ਬਰਨਾਲਾ : ਵਿਧਾਨ ਸਭਾ ਹਲਕਾ ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹੇ ਉੱਘੇ ਉਦਯੋਗਪਤੀ ਕੇਵਲ ਸਿੰਘ ਢਿੱਲੋਂ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਅਖਾੜੇ ਵਿਚ ਉਤਾਰਿਆ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਸੈਂਕੜਿਆਂ ਦੀ ਗਿਣਤੀ 'ਚ ਗੱਡੀਆਂ, ਮੋਟਰਸਾਈਕਲ ਤੇ ਟਰੈਕਟਰਾਂ ਰਾਹੀਂ ਹਜ਼ਾਰਾਂ ਦੀ ਤਦਾਦ 'ਚ ਕਾਂਗਰਸੀ ਆਗੂ ਤੇ ਵਰਕਰਾਂ ਦੇ ਕਾਫ਼ਲੇ ਨੂੰ ਨਾਲ ਲੈ ਕੇ ਰੋਡ ਸ਼ੋਅ ਕੱਢਦਿਆਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ।
ਸੰਬੰਧਿਤ ਖ਼ਬਰਾਂ
ਇਸ ਰੋਡ ਸ਼ੋਅ ਦੀ ਅਗਵਾਈ ਕੇਵਲ ਸਿੰਘ ਢਿੱਲੋਂ ਨਾਲ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ, ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ, ਸੁਨਾਮ ਤੋਂ ਹਲਕਾ ਇੰਚਾਰਜ ਦਮਨ ਬਾਜਵਾ, ਮਹਿਲ ਕਲਾਂ ਤੋਂ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ, ਭਦੌੜ ਤੋਂ ਸੀਨੀਅਰ ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਵਾਲੀਆ, ਬਲਵਿੰਦਰ ਸਿੰਘ ਸ਼ੇਰਗਿੱਲ, ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ, ਮੌਜੂਦਾ ਜ਼ਿਲ੍ਹਾ ਪ੍ਰਧਾਨ ਰੂਪੀ ਕੌਰ, ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਲੋਕ ਸਭਾ ਹਲਕੇ 'ਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ, ਸਾਬਕਾ ਵਿਧਾਇਕ ਤੋਂ ਇਲਾਵਾ ਕਾਂਗਰਸੀ ਆਗੂ ਤੇ ਵਰਕਰ ਭਾਰੀ ਗਿਣਤੀ 'ਚ ਹਾਜ਼ਰ ਸਨ।
ਇਹ ਰੋਡ ਸ਼ੋਅ ਬਰਨਾਲਾ ਦੀ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਸੰਘੇੜਾ ਧੂਰੀ ਹੁੰਦਿਆਂ ਹੋਇਆਂ ਦੇਰ ਸ਼ਾਮ ਨੂੰ ਸੰਗਰੂਰ ਪੁੱਜੇਗਾ। ਇਸ ਰੋਡ ਸ਼ੋਅ ਵਿਚ ਯੂਥ ਦੀ ਅਗਵਾਈ ਕੇਵਲ ਸਿੰਘ ਢਿੱਲੋਂ ਦੇ ਸਪੁੱਤਰ ਕਰਨ ਢਿੱਲੋਂ ਤੇ ਕੰਵਰ ਢਿੱਲੋਂ ਕਰ ਰਹੇ ਸਨ। ਇਸ ਰੋਡ ਸ਼ੋਅ ਦੇ ਪ੍ਰਚਾਰ ਲਈ ਪਾਰਟੀ ਦੇ ਝੰਡੇ, ਕੇਵਲ ਸਿੰਘ ਢਿੱਲੋਂ ਦੀ ਫੋਟੋ ਸਮੇਤ ਸਟਿੱਕਰ, ਫਲੈਕਸ ਬੋਰਡ ਆਦਿ ਭਾਰੀ ਗਿਣਤੀ 'ਚ ਲੱਗੇ ਹੋਏ ਸਨ। ਪ੍ਰਸ਼ਾਸਨ ਵੱਲੋਂ ਵੀ ਪੁਖ਼ਤਾ ਪ੍ਰਬੰਧ ਕਰਦਿਆਂ ਬਹੁ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।






