ਕਪੂਰਥਲਾ : ਅੱਜ ਵਿਸ਼ਵ ਜਲ ਦਿਵਸ ਦੇ ਮੌਕੇ ਆਈ. ਟੀ. ਸੀ ਟ੍ਰੇਨਿੰਗ ਸੈਂਟਰ ਕਪੂਰਥਲਾ ਵਿਖੇ ਵਿਸ਼ਵ ਜਲ ਦਿਵਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਦੇ ਇੰਚਾਰਜ ਏ. ਐਸ. ਆਈ ਸ੍ਰੀ ਗੁਰਬਚਨ ਸਿੰਘ ਨੇ ਪਾਣੀ ਦੀ ਮਹੱਤਤਾ ਬਾਰੇ ਦੱਸਦਿਆਂ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਸੰਕਟ ਆ ਰਿਹਾ ਹੈ, ਇਸ ਲਈ ਸਾਰਿਆਂ ਨੂੰ ਪਾਣੀ ਦੀ ਬਰਬਾਦੀ ਨੂੰ ਰੋਕਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮਨੁੱਖ, ਪਸ਼ੂ-ਪੰਛੀਆਂ, ਬਨਸਪਤੀ ਵਿਚ ਜੀਵਨ ਧੜਕਦਾ ਰੱਖਣ ਲਈ ਪਾਣੀ ਅਤੀ ਜ਼ਰੂਰੀ ਹੈ ਅਤੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹੀ ਸੰਦੇਸ਼ ਦਿੱਤਾ ਹੈ। ਪਰੰਤੂ ਮਨੁੱਖ ਅਣਗਹਿਲੀ ਤੇ ਖ਼ੁਦਗਰਜ਼ੀ ਕਾਰਨ ਧਰਤੀ ਹੇਠਲੇ ਡੂੰਘੇ ਪਾਣੀ ਨੂੰ ਵੀ ਬਰਬਾਦ ਅਤੇ ਪਲੀਤ ਕਰ ਰਿਹਾ ਹੈ।
ਸੰਬੰਧਿਤ ਖ਼ਬਰਾਂ
ਮੌਜੂਦਾ ਸਮੇਂ ਵਿਚ ਮਨੁੱਖ ਦੀ ਵਰਤੋਂ ਜੋਗਾ ਪੀਣ ਵਾਲਾ ਪਾਣੀ ਉਪਲਬੱਧ ਕਰਵਾਉਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਉਨਾਂ ਕਿਹਾ ਕਿ ਪਾਣੀ ਕੇਵਲ ਪੀਣ ਲਈ ਹੈ, ਨਾ ਕਿ ਬਰਬਾਦ ਕਰਨ ਲਈ। ਉਨਾਂ ਸਮੁੱਚੇ ਸਮਾਜ ਨੂੰ ਅਪੀਲ ਕੀਤੀ ਕਿ ਪਾਣੀ ਕੁਦਰਤ ਦੀ ਵਡਮੁੱਲੀ ਦਾਤ ਹੈ ਅਤੇ ਸਾਡਾ ਸਾਰਿਆਂ ਦਾ ਫ਼ਰਜ ਇਸ ਨੂੰ ਬਚਾਉਣਾ ਹੈ। ਉਨਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਹੀ ਪੀਣਯੋਗ ਹੈ, ਜਿਸ ਨੂੰ ਪਲੀਤ ਹੋਣ ਤੋਂ ਬਚਾਉਣਾ ਸਾਡਾ ਮੁਢਲਾ ਫਰਜ ਹੋਣਾ ਚਾਹੀਦਾ ਹੈ। ਉਨਾਂ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸੈਂਟਰ ਇੰਚਾਰਜ ਗੁਰਪ੍ਰੀਤ ਸਿੰਘ, ਸੁਮਨ ਮਹਿਰਾ, ਸ਼ਿਵਾ ਅਰੋੜਾ, ਰਜਨੀ ਆਨੰਦ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।






