ਜਲੰਧਰ : ਅੰਮ੍ਰਿਤਸਰ ਰੋਡ 'ਤੇ ਪੈਂਦੇ ਪਿੰਡ ਸੁੱਚੀ ਦੇ ਨਜ਼ਦੀਕ ਮੋਟਰਸਾਈਕਸਲ 'ਤੇ ਜਾ ਰਹੇ ਮਾਂ-ਪੁੱਤ ਤੇਜ਼ ਰਫਤਾਰ ਟਰੱਕ ਦੀ ਚਪੇਟ 'ਚ ਆ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਤਾ ਬਰਿੰਦਰਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੇਟੇ ਸਿਮਰਨਜੀਤ ਸਿੰਘ (21) ਨੇ ਥੋੜੀ ਦੇਰ ਬਾਅਦ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਦਮ ਤੋੜ ਦਿੱਤਾ। ਦੋਵੇਂ ਗੁਰੂ ਅਮਰਦਾਸ ਨਗਰ ਦੇ ਰਹਿਣ ਵਾਲੇ ਸਨ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ 12 ਵਜੇ ਕਰੀਬ ਸਿਮਰਨਜੀਤ ਸਿੰਘ ਆਪਣੀ ਮਾਂ ਨੂੰ ਲੈ ਕੇ ਮੋਟਰਸਾਈਕਲ 'ਤੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ।
ਸੰਬੰਧਿਤ ਖ਼ਬਰਾਂ
ਉਹ ਸੁੱਚੀ ਪਿੰਡ ਤੋਂ ਪਠਾਨਕੋਟ ਚੌਕ ਵੱਲ ਜਾ ਰਹੇ ਸਨ। ਇਸੇ ਦੌਰਾਨ ਪਿੱਛਿਓਂ ਆਏ ਤੇਜ਼ ਰਫਤਾਰ ਟਰੱਕ ਨੇ ਉਸ 'ਚ ਟੱਕਰ ਮਾਰ ਦਿੱਤੀ। ਹਾਦਸੇ 'ਚ ਬਾਈਕ ਦੀ ਪਿਛਲੀ ਸੀਟ 'ਤੇ ਬੈਠੀ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸਿਮਰਨਜੀਤ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਕੁਝ ਦੇਰ ਬਾਅਦ ਹੀ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਥਾਣਾ ਰਾਮਾ ਮੰਡੀ ਦੇ ਏਐੱਸਆਈ ਮੁਲਖਰਾਜ ਨੇ ਦੱਸਿਆ ਕਿ ਵਾਰਸਾਂ ਦੇ ਬਿਆਨ ਦਰਜ ਕਰ ਕੇ ਮਾਮਲੇ 'ਚ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।






