ਲੁਧਿਆਣਾ : ਸਤਲੁਜ ਦਰਿਆ ਕਿਨਾਰੇ ਬੇਟ ਇਲਾਕੇ ਦੇ ਪਿੰਡ ਗੌਂਸਗੜ੍ਹ ਮੰਡ ਵਿਖੇ ਸਥਿਤ ਇਕ ਗੁਰਦੁਆਰਾ 'ਚ ਨਿਸ਼ਾਨ ਸਾਹਿਬ ਚੜਾਉਣ ਨੂੰ ਲੈ ਕੇ ਨਿਹੰਗ ਸਿੰਘਾਂ ਤੇ ਨਗਰ ਨਿਵਾਸੀਆਂ 'ਚ ਤਕਰਾਰ ਪੈਦਾ ਹੋ ਗਿਆ ਪਰ ਮੌਕੇ 'ਤੇ ਪਹੁੰਚੀ ਪੁਲਿਸ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸੁਲਝਾ ਲਿਆ। ਜਾਣਕਾਰੀ ਅਨੁਸਾਰ ਪਿੰਡ ਗੌਂਸਗੜ੍ਹ ਮੰਡ 'ਚ ਪਿਛਲੇ ਕਈ ਸਾਲਾਂ ਤੋਂ ਇਕ ਗੁਰਦੁਆਰਾ ਸਥਾਪਿਤ ਹੈ, ਜਿੱਥੇ ਕਿ ਇਸ ਪਿੰਡ ਦੀ ਸੰਗਤ ਤੋਂ ਇਲਾਵਾ ਮੰਡ ਸ਼ੇਰੀਆਂ ਦੀ ਸੰਗਤ ਵੀ ਗੁਰੂ ਘਰ 'ਚ ਨਤਮਸਤਕ ਹੋਣ ਲਈ ਆਉਂਦੀ ਹਨ। ਕੁੱਝ ਦਿਨ ਪਹਿਲਾਂ ਇਕ ਨਿਹੰਗ ਸਿੰਘ ਜੋ ਕਿ ਕੁਝ ਚਿਰ ਤੋਂ ਇਸ ਗੁਰਦੁਆਰਾ ਸਾਹਿਬ 'ਚ ਸੇਵਾ ਨਿਭਾਅ ਰਿਹਾ ਸੀ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਗੁਰੂ ਘਰ 'ਚ ਨਿਸ਼ਾਨ ਸਾਹਿਬ 'ਤੇ ਨੀਲੇ ਰੰਗ ਦਾ ਚੋਲਾ ਚੜ੍ਹਾ ਦਿੱਤਾ ਤੇ ਜਦੋਂ ਹੁਣ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਪਿੰਡ ਮੰਡ ਗੌਂਸਗੜ੍ਹ ਦੀ ਸੰਗਤ ਨੇ ਦੁਬਾਰਾ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਚੜਾਉਣ ਲਈ ਵਿਚਾਰ-ਚਰਚਾ ਕੀਤੀ ਤਾਂ ਨਿਹੰਗ ਸਿੰਘ ਵੱਲੋਂ ਆਪਣਾ ਚੜ੍ਹਾਇਆ ਨੀਲੇ ਰੰਗ ਦਾ ਚੋਲਾ ਉਤਾਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਧਿਰਾਂ 'ਚ ਵਿਵਾਦ ਸ਼ੁਰੂ ਹੋ ਗਿਆ।
ਸੰਬੰਧਿਤ ਖ਼ਬਰਾਂ
ਪਿੰਡ ਗੌਂਸਗੜ੍ਹ ਮੰਡ ਦੇ ਨਿਵਾਸੀਆਂ ਵਲੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਨਿਸ਼ਾਨ ਸਾਹਿਬ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਟਕਰਾਅ ਹੋ ਸਕਦਾ ਹੈ ਜਿਸ 'ਤੇ ਮਾਮਲਾ ਵਧਦਾ ਦੇਖ ਸਮਰਾਲਾ ਦੇ ਡੀਐੱਸਪੀ ਦਵਿੰਦਰ ਸਿੰਘ, ਥਾਣਾ ਮੁਖੀ ਰਮਨਇੰਦਰਜੀਤ ਸਿੰਘ, ਇੰਸਪੈਕਟਰ ਬਲਜਿੰਦਰ ਸਿੰਘ, ਇੰਸਪੈਕਟਰ ਸੁਖਵੀਰ ਸਿੰਘ ਅਤੇ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਮੌਕੇ 'ਤੇ ਪੁੱਜੇ। ਦੋਵਾਂ ਧਿਰਾਂ ਦੇ ਵਿਚਾਰ ਸੁਣਨ ਤੋਂ ਬਾਅਦ ਅਖੀਰ ਵਿਚ ਪੁਲਿਸ ਤੇ ਪ੍ਰਸ਼ਾਸਨ ਨੇ ਇਹ ਮਾਮਲਾ ਸੁਲਝਾਇਆ ਅਤੇ ਦੋਵਾਂ ਧਿਰਾਂ ਨੂੰ ਰਜ਼ਾਮੰਦ ਕੀਤਾ ਕਿ ਇਹ ਗੁਰਦੁਆਰਾ ਪਿੰਡ ਗੌਂਸਗੜ੍ਹ ਮੰਡ ਦੀ ਜ਼ਮੀਨ 'ਚ ਸਥਾਪਿਤ ਹੈ|
ਇਸ ਲਈ ਜੋ ਪੁਰਾਤਨ ਰਿਵਾਇਤ ਅਨੁਸਾਰ ਇੱਥੇ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹੈ ਉਹ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਚੜ੍ਹਾਇਆ ਜਾਵੇਗਾ ਅਤੇ ਨਾਲ ਹੀ ਪਿੰਡ ਗੌਂਸਗੜ੍ਹ ਮੰਡ ਦੇ ਨਿਵਾਸੀ ਆਪਣੀ ਪ੍ਰਬੰਧਕ ਕਮੇਟੀ ਦਾ ਗਠਨ ਕਰ ਇਸ ਗੁਰੂ ਘਰ ਦੀ ਸੇਵਾ ਤੇ ਦੇਖਭਾਲ ਕਰਨ। ਪ੍ਰਸ਼ਾਸਨ ਵੱਲੋਂ ਦੋਵਾਂ ਪਿੰਡਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਗੁਰੂ ਘਰ ਵਿਚ ਕਿਸੇ ਵੀ ਪਿੰਡ ਦਾ ਵਿਅਕਤੀ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਣ ਅਤੇ ਸੇਵਾ ਕਰਨ ਆ ਸਕਦਾ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਪੁਲਿਸ ਤੇ ਪ੍ਰਸ਼ਾਸਨ ਦੇ ਵਿਵਾਦ ਨੂੰ ਸੁਲਝਾਉਣ ਤੋਂ ਬਾਅਦ ਪਿੰਡ ਗੌਂਸਗੜ੍ਹ ਮੰਡ ਦੇ ਨਿਵਾਸੀਆਂ ਨੇ ਆਪਣੀ ਪ੍ਰਬੰਧਕ ਕਮੇਟੀ ਦਾ ਗਠਨ ਕਰ ਲਿਆ ਜਿਸ ਵਿਚ ਜੈਮਲ ਸਿੰਘ ਪ੍ਰਧਾਨ, ਰੇਸ਼ਮ ਸਿੰਘ ਸੈਕੇਟਰੀ, ਗੁਰਨਾਮ ਸਿੰਘ ਖਜਾਨਚੀ, ਗੁਰਨਾਮ ਸਿੰਘ ਉਪ ਪ੍ਰਧਾਨ, ਬਲਵੀਰ ਸਿੰਘ, ਸਤਵਿੰਦਰ ਸਿੰਘ, ਬਾਗ ਸਿੰਘ, ਗੁਲਾਬ ਸਿੰਘ, ਗਰਜਾ ਸਿੰਘ, ਜਗਦੇਵ ਸਿੰਘ ਤੇ ਕਰਨੈਲ ਸਿੰਘ ਮੈਂਬਰ ਚੁਣੇ ਲਏ ਗਏ। ਪਿੰਡ ਗੌਂਸਗੜ੍ਹ ਮੰਡ ਦੇ ਨਿਵਾਸੀਆਂ ਨੇ ਗੁਰੂ ਘਰ ਵਿਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਟਕਰਾਅ ਅਤੇ ਵਿਵਾਦ ਨੂੰ ਸੁਲਝਾਉਣ 'ਤੇ ਪੁਲਿਸ ਤੇ ਪ੍ਰਸ਼ਾਸਨ ਦਾ ਧੰਨਵਾਦ ਪ੍ਰਗਟਾਇਆ।






