ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਵਾਰੀ ਵਿਸਾਖੀ ਤੇ ਹੋਲੇ-ਮਹੱਲੇ ਵਾਂਗ ਰੌਣਕਾਂ ਲੱਗੀਆਂ। ਲੱਖਾਂ ਦੀ ਗਿਣਤੀ 'ਚ ਸੰਗਤ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਗੁਰਧਾਮਾਂ ਦੇ ਦੀਦਾਰ ਕੀਤੇ। ਪਿਛਲੇ ਦੋ ਦਿਨਾਂ ਤੋਂ ਸੰਗਤ ਲਗਾਤਾਰ ਅਨੰਦਪੁਰੀ ਵੱਲ ਵਹੀਰਾਂ ਘੱਤ ਕੇ ਪੁੱਜ ਰਹੀ ਹੈ ਪਰ ਅੱਜ ਸੰਗਤ ਦਾ ਠਾਠਾਂ ਮਾਰਦਾ ਸਮੁੰਦਰ ਗੁਰੂ ਸਾਹਿਬ ਦੇ ਸਮੇਂ ਦੀ ਵਿਸਾਖੀ ਦੀ ਯਾਦ ਤਾਜ਼ਾ ਕਰਵਾ ਗਿਆ। ਸੰਗਤ ਅੰਮ੍ਰਿਤ ਵੇਲੇ ਤੋਂ ਹੀ ਕਤਾਰਾਂ 'ਚ ਖੜ੍ਹ ਕੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਅਤੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਮੱਥਾ ਟੇਕਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਦਿਨ ਚੜ੍ਹਦਿਆਂ ਹੀ ਸੰਗਤ ਦੀ ਅਥਾਹ ਭੀੜ ਦੇਖਣ ਨੂੰ ਮਿਲੀ। ਹਰ ਪਾਸੇ ਖਾਲਸਾਈ ਜਾਹੋ-ਜਲਾਲ ਦੇ ਦੀਦਾਰ ਹੋ ਰਹੇ ਸਨ। ਕੇਸਰੀ ਤੇ ਨੀਲੀਆਂ ਦਸਤਾਰਾਂ ਤੇ ਦੁਪੱਟਿਆਂ ਦਾ ਹੜ੍ਹ ਆਇਆ ਪ੍ਰਤੀਤ ਹੋ ਰਿਹਾ ਸੀ। ਵੱਡੀ ਗਿਣਤੀ 'ਚ ਬੀਬੀਆਂ, ਬੱਚੇ ਤੇ ਬਜ਼ੁਰਗ ਵੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹੋਏ ਹਨ।ਇਸ ਮੌਕੇ ਸੰਗਤ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਕਿਹਾ ਕਿ 1699 ਨੂੰ ਦਸਮ ਪਾਤਸ਼ਾਹ ਵਲੋਂ ਅਨੰਦਪੁਰੀ ਦੀ ਪਾਵਨ ਧਰਤੀ 'ਤੇ ਕੌਤਕ ਸਾਜ ਕੇ ਖਾਲਸੇ ਦੀ ਸਿਰਜਣਾ ਕੀਤੀ ਗਈ ਸੀ।
ਪੰਜ ਸਿਰ ਮੰਗ ਕੇ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਖ਼ਿਤਾਬ ਦਿੱਤਾ ਗਿਆ ਤੇ ਆਪ ਉਨ੍ਹਾਂ ਕੋਲੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ 'ਆਪੇ ਗੁਰ ਚੇਲਾ' ਦਾ ਮਾਰਗ ਤਿਆਰ ਕੀਤਾ। ਜਥੇਦਾਰ ਨੇ ਸਿੱਖੀ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਸਿੱਖੀ ਦੇ ਸਿਧਾਤਾਂ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ. ਸੁਰਿੰਦਰ ਸਿੰਘ, ਦਲਜੀਤ ਸਿੰਘ ਭਿੰਡਰ ਨੇ ਨੌਜਵਾਨਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਇਸੇ ਹੀ ਧਰਤੀ 'ਤੇ ਜਦੋਂ ਗੁਰੂ ਸਾਹਿਬ ਨੇ ਸਿਰਾਂ ਦੀ ਮੰਗ ਕੀਤੀ ਹੋਵੇਗੀ ਤਾਂ ਉਨ੍ਹਾਂ ਵਿਚ ਸਾਡੇ ਦਾਦੇ-ਪੜਦਾਦੇ ਵੀ ਬੈਠੇ ਹੋਣਗੇ ਪਰ ਅੱਜ ਅਸੀਂ ਗੁਰੂ ਦੀ ਗੋਦ ਦੀ ਜਗ੍ਹਾ ਨਾਈਆਂ, ਸ਼ਰਾਬ ਦੇ ਠੇਕਿਆਂ 'ਤੇ ਜਾ ਕੇ ਆਪਣੀ ਸਿੱਖੀ ਦੇ ਆਪ ਕਾਤਲ ਬਣ ਰਹੇ ਹਾਂ।
ਸੰਬੰਧਿਤ ਖ਼ਬਰਾਂ
ਉਨ੍ਹਾਂ ਕਿਹਾ ਕਿ ਜਦੋਂ ਸਿੱਖ ਨੌਜਵਾਨ ਜਾਗ ਪੈਣਗੇ ਤਾਂ ਕੌਮੀ ਤੌਰ 'ਤੇ ਚੜ੍ਹਦੀ ਕਲਾ ਹੋ ਜਾਵੇਗੀ।ਵਿਸਾਖੀ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅੰਦਰ ਬੀਬੀਆਂ ਨੂੰ ਮੱਥਾ ਨਾ ਟੇਕਣ ਦੇਣ ਦੀ ਗੱਲ ਸਾਹਮਣੇ ਆਈ ਹੈ। ਜੋ ਸੰਗਤ ਮੱਥਾ ਟੇਕਣ ਆ ਰਹੀ ਸੀ ਉਨ੍ਹਾਂ ਚੋਂ ਬੀਬੀਆਂ ਨੂੰ ਓਧਰੋਂ ਭੇਜਿਆ ਜਾ ਰਿਹਾ ਸੀ ਜਿੱਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ।ਜਦੋਂ ਇਸ ਬਾਰੇ ਬੀਬੀਆਂ ਨੇ ਇਤਰਾਜ਼ ਕੀਤਾ ਤਾਂ ਸੇਵਾਦਾਰਾਂ ਨੇ ਕਿਹਾ ਕਿ ਸਾਨੂੰ ਉੱਪਰੋਂ ਹੁਕਮ ਹੈ ਤੇ ਤੁਹਾਨੂੰ ਇਸੇ ਰਸਤੇ ਜਾਣਾ ਪਵੇਗਾ। ਇਸ ਬਾਰੇ ਰੋਸ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਆਈ ਸੀ ਤਾਂ ਉਨ੍ਹਾਂ ਜਾ ਕੇ ਦੇਖਿਆ ਤਾਂ ਬੀਬੀਆਂ ਨੂੰ ਮੱਥਾ ਟੇਕਣ ਲਈ ਮੁੱਖ ਮਾਰਗ ਤੋਂ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਇਸ ਬਾਰੇ ਮੈਨੇਜਮੈਂਟ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਫੋਨ ਬੰਦ ਸਨ, ਜਦਕਿ ਹੈੱਡ ਗ੍ਰੰਥੀ ਗਿ. ਫੂਲਾ ਸਿੰਘ ਨੇ ਬਹਾਨਾ ਲਗਾਉਂਦਿਆਂ ਕਿਹਾ ਕਿ ਇਕ ਬੀਬੀ ਦੀ ਚੈਨੀ ਲਾਹੀ ਗਈ ਸੀ ਤਾਂ ਕਰਕੇ ਅਜਿਹਾ ਕੀਤਾ ਗਿਆ।
ਵਿਸਾਖੀ ਮੌਕੇ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਮੈਨੇਜਮੈਂਟ ਦੇ ਸਾਰੇ ਅਧਿਕਾਰੀਆਂ ਦੇ ਮੋਬਾਈਲ ਬੰਦ ਰਹੇ। ਇਥੋਂ ਤਕ ਕਿ ਜਦੋਂ ਪੱਤਰਕਾਰਾਂ ਵਲੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰਿਆਂ ਦੇ ਮੋਬਾਈਲ ਬੰਦ ਮਿਲੇ। ਸੰਗਤ ਵਿਚ ਇਹ ਚਰਚਾ ਚਲਦੀ ਰਹੀ ਕਿ ਵਿਸਾਖੀ ਮੌਕੇ ਕਿਸੇ ਵੀ ਤਰ੍ਹਾਂ ਦੀ ਲੋੜ ਲਈ ਜੇਕਰ ਅਧਿਕਾਰੀਆਂ ਨਾਲ ਗੱਲ ਹੀ ਨਹੀਂ ਹੋ ਸਕਦੀ ਤਾਂ ਇਹ ਸਪੱਸ਼ਟ ਹੈ ਕਿ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹਨ।ਵਿਸਾਖੀ ਮੌਕੇ ਥਾਂ-ਥਾਂ ਲੱਗੇ ਜਾਮ ਕਾਰਨ ਸੰਗਤ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁੱਖ ਸੜਕ, ਅਗੰਮਪੁਰ ਚੌਕ ਤੋਂ ਲੈ ਕੇ ਸ਼ਹਿਰ ਵਿਚਲੀਆਂ ਗਲੀਆਂ ਵਿਚ ਵੀ ਜਾਮ ਵਾਲੀ ਸਥਿਤੀ ਬਣੀ ਰਹੀ। ਟਰੱਕ, ਟਰਾਲੀਆਂ ਸ਼ਹਿਰ ਅੰਦਰ ਦਾਖਲ ਹੋਣ ਕਾਰਨ ਕਈ ਜਗ੍ਹਾ ਪੈਦਲ ਨਿਕਲਣਾ ਵੀ ਮੁਸ਼ਕਿਲ ਹੋਇਆ।






