ਬਠਿੰਡਾ : ਝੂਠੇ ਪੁਲਿਸ ਮੁਕਾਬਲੇ 'ਚ ਇਕ ਬੇਗੁਨਾਹ ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਹੇ ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਚਾਰ ਪੁਲਿਸ ਅਧਿਕਾਰੀਆਂ ਦੀ ਸਜ਼ਾ ਮਾਫ਼ੀ ਤੋਂ ਬਾਅਦ ਹੁਣ ਬਠਿੰਡਾ ਜੇਲ੍ਹ 'ਚ ਸਜ਼ਾਯਾਫ਼ਤਾ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਮਾਫ਼ੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। 27 ਸਾਲ ਪਹਿਲਾਂ ਫੌਜੀ ਛਾਉਣੀ 'ਚ ਫ਼ਾਇਰਮੈਨ ਤਾਇਨਾਤ ਇਕ ਸਿੱਖ ਨੌਜਵਾਨ ਪਰਮਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਵਾਲੇ ਕੇਂਦਰੀ ਜੇਲ੍ਹ 'ਚ ਬੰਦ ਪੁਲਿਸ ਅਧਿਕਾਰੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਕਾਗਜ਼-ਪੱਤਰ ਪੰਜਾਬ ਦੇ ਰਾਜਪਾਲ ਨੂੰ ਭੇਜੇ ਦਿੱਤੇ ਹਨ । ਆਉਣ ਵਾਲੇ ਦਿਨਾਂ 'ਚ ਉਕਤ ਪੁਲਿਸ ਅਧਿਕਾਰੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ।
ਪੁਲਿਸ ਤੇ ਜੇਲ੍ਹ ਅਧਿਕਾਰੀਆਂ ਨੇ ਉਕਤ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ। ਪੰਜਾਬ ਦੇ ਇਕ ਸੇਵਾਮੁਕਤ ਡੀਜੀਪੀ ਨੇ ਹੀ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਅਕਾਲੀ-ਭਾਜਪਾ ਸਰਕਾਰ ਸਮੇਂ ਸਿਫ਼ਾਰਸ਼ ਕੀਤੀ ਸੀ। ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਐੱਮਪੀਐੱਸ ਪਾਹਵਾ ਨੇ 14 ਜਨਵਰੀ 2014 ਨੂੰ ਪੰਜਾਬ ਪੁਲਿਸ ਦੇ ਇੰਸਪੈਕਟਰ ਬਰਜਿੰਦਰ ਕੁਮਾਰ, ਏਐੱਸਆਈ ਗੁਰਬਚਨ ਸਿੰਘ ਸੇਮਾ, ਹੈੱਡ ਕਾਂਸਟੇਬਲ ਮੱਲ ਸਿੰਘ, ਹਰਿੰਦਰ ਸਿੰਘ, ਕੰਵਲਜੀਤ ਸਿੰਘ, ਸਿਪਾਹੀ ਤਰਲੋਕ ਸਿੰਘ, ਹੋਮਗਾਰਡ ਜਵਾਨ ਜਗਸੀਰ ਸਿੰਘ ਕਾਲਾ ਤੇ ਜਰਨੈਲ ਸਿੰਘ ਨੂੰ ਬਠਿੰਡਾ ਛਾਉਣੀ 'ਚ ਫ਼ਾਇਰਮੈਨ ਤਾਇਨਾਤ ਪਰਮਜੀਤ ਸਿੰਘ ਵਾਸੀ ਬਠਿੰਡਾ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਦੇ ਦੋਸ਼ ਹੇਠ ਉਮਰ ਕੈਦ ਅਤੇ ਦਸ-ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਸੰਬੰਧਿਤ ਖ਼ਬਰਾਂ
ਕੇਸ ਦੀ ਸੁਣਵਾਈ ਦੌਰਾਨ ਏਐੱਸਆਈ ਲਖਵੀਰ ਸਿੰਘ, ਕਾਂਸਟੇਬਲ ਪਾਲ ਸਿੰਘ ਤੇ ਹੋਮਗਾਰਡ ਜਵਾਨ ਕਾਲਾ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਇਕ ਹੋਰ ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਡੀਐਸਪੀ ਗੁਰਦੀਪ ਸਿੰਘ ਸਾਲ 2007 ਵਿਚ ਪੈਰੋਲ ’ਤੇ ਰਿਹਾਅ ਹੋਣ ਬਾਅਦ ਫ਼ਰਾਰ ਚੱਲ ਰਿਹਾ ਹੈ।ਪੁਲਿਸ ਅਧਿਕਾਰੀਆਂ ’ਤੇ ਦੋਸ਼ ਹੈ ਕਿ ਸਾਲ 1992 'ਚ ਫ਼ੌਜੀ ਛਾਉਣੀ 'ਚ ਫਾਇਰਮੈਨ ਦੇ ਅਹੁਦੇ ’ਤੇ ਤਾਇਨਾਤ ਪਰਮਜੀਤ ਸਿੰਘ (25) ਪੁੱਤਰ ਗੁਰਦਿੱਤ ਸਿੰਘ ਢਿੱਲੋਂ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੂੰ ਦਿਨ-ਦਿਹਾੜੇ ਬੀਬੀਵਾਲਾ ਚੌਕ ਤੋਂ ਉਸ ਦੇ ਪਿਤਾ ਦੀ ਆਟਾ ਚੱਕੀ ਤੋਂ ਚੁੱਕ ਕੇ ਮੁਕਾਬਲੇ 'ਚ ਖ਼ਤਮ ਕਰ ਦਿੱਤਾ ਸੀ।
ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪਰਮਜੀਤ ਸਿੰਘ ਦੇ ਖਾੜਕੂ ਜਥੇਬੰਦੀਆਂ ਨਾਲ ਸਬੰਧ ਸਨ। ਪੁਲਿਸ ਨੇ ਕਿਹਾ ਸੀ ਕਿ ਉਹ ਜਦੋਂ ਪਰਮਜੀਤ ਸਿੰਘ ਨੂੰ ਬੱਲੂਆਣਾ ਨੇੜੇ ਲੁਕੋ ਕੇ ਰੱਖੇ ਅਸਲੇ ਦੀ ਬਰਮਾਦਗੀ ਲਈ ਲੈ ਕੇ ਜਾ ਰਹੀ ਸੀ, ਤਾਂ ਖਾੜਕੂ ਫਾਈਰਿੰਗ ਕਰ ਕੇ ਉਸ ਨੂੰ ਪੁਲਿਸ ਹਿਰਾਸਤ 'ਚੋਂ ਛੁਡਵਾ ਕੇ ਲੈ ਗਏ। ਪਰਮਜੀਤ ਸਿੰਘ ਦਾ ਪਿਤਾ ਗੁਰਦਿੱਤ ਸਿੰਘ ਕਈ ਸਾਲ ਪੁਲਿਸ ਅਧਿਕਾਰੀਆਂ ਦੇ ਗੇੜੇ ਕੱਢਦਾ ਰਿਹਾ ਪਰ ਪੁਲਿਸ ਨੇ ਕੋਈ ਸੁਣਵਾਈ ਨਾ ਕੀਤੀ।






