ਜਲੰਧਰ : ਸਰਕਲ ਪਤਾਰਾ ਜਲੰਧਰ ਦੇ ਕਪੂਰ ਪਿੰਡ ਵਿਖੇ ਨਹਿਰ ਦੇ ਨਜ਼ਦੀਕ ਖੇਤਾਂ ਵਿਚ ਬਣੀ ਇਕ ਮੋਟਰ ਦੇ ਕਮਰੇ 'ਚੋਂ ਇਕ ਪਰਵਾਸੀ ਔਰਤ ਦੀ ਸੜੀ ਹੋਈ ਲਾਸ਼ ਮਿਲਣ ਨਾਲ ਪੂਰੇ ਕਪੂਰ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਡੀਐੱਸਪੀ ਗੁਰਦੇਵ ਸਿੰਘ, ਐੱਸਆਈ ਅਰਸ਼ਪ੍ਰੀਤ ਕੌਰ ਥਾਣਾ ਮੁਖੀ ਪਤਾਰਾ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਡੀਐਸਪੀ ਗੁਰਦੇਵ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਰੰਪਚ ਦੇ ਪਤੀ ਅਸ਼ੋਕ ਕੁਮਾਰ ਵਲੋਂ ਇਤਲਾਹ ਮਿਲੀ ਸੀ ਕਿ ਕਪੂਰ ਪਿੰਡ ਦੇ ਖੇਤਾਂ ਵਿਚ ਇਕ ਮੋਟਰ ਵਾਲੇ ਕਮਰੇ ਵਿਚ ਔਰਤ ਦੀ ਲਾਸ਼ ਪਈ ਹੋਈ ਹੈ।
ਸੰਬੰਧਿਤ ਖ਼ਬਰਾਂ
ਜਾਂਚ ਦੌਰਾਨ ਔਰਤ ਦੀ ਪਛਾਣ ਨੀਲਮ ਪਤਨੀ ਰਾਮ ਲਾਲ ਵਾਸੀ ਕਠਿਆਰ ਬਿਹਾਰ ਹਾਲ ਵਾਸੀ ਕਪੂਰ ਵਜੋਂ ਹੋਈ ਹੈ। ਉਹ ਕੁਝ ਦਿਨ ਪਹਿਲਾ ਹੀ ਖੇਤਾਂ ਵਿੱਚ ਬਣੀ ਇਸ ਮੋਟਰ 'ਤੇ ਆਪਣੇ ਪੁੱਤਰ ਰਾਕੇਸ਼ ਨਾਲ ਰਹਿਣ ਵਾਸਤੇ ਆਈ ਸੀ। ਉਨ੍ਹਾਂ ਦਸਿਆ ਕਿ ਫਿਲਹਾਲ ਅਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਤਾ ਲਗਿਆ ਹੈ ਕਿ ਮ੍ਰਿਤਕ ਔਰਤ ਦੇ ਚਿਹਰੇ 'ਤੇ ਕੁਝ ਸੱਟਾਂ ਦੇ ਨਿਸ਼ਾਨ ਸਨ ਅਤੇ ਲੱਤਾਂ ਸੜੀਆਂ ਹੋਈਆਂ ਸਨ। ਡੀਐੱਸਪੀ ਨੇ ਕਿਹਾ ਪੋਸਟਮਾਰਟਮ ਵਾਸਤੇ ਲਾਸ਼ ਜਲੰਧਰ ਸਿਵਲ ਹਸਪਤਾਲ ਭੇਜ ਦਿੱਤੀ ਹੈ ਜਿਸ ਦੀ ਰਿਪੋਰਟ ਤੇ ਅਸਲੀਅਤ ਜਲਦ ਸਾਹਮਣੇ ਆਵੇਗੀ।






