ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : ਸੁਲਤਾਨਪੁਰ ਲੋਧੀ ਤੋਂ ਵਿਧਾਇਕ. ਸ. ਨਵਤੇਜ ਸਿੰਘ ਚੀਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਮ ਇਕ ਪੱਤਰ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਡਾਲ ਵਿੱਚ ਸਹਿਜ ਪਾਠ ਲਈ ਸ਼੍ਰੋਮਣੀ ਕਮੇਟੀ ਦੇ ਗ੍ਰੰਥੀ ਸਿੰਘਾਂ ਦੀ ਡਿੳੂਟੀ ਲਾਉਣ ਦੀ ਬੇਨਤੀ ਕੀਤੀ ਹੈ। ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੇ ਨਾਂ ਲਿਖਿਆ ਪੱਤਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਸਤਨਾਮ ਸਿੰਘ ਨੂੰ ਸੌਂਪਣ ਪਿੱਛੋਂ ਵਿਧਾਇਕ ਚੀਮਾ ਨੇ ਕਿਹਾ ਕਿ ਪੁੱਡਾ ਕਾਲੋਨੀ ਦੇ ਸਾਹਮਣੇ ਤਿਆਰ ਕੀਤੇ ਪੰਡਾਲ ਵਿੱਚ ਸਮਾਗਮਾਂ ਦੀ ਸ਼ੁਰੂਆਤ 5 ਨਵੰਬਰ ਨੂੰ ਸਵੇਰੇ ਸ੍ਰੀ ਸਹਿਜ ਪਾਠ ਦੀ ਆਰੰਭਤਾ ਨਾਲ ਹੋਵੇਗੀ ਅਤੇ ਸਹਿਜ ਪਾਠ ਦੇ ਭੋਗ 12 ਨਵੰਬਰ ਨੂੰ ਪੈਣਗੇ।
ਸੰਬੰਧਿਤ ਖ਼ਬਰਾਂ
ਉਨਾਂ ਕਿਹਾ ਕਿ ਸਮੁੱਚੇ ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤੇ ਪੂਰਨ ਗੁਰਮਰਿਆਦਾ ਬਣਾਈ ਰੱਖਣ ਅਤੇ ਜਾਣੇ-ਅਣਜਾਣੇ ਵਿੱਚ ਕਿਸੇ ਵੀ ਭੁੱਲ ਤੋਂ ਬਚਣ ਲਈ ਉਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਚਿੱਠੀ ਲਿਖ ਕੇ ਸਹਿਜ ਪਾਠ ਅਤੇ ਸਮਾਗਮਾਂ ਲਈ ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਦੀ ਡਿੳੂਟੀ ਲਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਸਾਰੇ ਸਮਾਗਮ ਗੁਰਮਰਿਆਦਾ ਅਨੁਸਾਰ ਸੰਪੂਰਨ ਹੋ ਸਕਣ। ਉਨਾਂ ਦੱਸਿਆ ਕਿ ਚਿੱਠੀ ਦਾ ਉਤਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਭਾਈ ਰੂਪ ਸਿੰਘ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਸਤਨਾਮ ਸਿੰਘ ਨੂੰ ਵੀ ਭੇਜਿਆ ਗਿਆ ਹੈ।






