ਸੁਲਤਾਨਪੁਰ ਲੋਧੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ) ਵੱਲੋਂ ਦਰਿਆਵਾਂ ਦਾ ਪ੍ਰਦੂਸ਼ਣ ਰੋਕਣ ਲਈ ਗਠਿਤ ਕੀਤੀ ਗਈ ਨਿਗਰਾਨ ਕਮੇਟੀ ਵੱਲੋਂ ਸਮਾਂ-ਬੱਧ ਢੰਗ ਨਾਲ ਦਰਿਆਵਾਂ ਵਿੱਚੋਂ ਪ੍ਰਦੂਸ਼ਣ ਰੋਕਣ ਲਈ ਜ਼ਮੀਨੀ ਪੱਧਰ 'ਤੇ ਕੀਤੇ ਯਤਨਾਂ ਦਾ ਜਾਇਜ਼ਾ ਲੈਣ ਲਈ ਅੱਜ ਸੁਲਤਾਨਪੁਰ ਲੋਧੀ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ. ਟੀ. ਪੀ) ਦਾ ਦੌਰਾ ਕੀਤਾ ਗਿਆ। ਕਮੇਟੀ ਦੀ ਅਗਵਾਈ ਜਸਟਿਸ (ਸੇਵਾਮੁਕਤ) ਪ੍ਰੀਤਮ ਪਾਲ ਕਰ ਰਹੇ ਸਨ ਜਦਕਿ ਹੋਰਨਾਂ ਮੈਂਬਰਾਂ ਵਿੱਚ ਪੰਜਾਬ ਦੇ ਸੇਵਾਮੁਕਤ ਮੁੱਖ ਸਕੱਤਰ ਸੁਬੋਧ ਅਗਰਵਾਲ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਬਾਬੂ ਰਾਮ ਵੀ ਮੌਜੂਦ ਸਨ। ਕਮੇਟੀ ਦੇ ਚੇਅਰਮੈਨ ਜਸਟਿਸ (ਸੇਵਾ ਮੁਕਤ) ਪ੍ਰੀਤਮ ਪਾਲ ਨੇ ਐਸ. ਟੀ. ਪੀ ਦਾ ਮੁਆਇਨਾ ਕਰਨ ਬਾਅਦ ਕਿਹਾ ਕਿ ਪਾਣੀ ਤੇ ਹਵਾ ਦੋ ਅਜਿਹੀਆਂ ਚੀਜ਼ਾਂ ਹਨ, ਜਿਨਾਂ ਦਾ ਸ਼ੁੱਧ ਰਹਿਣਾ ਜੀਵਨ ਲਈ ਬੇਹੱਦ ਜ਼ਰੂਰੀ ਹੈ ਅਤੇ ਇਸ ਦੇ ਲਈ ਸਾਨੂੰ ਕੁਦਰਤ ਨਾਲ ਪ੍ਰੇਮ ਪਾ ਕੇ ਆਪਣੀ ਸੋਚ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ।
ਉਨਾਂ ਦਰਿਆਵਾਂ ਦਾ ਪ੍ਰਦੂਸ਼ਣ ਰੋਕਣ ਲਈ ਬਣਾਈ ਗਈ ਉਕਤ ਕਮੇਟੀ ਦਾ ਹਵਾਲਾ ਦਿੰਦਿਆਂ ਆਖਿਆ ਕਿ ਜੇਕਰ ਅਸੀਂ ਆਪਣੀ ਹਵਾ ਅਤੇ ਪਾਣੀ ਦੀ ਸੰਭਾਲ ਖੁਦ ਹੀ ਕਰਨੀ ਸ਼ੁਰੂ ਕਰ ਦੇਈਏ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਾਂ ਦੇਸ਼ ਦੀ ਸਰਬਉੱਚ ਅਦਾਲਤ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਲਈ ਸਖਤ ਆਦੇਸ਼ ਦੇਣ ਦੀ ਲੋੜ ਨਹੀਂ ਰਹੇਗੀ। ਉਨਾਂ ਸੀਚੇਵਾਲ ਮਾਡਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਬਲਬੀਰ ਸਿੰਘ ਸੀਚੇਵਾਲ ਵਰਗੀ ਵਰਗੀ ਇੱਛਾ ਸ਼ਕਤੀ ਰੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਹਵਾ ਅਤੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸੁਧਾਰ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੈ ਅਤੇ ਇਸ ਸਬੰਧੀ ਕਮੇਟੀ ਲਗਾਤਾਰ ਨਿਗਰਾਨੀ ਰੱਖੇਗੀ। ਉਨਾਂ ਕਿਹਾ ਕਿ ਐਨ. ਜੀ. ਟੀ ਅਜਿਹੇ ਵਰਤਾਰੇ ਨੂੰ ਰੋਕਣ ਲਈ ਬੇਹੱਦ ਗੰਭੀਰ ਹੈ ਅਤੇ ਇਸ ਸਬੰਧੀ ਸਖ਼ਤ ਕਦਮ ਵੀ ਉਠਾਏ ਗਏ ਹਨ। ਉਨਾਂ ਦੱਸਿਆ ਕਿ ਕਮੇਟੀ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਆਪਣੀ ਕਾਰਗੁਜ਼ਾਰੀ ਬਿਹਤਰ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਸੰਬੰਧਿਤ ਖ਼ਬਰਾਂ
ਉਨਾਂ ਕਿਹਾ ਕਿ ਇਕ ਮਹੀਨੇ ਬਾਅਦ ਕਮੇਟੀ ਵੱਲੋਂ ਮੁੜ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਹਰੇਕ ਮਹੀਨੇ ਰਿਪੋਰਟ ਪ੍ਰਾਪਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਥਾਂਵਾਂ 'ਤੇ ਠੋਸ ਕੂੜੇ ਤੇ ਗੰਦੇ ਨਿਕਾਸੀ ਪਾਣੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਆਪਣੀ ਰਿਪੋਰਟ ਰੱਖੀ ਜਾਵੇਗੀ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਮੇਟੀ ਵੱਲੋਂ ਅੱਜ ਕਾਲਾ ਸੰਘਿਆਂ ਡਰੇਨ ਅਤੇ ਪਿੰਡ ਸੀਚੇਵਾਲ ਦਾ ਵੀ ਦੌਰਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਹ ਸੀਚੇਵਾਲ ਮਾਡਲ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ ਅਤੇ ਸਾਨੂੰ ਹੋਰਨਾਂ ਪਿੰਡਾਂ ਵਿਚ ਵੀ ਇਸ ਨੂੰ ਅਪਣਾਉਣਾ ਚਾਹੀਦਾ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੀਚੇਵਾਲ ਮਾਡਲ ਦਾ ਹਵਾਲਾ ਦਿੰਦਿਆਂ ਆਖਿਆ ਕਿ ਠੋਸ ਕੂੜੇ ਤੋਂ ਖਾਦ ਬਣਾ ਕੇ ਅਤੇ ਸੋਧੇ ਪਾਣੀ ਨੂੰ ਸਿੰਜਾਈ ਲਈ ਵਰਤ ਕੇ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਆਪਣੇ ਪੱਧਰ 'ਤੇ ਹੱਲ ਕਰ ਸਕਦੇ ਹਾਂ।
ਉਨਾਂ ਕਿਹਾ ਕਿ ਅਜਿਹਾ ਕਰਕੇ ਜਿਥੇ ਅਸੀਂ ਅਰਬਾਂ ਰੁਪਈਆਂ ਦੀ ਖਾਦ ਦੇ ਖਰਚ ਨੂੰ ਬਚਾਅ ਸਕਦੇ ਹਾਂ ਉੱਥੇ ਜਲ ਵਰਗੇ ਕੁਦਰਤੀ ਵਸੀਲਿਆਂ ਨੂੰ ਵੀ ਖਤਮ ਹੋਣ ਤੋਂ ਬਚਾਅ ਸਕਦੇ ਹਾਂ। ਇਸ ਤੋਂ ਪਹਿਲਾਂ ਕਮੇਟੀ ਵੱਲੋਂ ਡੱਲਾ ਫਾਟਕ ਵਿਖੇ ਪੋਂਡ ਟ੍ਰੀਟਮੈਂਟ ਪਲਾਂਟ ਅਤੇ ਨਰਸਰੀ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਸੰਤ ਦਇਆ ਸਿੰਘ, ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਡਾਇਰੈਕਟੋਰੇਟ ਆਫ ਐਨਵਾਇਰਮੈਂਟ ਐਂਡ ਕਲਾਈਮੈਟ ਚੇਂਜ ਦੇ ਸੰਯੁਕਤ ਡਾਇਰੈਕਟਰ ਸ੍ਰੀ ਪ੍ਰਦੀਪ ਗਰਗ, ਵਾਤਾਵਰਨ ਵਿਭਾਗ ਦੇ ਸੀਨੀਅਰ ਸਾਇੰਟੀਫਿਕ ਅਫ਼ਸਰ ਸ੍ਰੀ ਗੁਰਹਰਮਿੰਦਰ ਸਿੰਘ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।






