ਮਲੇਰਕੋਟਲਾ : ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਵਰਕਰ ਯੂਨੀਅਨ ਦੇ ਕਾਰਕੁੰਨ ਭਾਰੀ ਬਰਸਾਤ ਦੇ ਬਾਵਜੂਦ ਟੈਂਕੀ 'ਤੇ 14ਵੇਂ ਦਿਨ ਵੀ ਡਟੇ ਰਹੇ ਅਤੇ ਸਿਲਸਿਲੇਵਾਰ ਚੱਲ ਰਹੀ ਭੁੱਖ ਹੜਤਾਲ ਜਾਰੀ ਹੈ। ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਧਰਨਾ ਸਥਾਨ ਤੋਂ ਰੋਸ ਮਾਰਚ ਕਰਦਿਆਂ ਕੁਝ ਸਮੇਂ ਲਈ ਜਰਗ ਚੌਕ ਵਿਖੇ ਧਰਨਾ ਦੇਣ ਉਪਰੰਤ ਜਦ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਨੇੜੇ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਮੰਤਰੀ ਦੀ ਰਿਹਾਇਸ਼ ਨੇੜੇ ਲਾਏ ਗਏ ਬੈਰੀਗੇਡਾਂ ਕੋਲ ਰੋਕ ਲਿਆ। ਧਰਨਾਕਾਰੀਆਂ ਨੇ ਬੈਰੀਗੇਡ ਟੱਪ ਕੇ ਮੰਤਰੀ ਦੀ ਕੋਠੀ ਵੱਲ ਰਵਾਨਾ ਹੋਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਖਿੱਚ-ਧੂਹ ਹੋਈ ਅਤੇ ਬੈਰੀਗੇਡ ਤੋੜ ਕੇ ਅੱਗੇ ਚਲੇ ਗਏ। ਪੁਲਿਸ ਨੇ ਮੋਟੀਵੇਟਰਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ, ਜਿਸ ਦੌਰਾਨ 17 ਮੋਟੀਵੇਟਰ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿਚੋਂ ਪੰਜ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿਤਾ ਗਿਆ।
ਸੰਬੰਧਿਤ ਖ਼ਬਰਾਂ
ਇਸ ਦੌਰਾਨ ਕੁਝ ਮੋਟੀਵੇਟਰ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸਵੇਰੇ ਹੋਈ ਭਾਰੀ ਬਾਰਿਸ਼ ਦੇ ਬਾਵਜੁੂਦ ਸੂਬਾ ਪ੍ਰਧਾਨ ਗੁਰਪ੍ਰਰੀਤ ਸਿੰਘ ਸੋਢੀ ,ਅਮਨਦੀਪ ਕੌਰ ਬਠਿੰਡਾ, ਕੁਲਦੀਪ ਸਿੰਘ ਬਰਨਾਲਾ, ਮਲਕੀਤ ਸਿੰਘ ਤਰਨਤਾਰਨ, ਅਮਨਦੀਪ ਸਿੰਘ ਤਰਨਤਾਰਨ ਅਤੇ ਪਰਮਿੰਦਰ ਸਿੰਘ ਫਾਜ਼ਿਲਕਾ ਟੈਂਕੀ 'ਤੇ ਡਟੇ ਰਹੇ ਹਨ ਉਥੇ ਹੋਏ ਚੱਲ ਰਹੀ ਸਿਲਸਿਲੇਵਾਰ ਭੁੱਖ ਹੜਤਾਲ 'ਤੇ ਬਲਵਿੰਦਰ ਕੌਰ ਫਰੀਦਕੋਟ, ਜਸਵਿੰਦਰ ਸਿੰਘ ਸੰਗਰੂਰ, ਗੁਰਦੀਪ ਸਿੰਘ ਹੁਸ਼ਿਆਰਪੁਰ, ਲਖਵੀਰ ਸਿੰਘ ਹੁਸ਼ਿਆਰਪੁਰ ਅਤੇ ਜਸਵੰਤ ਸਿੰਘ ਫਾਜ਼ਿਲਕਾ 'ਤੇ ਬੈਠ ਗਏ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰਰੀਤ ਸਿੰਘ ਸੋਢੀ, ਸੁਖਵਿੰਦਰ ਸਿੰਘ ਢਿੱਲੋਂ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਯੂਨੀਅਨ ਦੇ ਕਾਰਕੁੰਨ ਪੰਜਾਬ ਭਰ 'ਚੋਂ ਆਪਣੇ ਘਰ-ਬਾਰ ਛੱਡ ਕੇ ਸੜਕਾਂ 'ਤੇ ਰੁਲ ਰਹੇ ਹਨ ਅਤੇ ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਏ ਹਨ ਪਰ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕਦੀ।
ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਦੱਸਿਆ ਕਿ 11 ਜੁਲਾਈ ਨੂੰ ਸ਼ਾਮ ਵੇਲੇ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਐਸ.ਪੀ.ਮਨਜੀਤ ਸਿੰਘ ਬਰਾੜ ਅਤੇ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਵੀ ਮੌਜੂਦ ਸਨ। ਧਰਨਾ ਅਜੇ ਜਾਰੀ ਹੈ।ਯੂਨੀਅਨ ਦੀ ਮੰਗ ਹੈ ਕਿ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਆਉਣ ਵਾਲੇ ਪ੍ਰੋਜੈਕਟ ਮੋਟੀਵੇਟਰਾਂ ਨੂੰ ਦਿੱਤੇ ਜਾਣ, ਮਹਿਕਮੇ ਵਿਚ ਹੋ ਰਹੀ ਨਵੀਂ ਭਰਤੀ ਬੰਦ ਕਰਕੇ ਮਹਿਕਮੇ ਵਿੱਚ ਕੰਮ ਕਰ ਰਹੇ ਮੋਟੀਵੇਟਰਾਂ ਨੂੰ ਹੀ ਐਡਜਸਟ ਕੀਤਾ ਜਾਵੇ, ਮਹਿਕਮੇ ਵਿਚ ਮਰਜ ਕਰਕੇ ਕਿਸੇ ਕੈਟਾਗਰੀ ਵਿਚ ਸ਼ਾਮਲ ਕੀਤਾ ਜਾਵੇ, ਮਹੀਨਾਵਾਰ ਪੱਕੀ ਤਨਖਾਹ ਲਾਗੂ ਕੀਤੀ ਜਾਵੇ।






