ਚੰਡੀਗੜ (ਇੰਦਰਜੀਤ ਸਿੰਘ) : ਲੋਕ ਇਨਸਾਫ ਪਾਰਟੀ ਨੂੰ ਸਰਬ ਪਾਰਟੀ ਮੀਟਿੰਗ ਵਿਚ ਨਾ ਬੁਲਾਏ ਜਾਣ ਤੋਂ ਨਾਰਾਜ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਚੱਲ ਰਹੇ ਸਿਟੀ ਸੈਂਟਰ ਘੁਟਾਲੇ ਦੇ ਕੇਸ ਵਿਚ ਉਹ ਸ਼ਾਮਲ ਹੋਣਾ ਚਾਹੁੰਦੇ ਸਨ ਅਤੇ ਇਸ ਕੇਸ ਨੂੰ ਟਰਾਈਲ ਤਕ ਲੈ ਕੇ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨਾਲ ਨਾਰਾਜ਼ ਹੋ ਕੇ ਉਨ੍ਹਾਂ ਦੀ ਪਾਰਟੀ ਨੂੰ ਸਰਬ ਪਾਰਟੀ ਮੀਟਿੰਗ ਵਿਚ ਨਹੀਂ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਵਿਧਾਨ ਸਭਾ ਵਿਚ 2 ਵਿਧਾਇਕ ਹਨ। ਸੋ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਤੋਂ ਕਿੰਜ ਰੋਕਿਆ ਜਾ ਸਕਦਾ ਹੈ। ਬੈਂਸ ਨੇ ਇਹ ਵੀ ਦੋਸ਼ ਲਾਇਆ ਕਿ ਵਿਧਾਨ ਸਭਾ ਦੇ 2 ਸੈਸ਼ਨ ਵਿਚ ਉਹ ਲਗਾਤਾਰ ਪਾਣੀ ਸਬੰਧੀ ਪ੍ਰਾਈਵੇਟ ਬਿੱਲ ਲਿਆ ਰਹੇ ਹਨ ਅਤੇ ਇਕ ਬਿੱਲ ਜੋ ਪਿਛਲੀ ਸਰਕਾਰ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਪੇਸ਼ ਕੀਤਾ ਸੀ ਉਸ ਵਿਚ ਨਾਨ ਰਿਪੇਰੀਅਨ ਰਾਜਾਂ ਤੋਂ ਪੰਜਾਬ ਵੱਲੋਂ ਦਿੱਤੇ ਜਾ ਰਹੇ ਪਾਣੀ ਦਾ ਬਿੱਲ ਵਸੂਲਣ ਸਬੰਧੀ ਪ੍ਰਸਤਾਵ ਖਾਰਜ ਹੋ ਗਿਆ ਸੀ ਅਤੇ ਤੈਅ ਹੋਇਆ ਸੀ ਕਿ ਸਰਕਾਰ ਰਾਜਸਥਾਨ ਨੂੰ ਪਾਣੀ ਦਾ ਬਿੱਲ ਭੇਜੇਗੀ।
ਸੰਬੰਧਿਤ ਖ਼ਬਰਾਂ
ਬੈਂਸ ਨੇ ਕਿਹਾ ਕਿ ਜਦੋਂ ਹਿਮਾਚਲ ਪ੍ਰਦੇਸ਼ ਦਿੱਲੀ ਨੂੰ ਦਿੱਤੇ ਜਾ ਰਹੇ ਪਾਣੀ ਦਾ 21 ਕਰੋੜ ਰੁਪਏ ਵਸੂਲਣ ਸਬੰਧੀ ਬਿੱਲ ਭੇਜ ਸਕਦਾ ਹੈ ਤਾਂ ਬੈਂਸ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪਾਣੀ ਦੇ ਮੁੱਦੇ 'ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭੂਜਲ ਨੂੰ ਰਿਵਾਇਵ ਕਰਨ ਲਈ ਕੇਂਦਰੀ ਪੱਧਰ 'ਤੇ ਬਣੀ 6000 ਕਰੋੜ ਰੁਪਏ ਦੀ ਅਟਲ ਭੂਜਲ ਯੋਜਨਾ ਤੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਹੈ ਜਦਕਿ ਪੂਰੇ ਦੇਸ਼ ਵਿਚ ਸਭ ਤੋਂ ਜ਼ਿਆਦਾ ਭੂਜਲ ਪੰਜਾਬ ਦੀ ਚਰਚਾ ਹੋ ਰਹੀ ਹੈ। ਸਾਡਾ 69 ਫੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ ਅਤੇ ਪੰਜਾਬ ਤੇਜ਼ੀ ਨਾਲ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ।ਅਜਿਹੇ ਵਿਚ ਅੱਜ ਜਦੋਂ ਇਸ ਮੌਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬਪਾਰਟੀ ਮੀਟਿੰਗ ਵਿਚ ਉਨ੍ਹਾਂ ਦੀ ਪਾਰਟੀ ਨੂੰ ਸੱਦਾ ਨਹੀਂ ਭੇਜਿਆ ਤਾਂ ਉਹ ਮੀਟਿੰਗ ਵਾਲੀ ਥਾਂ ਦੇ ਬਾਹਰ ਇਸ ਦਾ ਵਿਰੋਧ ਕਰ ਰਹੇ ਹਨ।
ਬੈਂਸ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੀ ਨਾਰਾਜ਼ਗੀ ਉਨ੍ਹਾਂ ਨਾਲ ਹੋ ਸਕਦੀ ਹੈ ਪਰ ਪੰਜਾਬ ਦੇ ਮਸਲਿਆਂ ਨੂੰ ਚੁੱਕਣ ਲਈ ਉਨ੍ਹਾਂ ਨੂੰ ਨਹੀਂ ਰੋਕਿਆ ਜਾ ਸਕਦਾ। ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ। ਕਾਬਲੇ ਗੌਰ ਹੈ ਕਿ ਪੰਜਾਬ ਭਵਨ ਵਿਚ ਸਰਬ ਪਾਰਟੀ ਮੀਟਿੰਗ ਚੱਲ ਰਹੀ ਹੈ। ਉਸ ਸੜਕ ਨੂੰ ਆਮ ਆਵਾਜਾਈ ਲਈ ਰੋਕ ਦਿੱਤਾ ਗਿਆ ਹੈ। ਸਿਰਫ਼ ਉਹੀ ਲੋਕ ਅੱਗੇ ਜਾ ਸਕਦੇ ਹਨ ਜਿਨ੍ਹਾਂ ਨੂੰ ਮੀਟਿੰਗ ਵਿਚ ਸ਼ਿਰਕਤ ਕਰਨ ਲਈ ਸੱਦਿਆ ਗਿਆ ਹੈ।






