ਚੰਡੀਗੜ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਮਿਤੀ 19 ਮਈ ਨੂੰ ਪੰਜਾਬ ਦੇ ਲੋਕ ਸਭਾ ਲਈ ਪਈਆਂ ਵੋਟਾਂ ਸਬੰਧੀ ਪ੍ਰਾਪਤ ਰਿਪੋਰਟਾਂ ਨੂੰ ਵਾਚਣ ਉਪਰੰਤ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪੋਲਿੰਗ ਬੂਥ ਨੰਬਰ 123 'ਤੇ ਦੁਬਾਰਾ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਗਏ ਹਨ । ਇਹ ਵੋਟਾਂ 22 ਮਈ ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪਵਾਈਆਂ ਜਾਣਗੀਆਂ।ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ 22 ਮਈ ਨੂੰ ਇਸ ਪੋਲਿੰਗ ਸਟੇਸ਼ਨ ਉਤੇ ਮੁੜ ਵੋਟਾਂ ਪਵਾਉਣ ਸਬੰਧੀ ਸਮੂਚੇ ਪ੍ਰਬੰਧ ਕਰ ਲਏ ਗਏ ਹਨ।
ਸੰਬੰਧਿਤ ਖ਼ਬਰਾਂ
ਡਾ. ਰਾਜੂ ਨੇ ਦੱਸਿਆ ਕਿ ਇਸ ਪੋਲਿੰਗ ਸਟੇਸ਼ਨ ਦੇ ਰਿਟਰਨਿੰਗ ਅਫਸਰ ਅਤੇ ਆਬਜ਼ਰਵਰਾਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਨਾਲ ਹੀ ਰਾਜਨੀਤਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਲੋੜੀਂਦਾ ਸੁਰੱਖਿਆ ਸਟਾਫ, ਈਵੀਐੱਮ ਮਸ਼ੀਨਾਂ ਅਤੇ ਪੋਲ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਚੋਣ ਕਮਿਸ਼ਨ ਵਲੋਂ ਇਸ ਪੋਲਿੰਗ ਸਟੇਸ਼ਨ ਅਧੀਨ ਆਉਂਦੇ ਬਾਸ਼ਿੰਦਿਆਂ ਨੂੰ 22 ਮਈ ਦੀ ਪੇਡ ਛੁੱਟੀ ਕਰਨ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਆਪਣੇ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।






