|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਬਿੱਲ ਨਾ ਭਰਨ 'ਤੇ ਪਾਵਰਕਾਮ ਨੇ CM City ਦੇ ਦੋ ਥਾਣਿਆਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ

ਪਟਿਆਲਾ: ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪਾਵਰਕਾਮ ਨੇ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਸਾਰੇ ਮਹਿਕਮਿਆਂ ਨੂੰ ਵੀ ਆਪਣੀ 'ਪਾਵਰ' ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।

NRI Post Desk · 2260 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਿਆਲਾ: ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪਾਵਰਕਾਮ ਨੇ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਸਾਰੇ ਮਹਿਕਮਿਆਂ ਨੂੰ ਵੀ ਆਪਣੀ 'ਪਾਵਰ' ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।

ਇਸ ਦੀ ਸ਼ੁਰੂਆਤ ਪਾਵਰਕਾਮ ਵਲੋਂ ਪੁਲਿਸ ਤੋਂ ਕੀਤੀ ਗਈ ਹੈ। ਪਾਵਰਕਾਮ ਨੇ ਬਿੱਲ ਨਾ ਭਰਨ 'ਤੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਸਥਿਤ ਕੇਂਦਰੀ ਜੇਲ੍ਹ ਦੇ ਨਾਲ ਪੁਲਿਸ ਥਾਣਾ ਸਿਵਲ ਲਾਈਨ ਤੇ ਚੌਕੀ ਮਾਡਲ ਟਾਊਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਜਲਦ ਬਿੱਲ ਭਰਨ ਦਾ ਲਿਖਤੀ ਭਰੋਸਾ ਦੇਣ 'ਤੇ ਪਾਵਰਕਾਮ ਨੇ ਕੇਂਦਰੀ ਜੇਲ੍ਹ ਦੀ ਬਿਜਲੀ ਤਾਂ ਚਾਲੂ ਕਰ ਦਿੱਤੀ, ਪਰ ਥਾਣੇ ਤੇ ਚੌਕੀ ਵਿਚ ਹਨੇਰਾ ਹੀ ਰਿਹਾ ਹੈ।

ਜਾਣਕਾਰੀ ਅਨੁਸਾਰ, ਸੋਮਵਾਰ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਬਕਾਇਆ ਬਿੱਲ ਵਾਲੇ ਮਹਿਕਮਿਆਂ ਦੀਆਂ ਸੂਚੀਆਂ 'ਤੇ ਵਿਚਾਰ ਕੀਤਾ ਗਿਆ ਜਿਸ ਤੋਂ ਬਾਅਦ ਕਾਰਵਾਈ ਅਮਲ ਵਿਚ ਲਿਆਉਣ ਦਾ ਫੈਸਲਾ ਕਰਦਿਆਂ ਆਪਣੇ ਸ਼ਹਿਰ ਤੋਂ ਹੀ ਸ਼ੁਰੂਆਤ ਕੀਤੀ ਗਈ।

ਸੂਚੀ ਤਿਆਰ ਕਰਦਿਆਂ ਸਭ ਤੋਂ ਪਹਿਲਾ ਨਾਂ ਪਟਿਆਲਾ ਸਥਿਤ ਕੇਂਦਰੀ ਜੇਲ੍ਹ ਦਾ ਸਾਹਮਣੇ ਆਇਆ ਜਿਸ ਵੱਲ ਪਿਛਲੇ ਸਾਲਾਂ ਤੋਂ ਬਿੱਲ ਰਾਸ਼ੀ ਬਕਾਇਆ ਹੈ। ਪਾਵਰਕਾਮ ਦੀ ਟੀਮ ਵਲੋਂ ਦੁਪਹਿਰ ਸਮੇਂ ਕੇਂਦਰੀ ਜੇਲ੍ਹ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ। ਇਸ ਤੋਂ ਬਾਅਦ ਟੀਮ ਵਲੋਂ ਜੇਲ੍ਹ ਨੇੜੇ ਹੀ ਸਥਿਤ ਪੁਲਿਸ ਥਾਣਾ ਸਿਵਲ ਲਾਈਨ ਦਾ ਕੁਨੈਕਸ਼ਨ ਕੱਟਿਆ ਤੇ ਫਿਰ ਪੁਲਿਸ ਚੌਕੀ ਮਾਡਲ ਟਾਊਨ ਦੀ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ।

ਕੇਂਦਰੀ ਜੇਲ੍ਹ ਨੇ ਨਹੀਂ ਭਰਿਆ ਡੇਢ ਕਰੋੜ ਦਾ ਬਿੱਲ

ਸੰਬੰਧਿਤ ਖ਼ਬਰਾਂ

ਪਾਵਰਕਾਮ ਐਕਸੀਅਨ ਅਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਵੱਲ ਬਿਜਲੀ ਬਿੱਲ ਦੀ 1 ਕਰੋੜ 60 ਲੱਖ ਦੀ ਰਾਸ਼ੀ ਬਕਾਇਆ ਸੀ ਜਿਸ ਦੀ ਸਪਲਾਈ ਹਨੇਰਾ ਹੋਣ ਤੋਂ ਪਹਿਲਾਂ ਚਾਲੂ ਕਰ ਦਿੱਤੀ ਗਈ ਹੈ। ਜਦੋਂਕਿ ਥਾਣਾ ਸਿਵਲ ਲਾਈਨ ਨੇ ਬਿਜਲੀ ਬਿੱਲ ਦੀ 5 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਨਹੀਂ ਕਰਵਾਈ। ਮਾਡਲ ਟਾਊਨ ਪੁਲਿਸ ਚੌਂਕੀ ਵੱਲ 1 ਲੱਖ 50 ਹਜ਼ਾਰ ਬਿਜਲੀ ਬਿੱਲ ਦੀ ਰਾਸ਼ੀ ਬਕਾਇਆ ਹੈ। ਫਿਲਹਾਲ ਇਨ੍ਹਾਂ ਦੋਵਾਂ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਹੋਏ ਹਨ।

ਜੇਲ੍ਹ ਸੁਪਰਡੈਂਟ ਨੇ ਪਾਵਰਕਾਮ ਨੂੰ ਦਿੱਤੀ ਲਿਖਤੀ ਦਰਖ਼ਾਸਤ

ਕਾਫੀ ਸਮਾਂ ਬਿਜਲੀ ਸਪਲਾਈ ਸ਼ੁਰੂ ਨਾ ਹੋਣ 'ਤੇ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਜੇਲ੍ਹ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਜੇਲ੍ਹ ਸੁਪਰਡੈਂਟ ਭੁਪਿੰਦਰ ਸਿੰਘ ਵਿਰਕ ਵਲੋਂ ਖ਼ੁਦ ਪਾਵਰਕਾਮ ਦੇ ਦਫਤਰ ਪੁੱਜ ਕੇ ਅਧਿਕਾਰੀਆਂ ਕੋਲ ਲਿਖਤੀ ਦਰਖ਼ਾਸਤ ਦਿੱਤੀ ਗਈ ਜਿਸ ਵਿਚ ਉਨ੍ਹਾਂ ਜੇਲ੍ਹ ਸੰਵੇਦਨਸ਼ੀਲ ਹੋਣ ਦਾ ਵਾਸਤਾ ਦਿੰਦਿਆਂ ਜਲਦ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਤੇ ਬਿੱਲ ਦੀ ਬਕਾਇਆ ਰਾਸ਼ੀ ਜਲਦ ਤੋਂ ਜਲਦ ਭਰਵਾਉਣ ਦਾ ਭਰੋਸਾ ਵੀ ਦਿੱਤਾ।

ਇਨ੍ਹਾਂ ਵਿਭਾਗਾਂ ਦੇ 1921 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ

ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲ 1107.33 ਕਰੋੜ ਰੁਪਏ ਦੇ ਬਿਜਲੀ ਬਿੱਲ ਪੈਂਡਿੰਗ ਹਨ, ਸਥਾਨਕ ਸਰਕਾਰਾਂ ਵਿਭਾਗ ਵੱਲ 359.80 ਕਰੋੜ, ਸਿੰਚਾਈ ਵਿਭਾਗ ਵੱਲ 167.40 ਕਰੋੜ, ਪਬਲਿਕ ਵਰਕਸ ਵੱਲ 71.51 ਕਰੋੜ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲ 69.85 ਕਰੋੜ, ਉਦਯੋਗ ਤੇ ਵਣਜ ਵਿਭਾਗ ਦੇ 58.99 ਕਰੋੜ, ਗ੍ਰਹਿ ਵਿਭਾਗ ਤੇ ਜੇਲ੍ਹਾਂ ਵੱਲ 22.47 ਕਰੋੜ, ਮੁੜ ਵਸੇਬਾ ਅਤੇ ਕੁਦਰਤੀ ਆਪਦਾ ਪ੍ਰਬੰਧਨ ਵਿਭਾਗ ਵੱਲ 11.33 ਕਰੋੜ ਰੁਪਏ, ਸਕੂਲ ਸਿੱਖਿਆ ਵੱਲ 8.53 ਕਰੋੜ, ਜਨਰਲ ਪ੍ਰਸ਼ਾਸਨ ਵੱਲ 8.36 ਕਰੋੜ, ਕਾਨੂੰਨੀ ਅਤੇ ਵਿਧਾਨਕ ਮਾਮਲੇ ਵਿਭਾਗ ਵੱਲ 6.49 ਕਰੋੜ, ਪ੍ਰਸ਼ਾਸਕੀ ਸੁਧਾਰ ਵਿਭਾਗ 3.97 ਕਰੋੜ, ਸਹਿਕਾਰਤਾ 2.38 ਕਰੋੜ, ਅਮਲਾ ਵਿਭਾਗ 1.97 ਕਰੋੜ, ਜੰਗਲਾਤ ਵਿਭਾਗ 1.22 ਕਰੋੜ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ 1.11 ਕਰੋੜ, ਖੇਤੀਬਾੜੀ 1.04 ਕਰੋੜ, ਸੂਚਨਾ ਤੇ ਲੋਕ ਸੰਪਰਕ ਵਿਭਾਗ 91 ਲੱਖ, ਸੂਚਨਾ ਤਕਨਾਲੋਜੀ, 90 ਲੱਖ, ਟਰਾਂਸਪੋਰਟ 90 ਲੱਖ ਰੁਪਏ, ਵਿਜੀਲੈਂਸ 88 ਲੱਖ, ਮੈਡੀਕਲ ਸਿੱਖਿਆ ਤੇ ਖੋਜ 81 ਲੱਖ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲ ਬਕਾਇਆ 60 ਲੱਖ ਰੁਪਏ ਦੀ ਰਾਸ਼ੀ ਸਮੇਤ ਕੁੱਲ ਬਕਾਇਆ ਰਾਸ਼ੀ 1977.74 ਕਰੋੜ ਰੁਪਏ ਸੀ, ਜਿਸ ਵਿਚੋਂ ਪੰਜਾਬ ਸਰਕਾਰ ਨੇ ਨਵੰਬਰ ਮਹੀਨੇ ਵਿਚ 56.49 ਕਰੋੜ ਦੀ ਐਡਜਸਮੈਂਟ ਕੀਤੀ ਹੈ ਜਦਕਿ 1921.25 ਕਰੋੜ ਰੁਪਏ ਹਾਲੇ ਵੀ ਬਿਜਲੀ ਬਿੱਲਾਂ ਦੇ ਵੱਖ-ਵੱਖ ਵਿਭਾਗਾਂ ਵੱਲ ਬਕਾਇਆ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!