ਭੀਖੀ (ਕਰਨ ਭੀਖੀ)- ਸਥਾਨਕ ਅਨਾਜ ਮੰਡੀ ਵਿੱਚ ਇੱਕ ਨੋਜਵਾਨ ਮਜਦੂਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੰਬੰਧਿਤ ਖ਼ਬਰਾਂ
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ (24) ਵਾਸੀ ਸਮਾਓਂ ਜੋ ਕਿ ਅਨਾਜ ਮੰਡੀ ਭੀਖੀ ਵਿਖੇ ਲੇਬਰ ਦਾ ਕੰਮ ਕਰਦਾ ਸੀ।ਬੀਤੀ ਰਾਤ ਕੁੱਝ ਅਣਪਛਾਤੇ ਨੌਜਵਾਨਾਂ ਨੇ ਉਸ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੀ ਇਲਾਜ ਲਈ ਮਾਨਸਾ ਲਿਜਾਂਦੇ ਸਮੇਂ ਮੌਤ ਹੋ ਗਈ।ਭਾਵੇਂ ਭੀਖੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪ੍ਰੰਤੂ ਗੱਲਾ ਮਜਦੂਰ ਯੂਨੀਅਨ ਦੇ ਮੈਂਬਰਾਂ ਅਤੇ ਹੋਰ ਮਜਦੂਰਾਂ ਅਤੇ ਕਿਸਾਨਾਂ ਨੇ ਪੀੜਿਤ ਪਰਿਵਾਰ ਇਨਸਾਫ ਦਿਵਾਉਣ ਲਈ ਮੰਡੀ ਦਾ ਕੰਮ ਬੰਦ ਕਰਕੇ ਬੁਢਲਾਡਾ ਟੀ ਪੁਆਇੰਟ ਤੇ ਧਰਨਾ ਲਾ ਦਿੱਤਾ ਅਤੇ ਪੁਲਿਸ ਪ੍ਰਸਾਸ਼ਨ ਦੀ ਢਿੱਲੀ ਕਾਰਗੁਜਾਰੀ ਖਿਲਾਫ ਨਾਅਰੇਬਾਜੀ ਕੀਤੀ।ਇਸ ਤੋਂ ਬਾਦ ਸ਼ਹਿਰ ਵਿੱਚ ਦੀ ਰੋਸ ਮਾਰਚ ਕਰਦੇ ਹੋਏ ਥਾਣੇ ਅੱਗੇ ਧਰਨਾ ਲਾ ਦਿੱਤਾ।ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਕਾ. ਭਗਵੰਤ ਸਿੰਘ ਸਮਾਓਂ, ਕਾ.ਵਿਜੇ ਕੁਮਾਰ ਭੀਖੀ, ਕਿਸਾਨ ਆਗੂ ਭੋਲਾ ਸਿੰਘ ਸਮਾਓਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਚਰਨ ਭੀਖੀ ਨੇ ਇਸ ਘਿਨੋਣੇ ਕਾਂਡ ਦੀ ਨਿੰਦਾ ਕਰਦਿਆ ਕਿਹਾ ਕਿ ਜਦੋਂ ਤੱਕ ਮਿ੍ਰਤਕ ਦੇ ਕਾਤਿਲਾਂ ਤੇ ਸਖਤ ਕਾਰਵਾਈ ਨਹੀ ਕੀਤੀ ਜਾਂ ਦੀ ਅਤੇ ਪੀੜਿਤ ਪਰਿਵਾਰ ਨੂੰ ਇਨਸਾਫ ਨਹੀ ਮਿਲਦਾ ਉਦੋਂ ਤੱਕ ਉਹ ਸੰਘਰਸ਼ ਜਾਰੀ ਰੱਖਣਗੇ।
ਇਸ ਮੌਕੇ ਐਸਪੀ ਡੀ ਦਿਗਵਿਜੈ ਕਪਿਲ ਨੇ ਵੀ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ।ਐਸ.ਐਚ.ਓ ਭੀਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਬੂ ਧਲੇਵਾਂ, ਪੰਮਾ ਵਾਸੀ ਭੀਖੀ ਅਤੇ ਖੁਸ਼ੀ ਵਾਸੀ ਜੱਸੜਵਾਲਾ ਸਮੇਤ 8-9 ਅਣਪਛਾਤੇ ਵਿਅਕਤੀਆਂ ਖਿਲਾਫ ਆਈ.ਪੀ.ਸੀ ਦੀ ਧਾਰਾ 302, 148, 149 ਐਸਸੀ ਐਸਟੀ ਐਕਟ ਦੀ ਧਾਰਾ 3 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।







