਅਤੇ 9 ਮੈਡੀਕਲ ਅਫ਼ਸਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ ਜਿਸ ਮਗਰੋਂ ਬੀਬੀਐਮਬੀ ਵਲੋਂ ਚਲਾਏ ਜਾ ਰਹੇ ਹਸਪਤਾਲਾਂ ਵਿਚ ਪੰਜਾਬ ਨੂੰ ਦਿੱਤੇ 31 ਡਾਕਟਰਾਂ ਦੇ ਕੋਟੇ ਨੂੰ ਪੂਰਾ ਕਰ ਦਿੱਤਾ ਹੈ।ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਡਾਕਟਰਾਂ ਦੀ ਕਮੀ ਹੋਣ ਕਰਕੇ ਪਿਛਲੇ 5 ਸਾਲਾਂ ਦੇ ਵੱਧ ਸਮੇਂ ਤੋਂ ਇਹ ਪੋਸਟਾਂ ਖਾਲੀ ਪਈਆਂ ਸਨ।
ਇਨ੍ਹਾਂ ਖਾਲੀ ਪਈਆਂ 55 ਅਸਾਮੀਆਂ 'ਤੇ ਨਿਯੁਕਤੀ ਨਾਲ ਉਨ੍ਹਾਂ ਨੇ ਈਐਸਆਈ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਡਾਕਟਰਾਂ ਦੇ 100 ਫੀਸਦੀ ਕੋਟੇ ਨੂੰ ਪੂਰਾ ਕਰ ਦਿੱਤਾ ਹੈ। ਹੁਣ ਘੱਟ ਆਮਦਨ ਵਾਲੇ ਬੀਮਾ ਧਾਰਕ ਵਿਅਕਤੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ 'ਚ ਪੰਜਾਬ ਮੰਤਰੀ ਪ੍ਰੀਸਦ ਨੇ ਠੇਕੇ 'ਤੇ ਈਐਸਆਈ ਹਸਪਤਾਲਾਂ ਵਿਚ ਖਾਲੀ ਅਸਾਮੀਆਂ ਨੂੰ ਭਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।
ਸੰਬੰਧਿਤ ਖ਼ਬਰਾਂ
ਠੇਕੇ 'ਤੇ ਇਹ ਭਰਤੀ ਇੱਕ ਸਾਲ ਲਈ ਹੈ ਅਤੇ ਇਸਦੀ ਮਿਆਦ ਹਰ ਸਾਲ ਵਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 3 ਫੀਸਦੀ ਸਾਲਾਨਾ ਵਾਧੇ ਨਾਲ ਮੈਡੀਕਲ ਅਫ਼ਸਰ ਨੂੰ ਮਹੀਨਾਵਾਰ ਤਨਖਾਹ 50,000 ਰੁਪਏ ਅਤੇ ਮੈਡੀਕਲ ਅਫ਼ਸਰ (ਸਪੈਸ਼ਲਿਸਟ) ਨੂੰ 1 ਲੱਖ ਰੁਪਏ ਮਹੀਨਾਵਾਰ ਤਨਖਾਹ ਮਿਲੇਗੀ।ਮਹਿੰਦਰਾ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਸੂਬੇ ਵਿਚ 6 ਈਐਸਆਈ ਹਸਪਤਾਲਾਂ ਅਤੇ 69 ਡਿਸਪੈਂਸਰੀਆਂ ਦੇ ਪ੍ਰਬੰਧਨ ਅਤੇ ਪ੍ਰਸਾਸ਼ਨ ਦਾ ਜਿੰਮਾ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਕੰਮ ਇਨ੍ਹਾਂ ਈਐਸਆਈ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਕਿਰਤੀਆਂ ਅਤੇ ਬੀਮਾ ਧਾਰਕ ਵਿਅਕਤੀਆਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨਾ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਈਐਸਆਈਸੀ (ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ, ਅਦਾਰਾ ਭਾਰਤ ਸਰਕਾਰ) ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਚਲਾਉਣ ਦੇ ਖਰਚੇ ਦਾ ਭਾਰ 1: 7 ਦੇ ਅਨੁਪਾਤ ਨਾਲ 12.5% ਸੂਬਾ ਅਤੇ 87.5% ਈਐਸਆਈ ਵਲੋਂ ਚੁੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਈਐਸਆਈਸੀ ਸਕੀਮ ਤਹਿਤ 12.92 ਲੱਖ ਵਿਅਕਤੀਆਂ ਨੂੰ ਕਵਰ ਕੀਤਾ ਗਿਆ ਹੈ। ਇਸ ਯੋਜਨਾ ਤਹਿਤ 10 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੀਆਂ ਉਦਯੋਗਿਕ ਯੂਨਿਟਾਂ/ਸੰਸਥਾਵਾਂ ਵਿੱਚ 21,000 ਰੁਪਏ ਜਾਂ ਇਸ ਤੋਂ ਘੱਟ ਤਨਖਾਹਾਂ ਵਾਲੇ ਕਰਮਚਾਰੀਆਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਗਿਆ ਹੈ।






