ਕਪੂਰਥਲਾ : ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਾਜਨੀਤਿਕ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚ ਦਾ ਲੇਖਾ-ਜੋਖਾ ਰੱਖਣ ਦੀ ਜਾਣਕਾਰੀ ਦੇਣ ਲਈ ਅੱਜ ਜ਼ਿਲਾ ਚੋਣ ਅਫ਼ਸਰ ਸ੍ਰੀ ਡੀ. ਪੀ. ਐਸ ਖਰਬੰਦਾ ਦੀ ਅਗਵਾਈ ਹੇਠ ਯੋਜਨਾ ਭਵਨ ਵਿਖੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲੇ ਦੇ ਨੋਡਲ ਅਫ਼ਸਰ ਖਰਚ ਅਤੇ ਵਿਧਾਨ ਸਭਾ ਹਲਕਾ ਪੱਧਰ 'ਤੇ ਲਾਏ ਗਏ ਸਹਾਇਕ ਖਰਚਾ ਨਿਗਰਾਨਾਂ ਵੱਲੋਂ ਚੋਣ ਦੌਰਾਨ ਕੀਤੇ ਜਾਣ ਵਾਲੇ ਖਰਚੇ ਦੇ ਹਿਸਾਬ-ਕਿਤਾਬ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਹਰੇਕ ਉਮੀਦਵਾਰ ਵੱਲੋਂ ਆਪਣੇ ਚੋਣ ਖਰਚ ਨਾਲ ਸਬੰਧਤ ਖਾਤਾ ਤਿਆਰ ਕੀਤਾ ਜਾਵੇਗਾ, ਜਿਸ ਵਿਚ ਨਾਮਜ਼ਦਗੀ ਤੋਂ ਲੈ ਕੇ ਨਤੀਜੇ ਦੇ ਐਲਾਨ ਤੱਕ ਕੀਤੇ ਜਾਣ ਵਾਲੇ ਖਰਚ ਦਾ ਹਿਸਾਬ-ਕਿਤਾਬ ਰੱਖਿਆ ਜਾਵੇ।
ਸੰਬੰਧਿਤ ਖ਼ਬਰਾਂ
ਉਮੀਦਵਾਰ ਨੂੰ ਨਾਮਜ਼ਦਗੀ ਭਰਨ ਤੋਂ ਪਹਿਲਾਂ ਵੱਖਰਾ ਬੈਂਕ ਖਾਤਾ ਖੋਲਣਾ ਪਵੇਗਾ ਜੋ ਉਸ ਦੇ ਚੋਣ ਏਜੰਟ ਨਾਲ ਸਾਂਝਾ ਵੀ ਹੋ ਸਕਦਾ ਹੈ, ਪਰ ਕਿਸੇ ਰਿਸ਼ਤੇਦਾਰ ਜਾਂ ਚੋਣ ਏਜੰਟ ਤੋਂ ਬਿਨਾਂ ਹੋਰ ਕਿਸੇ ਹੋਰ ਅਦਾਕਰਤਾ ਨਾਲ ਸਾਂਝਾ ਨਹੀਂ ਹੋਵੇਗਾ। ਉਮੀਦਵਾਰ ਹਰ ਅਦਾਇਗੀ ਇਸ ਖਾਤੇ ਵਿੱਚੋਂ ਪ੍ਰਾਪਤ ਕਰੇਗਾ ਅਤੇ ਉਸ ਨੂੰ ਮਿਲਣ ਵਾਲਾ ਚੰਦਾ ਜਾਂ ਹੋਰ ਪ੍ਰਾਪਤ ਹੋਣ ਵਾਲੀ ਰਕਮ ਇਸ ਖਾਤੇ ਵਿੱਚ ਜਮਾ ਕਰਵਾਏਗਾ। ਉਮੀਦਵਾਰ ਵੱਲੋਂ ਖੋਲੇ ਜਾਣ ਵਾਲੇ ਇਸ ਬੈਂਕ ਖਾਤੇ ਦੀ ਵਰਤੋਂ ਸਿਰਫ਼ ਚੋਣ ਨਾਲ ਸਬੰਧਤ ਖਰਚੇ ਲਈ ਹੋ ਸਕੇਗੀ। ਉਮੀਦਵਾਰ ਇਕ ਲੋਕ ਸਭਾ ਹਲਕੇ ਵਿੱਚ 70 ਲੱਖ ਰੁਪਏ ਤੋਂ ਵਧ ਦਾ ਖਰਚ ਨਹੀਂ ਕਰ ਸਕੇਗਾ ਅਤੇ ਇਸ ਖਰਚ ਕੀਤੀ ਜਾਣ ਵਾਲੀ ਰਾਸ਼ੀ ਦੇ ਵਸੀਲੇ ਵੀ ਉਸ ਨੂੰ ਦੱਸਣੇ ਪੈਣਗੇ।
ਉਮੀਦਵਾਰ ਨੂੰ 50 ਹਜ਼ਾਰ ਤੋਂ ਵਧੇਰੇ ਰਕਮ ਨਾਲ ਲਿਜਾਣ ਮੌਕੇ ਲੋੜੀਂਦੇ ਦਸਤਾਵੇਜ਼ ਨਾਲ ਰੱਖਣੇ ਪੈਣਗੇ। ਉਮੀਦਵਾਰ ਕਿਸੇ ਵੀ ਵਿਅਕਤੀ/ਸੰਸਥਾ ਪਾਸੋਂ ਕਿਸੇ ਵੀ ਤਰਾਂ ਦੀ ਪ੍ਰਾਪਤੀ ਦਾਨ/ਕਰਜ ਵਗੈਰਾ 10 ਹਜ਼ਾਰ ਤੋਂ ਵਧੇਰੇ ਦੀ ਨਕਦੀ ਦੇ ਰੂਪ ਵਿੱਚ ਨਹੀਂ ਲੈ ਸਕੇਗਾ। ਉਮੀਦਵਾਰ ਵੱਲੋਂ ਲਾਏ ਜਾਣ ਵਾਲੇ ਖਰਚਾ ਰਜਿਸਟਰ ਦੇ ਤਿੰਨ ਹਿੱਸੇ ਹੋਣਗੇ, ਜਿਨਾਂ ਵਿੱਚ ਰੋਜ਼ਾਨਾ ਦੇ ਚੋਣ ਖਰਚ ਦਾ ਵੇਰਵਾ ਰੱਖਿਆ ਜਾਵੇਗਾ। ਇਸ ਮੌਕੇ ਐਸ. ਡੀ. ਐਮ ਭੁਲੱਥ ਸ. ਸਕੱਤਰ ਸਿੰਘ ਬੱਲ, ਡਿਪਟੀ ਈ. ਐਸ. ਏ ਮੈਡਮ ਰਾਣੀ ਅਤੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।






