ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਦੇ ਸਾਬਕਾ ਨਿਰਦੇਸ਼ਕ ਬਾਗਬਾਨੀ ਅਤੇ ਪੀਏਯੂ ਦੇ ਬਾਗਬਾਨੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ ਡਾ. ਗੁਰਦੇਵ ਸਿੰਘ ਨਿੱਝਰ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ । ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਉਹਨਾਂ ਦੀ ਖੋਜ ਅਤੇ ਅਧਿਆਪਨ ਦੇ ਖੇਤਰ ਵਿੱਚ ਦੇਣ ਨੂੰ ਯਾਦ ਕਰਦਿਆਂ ਉਹਨਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਡਾ. ਨਿੱਝਰ ਦੇ ਕਈ ਵਿਦਿਆਰਥੀ ਸਿਖਰਲੇ ਅਹੁਦਿਆਂ ਤੱਕ ਪਹੁੰਚੇ ਅਤੇ ਉਹਨਾਂ ਵਿੱਚੋਂ ਕੁਝ ਤਾਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਹਨ । ਖੇਤਰੀ ਫਲ ਖੋਜ ਕੇਂਦਰ ਦੀ ਸਥਾਪਨਾ, ਉਸਦੀ ਮਜ਼ਬੂਤੀ ਅਤੇ ਕਈ ਬਾਗਬਾਨੀ ਫ਼ਸਲਾਂ ਦੀ ਖੋਜ ਡਾ. ਗੁਰਦੇਵ ਸਿੰਘ ਨਿੱਝਰ ਦਾ ਸੁਪਨਾ ਸੀ । ਇੱਕ ਵਿਗਿਆਨੀ ਦੇ ਤੌਰ ਤੇ ਉਹਨਾਂ ਨੇ ਫ਼ਲਾਂ ਦੀ ਪੌਸ਼ਟਿਕਤਾ ਅਤੇ ਸਿੰਚਾਈ ਪ੍ਰਬੰਧ ਬਾਰੇ ਬਹੁਤ ਅਹਿਮ ਕਾਰਜ ਕੀਤਾ । ਵਿਸ਼ੇਸ਼ ਤੌਰ ਤੇ ਆੜੂ ਦੇ ਵਿਕਾਸ ਸੰਬੰਧੀ ਕਈ ਕਿਸਮਾਂ ਜਿਵੇਂ ਸ਼ਾਨੇ ਪੰਜਾਬ, ਸਨਰੈਡ ਦੀ ਖੇਤੀ ਪੰਜਾਬ ਅਤੇ ਉਤਰ ਭਾਰਤ ਦੇ ਗਰਮ ਇਲਾਕਿਆਂ ਵਿੱਚ ਕਰਾਉਣ ਸੰਬੰਧੀ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ । ਨਿਰਦੇਸ਼ਕ ਬਾਗਬਾਨੀ ਪੰਜਾਬ ਰਹਿੰਦਿਆਂ ਉਹਨਾਂ ਨੇ ਪਸਾਰ ਸੰਬੰਧੀ ਵਿਸ਼ੇਸ਼ ਰੁਚੀ ਦਿਖਾਈ । ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਰਾਜ ਬਾਗਬਾਨੀ ਸੁਸਾਇਟੀ ਦੇ ਉਹ ਮੋਢੀ ਪ੍ਰਧਾਨ ਸਨ ।
ਸੰਬੰਧਿਤ ਖ਼ਬਰਾਂ
ਬਾਗਬਾਨੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਡਾ. ਨਿੱਝਰ ਦੀ ਮੌਤ ਬਾਰੇ ਸ਼ੋਕ ਪ੍ਰਗਟ ਕਰਦਿਆਂ ਉਹਨਾਂ ਦੀ ਖੋਜ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਯਾਦ ਕੀਤਾ । 15 ਦਸੰਬਰ 1928 ਨੂੰ ਪਾਕਿਸਤਾਨ ਦੇ ਮਿੰਟਗੁਮਰੀ ਵਿੱਚ ਜਨਮੇ ਡਾ. ਨਿੱਝਰ ਨੇ ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਤੋਂ 1959 ਵਿੱਚ ਪੀਐਚਡੀ ਹਾਸਲ ਕੀਤੀ । ਰਾਜ ਖੇਤੀਬਾੜੀ ਵਿਭਾਗ ਵਿੱਚ ਉਹ 1951-55 ਤੱਕ ਖੇਤੀ ਇੰਸਪੈਕਟਰ ਅਤੇ ਆਈ ਏ ਆਰ ਆਈ ਨਵੀਂ ਦਿੱਲੀ ਵਿੱਚ 1960-61 ਤੱਕ ਸੀਨੀਅਰ ਖੋਜ ਸਹਿਯੋਗੀ ਰਹੇ । 1963 ਵਿੱਚ ਡਾ. ਨਿੱਝਰ ਸਹਿਯੋਗੀ ਪ੍ਰੋਫੈਸਰ ਵਜੋਂ ਪੀਏਯੂ ਦਾ ਹਿੱਸਾ ਬਣੇ ਅਤੇ 1974 ਵਿੱਚ ਬਾਗਬਾਨੀ ਵਿਭਾਗ ਦੇ ਮੁਖੀ ਬਣੇ । 1982-86 ਤੱਕ ਉਹਨਾਂ ਨੇ ਨਿਰਦੇਸ਼ਕ ਬਾਗਬਾਨੀ ਪੰਜਾਬ ਦਾ ਕਾਰਜਭਾਰ ਸੰਭਾਲਿਆ । ਪੀਏਯੂ ਦੇ ਅਧਿਕਾਰੀਆਂ ਅਤੇ ਅਧਿਆਪਨੀ/ਗੈਰ ਅਧਿਆਪਨੀ ਅਮਲੇ ਨੇ ਉਹਨਾਂ ਦੀ ਮੌਤ ਤੇ ਆਪਣੇ ਸ਼ੋਕ ਦੇ ਭਾਵਾਂ ਦਾ ਪ੍ਰਗਟਾਵਾ ਕੀਤਾ । ਪੀਏਯੂ ਵਿਖੇ ਇਸ ਬਾਰੇ ਇੱਕ ਸ਼ੋਕ ਸਭਾ ਹੋਈ ਜਿਸ ਵਿੱਚ ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਡੀਨ ਕਾਲਜ ਆਫ਼ ਐਗਰੀਕਲਚਰ ਡਾ. ਐਸ ਐਸ ਕੁੱਕਲ, ਐਡੀਸ਼ਨਲ ਡਾਇਰੈਕਟਰ ਖੋਜ, ਐਡੀਸ਼ਨਲ ਡਾਇਰੈਕਟਰ ਪਸਾਰ ਸਿੱਖਿਆ, ਵਿਭਾਗਾਂ ਦੇ ਮੁਖੀ ਅਤੇ ਹੋਰ ਫੈਕਲਟੀ ਮੈਂਬਰ ਸ਼ਾਮਿਲ ਹੋਏ । ਖੇਤੀ ਕਾਲਜ ਦੇ ਡੀਨ ਡਾ. ਐਸ ਐਸ ਕੁੱਕਲ ਨੇ ਸ਼ੋਕ ਮਤਾ ਪੜਿ•ਆ ਅਤੇ ਮਗਰੋਂ ਸ਼ੋਕ ਵਜੋਂ ਪੀਏਯੂ ਵਿੱਚ ਛੁੱਟੀ ਰਹੀ |






