ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਮੁੱਢ ਸਰੋਤ ਪਿੰਡ ਧਨੋਆ ਤੋਂ ਚੱਲ ਕੇ ਦੋ ਦਿਨਾਂ ਵਿੱਚ ਸੁਲਤਾਨਪੁਰ ਲੋਧੀ ਪਹੁੰਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਚੱਲੇ ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਦੋ ਦਿਨਾਂ ਦੌਰਾਨ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਜਦੋਂ ਨਗਰ ਕੀਰਤਨ ਲੰਘ ਰਿਹਾ ਸੀ ਤਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗਾਂ ਨਾ ਲਗਾਉਣ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਮੰਨਣ ਵਾਲਿਆਂ ਨੇ ਉਨ੍ਹਾਂ ਦੇ ਉਸ ਉਪਦੇਸ਼ ਤੋਂ ਮੁਖ ਮੋੜ ਲਿਆ ਜਿਸ ਵਿੱਚ ਉਨ੍ਹਾਂ ਨੇ ਬਹੁਤ ਹੀ ਸੌਖੇੇ ਸ਼ਬਦਾਂ ਵਿੱਚ ਹਵਾ, ਪਾਣੀ ਤੇ ਧਰਤੀ ਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਸੀ। ਬਾਬੇ ਨਾਨਕ ਦੀ ਵੇਈਂ ਦੇ ਕਿਨਾਰਿਆਂ ਤੋਂ ਹੂੰਦਾ ਹੋਇਆ ਇਹ ਨਗਰ ਕੀਰਤਨ ਜਦੋਂ ਸੁਲਤਾਨਪੁਰ ਲੋਧੀ ਪਹੁੰਚਾ ਤਾਂ ਇੱਥੇ ਗੁਰਦੁਆਰਾ ਬੇਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਪਵਿੱਤਰ ਕਾਲੀ ਵੇਈਂ ਦੇ ਮੁੱਢ ਸਰੋਤ ਪਿੰਡ ਧਨੋਆ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਸੀ ਜਿਥੋਂ ਵੇਈਂ ਸੱਪ ਵਾਂਗ ਵੱਲ ਖਾਂਦੀ ਹੋਈ 165 ਕਿਲੋਮੀਟਰ ਦਾ ਸਫ਼ਰ ਤੈੈਅ ਕਰਕੇ ਸੁਲਤਾਨਪੁਰ ਲੋਧੀ ਵਿੱਚੋਂ ਦੀ ਲੰਘਦੀ ਹੋਈ ਬਿਆਸ ਦਰਿਆ ਵਿੱਚ ਜਾ ਸਮਾਉਂਦੀ ਹੈ।ਇਸੇ ਵੇਈਂ ਵਿੱਚ ਟੁੱਭੀ ਲਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਧੁਰ ਕੀ ਬਾਣੀ ਲੈਕੇ ਆਏ ਸਨ।ਦੋ ਦਿਨਾਂ ਇਸ ਨਗਰ ਕੀਰਤਨ ਦੇ ਪਹਿਲੇ ਦਿਨ ਨਗਰ ਕੀਰਤਨ ਧਨੋਆ ਤੋਂ ਚੱਲ ਕੇ 35 ਪਿੰਡਾਂ ਵਿੱਚ ਦੀ ਹੁੰਦਾ ਹੋਇਆ ਭੁਲੱਥ ਦੇਰ ਰਾਤ 11 ਵਜੇ ਪਹੁੰਚਿਆ। ਦੂਸਰੇ ਦਿਨ ਭੁਲੱਥ ਤੋਂ ਸਵੇਰੇ 7 ਵਜੇ ਚੱਲ ਕੇ ਨਡਾਲਾ, ਸੁਭਾਨਪੁਰ, ਕਪੂਰਥਲਾ ਸਮੇਤ 22 ਪਿੰਡਾਂ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚਿਆ।ਨਿਰਮਲ ਕੁਟੀਆ ਪਵਿੱਤਰ ਵੇਈਂ ਕੰਢੇ ਨਗਰ ਕੀਰਤਨ ਦੀ ਸਮਾਪਤੀ ਹੋਈ।
ਸੰਬੰਧਿਤ ਖ਼ਬਰਾਂ
ਇਸ ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਜੀ ਨੇ ਗੁਰਸੰਗਤਾਂ ਨੂੰ 550 ਸਾਲਾ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ।ਪਹਿਲੇ ਮਹਾਨ ਨਗਰ ਕੀਰਤਨ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ਼ ਸੀਚੇਵਾਲ ਦੇ ਵਿਦਿਆਰਥੀਆਂ ਦੁਆਰਾ ਵਾਤਾਵਰਣ ਜਾਗਰੂਕਤਾ ਲਈ ਆਪਣੇ ਹੱਥੀਂ ਬਣਾਈਆ ਤੱਖਤੀਆਂ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ। ਇਸ ਨਗਰ ਕੀਰਤਨ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਗੁਰਦੁਆਰਾ ਸੈਫਲਾਬਾਦ ਤੋਂ ਸੰਤ ਲੀਡਰ ਸਿੰਘ, ਗੁਰਦੁਆਰਾ ਹਰਜੀ ਸਾਹਿਬ ਤੋਂ ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਕਾਲੀ ਦਾਸ, ਸੰਤ ਗੁਰਮੇਜ ਸਿੰਘ ਜੀ ਗੁਰਦੁਆਰਾ ਸੈਦਰਾਣਾ ਸਾਹਿਬ, ਸੰਤ ਅਜਾਇਬ ਸਿੰਘ ਲੋਪੋ, ਮਹੰਤ ਮਹਾਤਮਾ ਮੁਨੀ ਜੀ ਖੈੜਾ ਬੇਟ, ਸੰਤ ਸੁਖਜੀਤ ਸਿੰਘ ਜੀ ਸਮੇਤ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।
ਸੰਗਤਾਂ ਨੇ ਨਗਰ ਕੀਰਤਨ ਦਾ ਥਾਂ-ਥਾਂ ਨਿੱਘਾ ਸਵਾਗਤ ਕੀਤਾ।ਇੱਕ ਉਂਕਾਰ ਗੱਤਕਾ ਅਖਾੜਾ ਸੀਚੇਵਾਲ ਅਤੇ ਗੱਤਕਾ ਅਖਾੜਾ ਗੁਰਸਰ ਸਾਹਿਬ ਸੈਫਲਾਬਾਦ ਦੇ ਜੁਝਾਰੂ ਗੱਤਕਾ ਖਿਡਾਰੀਆਂ ਨੇ ਦੋਵੇਂ ਦਿਨ ਖਾਲਸਾਈ ਖੇਡ ਦਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ।ਨਗਰ ਕੀਰਤਨ ਨਾਲ ਚੱਲਦੀਆਂ ਸੰਗਤਾਂ ਲਈ ਲੰਗਰਾਂ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ।






